For the best experience, open
https://m.punjabitribuneonline.com
on your mobile browser.
Advertisement

ਵਕਤ

12:08 PM May 26, 2024 IST
ਵਕਤ
Advertisement

ਦਰਸ਼ਨ ਸਿੰਘ

ਪਤਾ ਨਹੀਂ ਹੁੰਦਾ ਜ਼ਿੰਦਗੀ ਕਿੱਥੇ ਤੇ ਕਦੋਂ ਕੋਈ ਤਿੱਖਾ ਮੋੜ ਕੱਟ ਲਵੇ। ਦੁੱਖਾਂ-ਮੁਸੀਬਤਾਂ ਨਾਲ ਜੂਝਣਾ ਪਵੇ। ਪੈਰ ਪੈਰ ’ਤੇ ਵਲਗਣਾਂ ਹੋਣ। ਵਿੰਹਦੇ ਵਿੰਹਦੇ ਹੀ ਸੋਚਾਂ ਤੇ ਸੁਪਨਿਆਂ ’ਤੇ ਪਾਣੀ ਫਿਰ ਜਾਵੇ। ਨੱਚਣ, ਟੱਪਣ ਤੇ ਕੁੱਦਣ ਦੇ ਚਾਅ ਬੀਤੇ ਕੱਲ੍ਹ ਦੀਆਂ ਗੱਲਾਂ ਹੋ ਜਾਣ। ਬੇਖ਼ਬਰੇ ਹੀ ਇਉਂ ਸਭ ਅਚਨਚੇਤੀ ਹੋ ਜਾਂਦਾ ਹੈ...।
‘‘ਚਲੋ, ਦੋਵੇਂ ਰੋਟੀ ਬਣਾਈਏ...’’ ਢਿੱਲੀ-ਮੱਠੀ ਰਹਿੰਦੀ ਮੇਰੀ ਪਤਨੀ ਨੇ ਇੱਕ ਦਿਨ ਕਿਹਾ। ‘‘ਕੀ ਗੱਲ?’’ ਮੈਂ ਪੁੱਛਿਆ। ‘‘ਸਿੱਖ ਲੈਣਾ ਚਾਹੀਦੈ। ਸਮੇਂ ਸਮੇਂ ਦੇ ਰੰਗ ਨੇ, ਕੀ ਪਤਾ ਕਿਹੜੇ ਵੇਲੇ ਬੇਰੰਗ ਹੋ ਜਾਣ।’’ ਅਕਸਰ ਮੇਰਾ ਹੱਥ ਫੜ ਕੇ ਉਹ ਮੈਨੂੰ ਰਸੋਈ ’ਚ ਲੈ ਜਾਂਦੀ। ਆਟਾ ਗੁੰਨ੍ਹਣ ਤੋਂ ਰੋਟੀ ਪਕਾਉਣ ਤੱਕ ਦੀ ਹਰ ਕਿਰਿਆ ਮੈਨੂੰ ਸਮਝਾਉਂਦੀ। ਅੱਧਸੜੀ ਤੇ ਅੱਧਕੱਚੀ ਰੋਟੀ ਬਣਾਉਣ ’ਚ ਇਕ ਦਿਨ ਮੈਂ ਸਫ਼ਲ ਹੋ ਗਿਆ। ਅੱਧੀ ਉਸ ਨੇ ਖਾਧੀ, ਅੱਧੀ ਮੈਂ। ਉਸ ਦੀ ਅੱਖ ਦਾ ਹੰਝੂ ਮੇਰੀ ਸਮਝ ਤੋਂ ਬਾਹਰ ਸੀ ਪਰ ਉਹ ਪਲ ਬੜੇ ਮੋਹ ਵਾਲਾ ਸੀ।
ਕਦੇ ਕਦਾਈਂ ਜਦ ਦੋ-ਤਿੰਨ ਦਿਨ ਲਈ ਉਸ ਨੂੰ ਕਿਤੇ ਰਿਸ਼ਤੇਦਾਰੀ ’ਚ ਜਾਣਾ ਪੈਂਦਾ, ਆਖਦੀ, ‘‘ਚੌਲ ਪਏ ਨੇ। ਆਟਾ ਵੀ। ਦੁੱਧ ਲੈ ਆਇਉ। ਕੱਲ੍ਹ ਪਰਸੋਂ ਨੂੰ ਮੈਂ ਮੁੜ ਈ ਆਉਣਾ...।’’ ਦੂਰ ਦੀ ਸੋਚ ਰੱਖਣ ਵਾਲੀ ਸ਼ਾਇਦ ਨਹੀਂ ਸੀ ਚਾਹੁੰਦੀ ਕਿ ਮੈਂ ਕਿਸੇ ਦੇ ਹੱਥਾਂ ਦਾ ਮੁਥਾਜ ਹੋਵਾਂ। ਉਡੀਕਦਾ ਰਹਾਂ ਕਿ ਕਦੋਂ ਰੋਟੀ ਆਵੇ ਤੇ ਖਾਵਾਂ। ‘‘ਪੱਕੀਆਂ ਪਕਾਈਆਂ ਸਾਰੀ ਉਮਰ ਨੀਂ ਮਿਲਦੀਆਂ... ਨਾ ਹੀ ਕਿਸੇ ’ਤੇ ਬਹੁਤੀਆਂ ਆਸਾਂ ਧਰੀਦੀਆਂ...। ਢੰਗ ਤਰੀਕਾ ਪਤਾ ਜ਼ਰੂਰ ਹੋਵੇ ਕਿ ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ।’’ ਉਸ ਦਾ ਇਹ ਅਹਿਸਾਸ ਮੈਨੂੰ ਟੁੰਬਦਾ ਸੀ ਪਰ ਸੋਚਦਾ ਜ਼ਰੂਰ ਕਿ ਕੀ ਉਸ ਦੀ ਸੋਚ ਵਿਚ ਆਪਣੇ ਰੋਗ ਨੂੰ ਲੈ ਕੇ ਮੇਰੇ ਭਵਿੱਖ ਪ੍ਰਤੀ ਕੋਈ ਚਿੰਤਾ ਸੀ? ਉਸ ਦੀਆਂ ਗੱਲਾਂ ਵਿੱਚ ਪਸਰਿਆ ਹੋਇਆ ਡਰ ਉਸ ਦੇ ਅੰਦਰ ਦੇ ਡਰ ਦਾ ਹੀ ਪ੍ਰਛਾਵਾਂ ਜਾਪਦਾ ਸੀ। ਮਨ ਦੀ ਕਿਸੇ ਝਿਜਕ ਕਾਰਨ ਨਾ ਕਦੇ ਇਸ ਬਾਰੇ ਮੈਂ ਪੁੱਛਿਆ ਤੇ ਨਾ ਹੀ ਕਦੇ ਉਸ ਨੇ ਖੁੱਲ੍ਹ ਕੇ ਗੱਲ ਕੀਤੀ। ਮੈਨੂੰ ਧੀਰਜ ਰੱਖਣਾ ਹੀ ਪੈਣਾ ਸੀ।
ਰਾਹ ਜਾਂਦੇ ਕਿਸੇ ਦੀ ਅਚੇਤ ਕਹੀ ਗੱਲ ਵੀ ਜ਼ਿੰਦਗੀ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ। ਆਪਣਿਆਂ ਦੀਆਂ ਗੱਲਾਂ ਤਾਂ ਹੋਰ ਵੀ ਡੂੰਘੀਆਂ ਹੁੰਦੀਆਂ ਹਨ। ਬੜੀ ਗਹਿਰੀ ਗੱਲ ਮੈਂ ਉਸ ਤੋਂ ਸੁਣੀ ਸੀ ਕਿ ਸਫ਼ਲਤਾ ਮਿਲਦੀ ਨਹੀਂ, ਹਾਸਲ ਕਰਨੀ ਪੈਂਦੀ ਹੈ। ਰਸੋਈ ਦਾ ਕਾਫ਼ੀ ਤਜਰਬਾ ਮੈਨੂੰ ਹੋ ਗਿਆ ਸੀ। ਲੂਣ, ਮਿਰਚ, ਮਸਾਲੇ ਸਭ ਪਤਾ ਸਨ।
...ਤੇ ਫਿਰ
ਮੇਰੇ ਚਾਨਣ ’ਚ ਅਚਾਨਕ ਹਨੇਰਾ ਘੁਲ ਗਿਆ। ਲੰਮਾ ਆਖ਼ਰੀ ਸਾਹ ਭਰਦੇ ਉਸ ਨੇ ਸਦੀਵੀ ਅੱਖਾਂ ਮੀਚ ਲਈਆਂ। ...ਚਾਅ ਨਾਲ ਰੰਗਾਈਆਂ ਉਸ ਦੀਆਂ ਚੁੰਨੀਆਂ ਨੂੰ ਦੇਖਦਾ ਤਾਂ ਸੋਚਦਾ ਕਿ ਵਕਤ ਦਾ ਇਕ ਰੰਗ-ਰੂਪ ਇਹ ਵੀ ਹੁੰਦਾ ਹੈ। ਕੰਧ ’ਤੇ ਟੰਗੇ ਬੇਜਾਨ ਸ਼ੀਸ਼ੇ ਦਾ ਵੀ ਕੰਧ ਨਾਲ ਕੋਈ ਰਿਸ਼ਤਾ ਹੁੰਦਾ ਹੈ। ਅਸੀਂ ਤਾਂ ਫਿਰ ਵੀ ਜੀਂਦੇ ਜਾਗਦੇ ਸਾਂ। ਪੌਣੇ ਉਨਤਾਲੀ ਵਰ੍ਹੇ ਤੋਂ ਸਾਡੇ ਸਾਂਝੇ ਹਾਸੇ ਰੋਣੇ ਸਨ।
‘‘ਦਾਦੂ, ਭੁੱਖ ਲੱਗੀ ਐ,’’ ਸੱਤ ਕੁ ਸਾਲ ਦੇ ਮੇਰੇ ਪੋਤੇ ਨੇ ਇਕ ਰਾਤ ਦਸ ਕੁ ਵਜੇ ਮੈਨੂੰ ਕਿਹਾ। ਨੂੰਹ-ਪੁੱਤ ਉਸ ਨੂੰ ਦਿਨ ਭਰ ਲਈ ਮੇਰੇ ਕੋਲ ਛੱਡ ਗਏ ਸਨ। ਸੋਚਿਆ, ਖਾਣ ਲਈ ਕੀ ਦਿਆਂ? ਮੇਰੇ ਕੋਲ ਉਸ ਵੇਲੇ ਸੇਬ ਕੇਲੇ ਹੀ ਸਨ ਜੋ ਖਾਣ ਲਈ ਉਹ ਰਾਜ਼ੀ ਨਹੀਂ ਸੀ। ‘‘ਤੁਹਾਨੂੰ ਰੋਟੀ ਬਣਾਉਣੀ ਨਹੀਂ ਆਉਂਦੀ, ਦਾਦੂ?’’ ਉਸ ਨੇ ਪੁੱਛਿਆ। ‘‘ਤੂੰ ਬੈਠ। ਮੈਂ ਹੁਣੇ ਪਕਾ ਕੇ ਲਿਆਉਂਦਾ ਹਾਂ। ਤੇਰੀ ਦਾਦੀ ਮੈਨੂੰ ਸਿਖਾ ਗਈ ਸੀ।’’ ਵਕਤ ਨੇ ਨਵੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਹੁਣ ਲੱਦ ਦਿੱਤੀਆਂ ਸਨ। ਸੋਚਾਂ ਭਰੇ ਮਨ ਨਾਲ ਮੈਂ ਪੈਰਾਂ ਨੂੰ ਰਸੋਈ ਵੱਲ ਵਧਾਇਆ। ਆਟਾ ਗੁੰਨ੍ਹਿਆ। ਰੋਟੀ ਪਕਾ ਕੇ ਥੋੜ੍ਹੇ ਜਿਹੇ ਆਚਾਰ ਨਾਲ ਪਲੇਟ ਉਸ ਅੱਗੇ ਰੱਖ ਦਿੱਤੀ। ‘‘ਚੰਗੀ ਲੱਗੀ?’’ ‘‘ਬੜੀ ਵਧੀਆ, ਦਾਦੂ।’’ ਉਸ ਦੇ ਨਿੱਕੇ ਜਿਹੇ ਜਵਾਬ ਨੇ ਮੈਨੂੰ ਬਹੁਤ ਵੱਡੀ ਤਸੱਲੀ ਨਾਲ ਭਰ ਦਿੱਤਾ। ਰੱਜ-ਪੁੱਜ ਕੇ ਉਹ ਗੂੜ੍ਹੀ ਨੀਂਦ ਸੌਂ ਗਿਆ। ਮੈਨੂੰ ਜਾਪਿਆ ਕਿ ਮਨ ਦੇ ਵਿਸ਼ੇਸ਼ ਅਹਿਸਾਸ ਜ਼ਿੰਦਗੀ ਨੂੰ ਸਲੀਕੇ ਨਾਲ ਅੱਗੇ ਤੋਰ ਸਕਦੇ ਹਨ। ਸੌਣ ਤੱਕ ਸੋਚਾਂ ਆਉਂਦੀਆਂ ਰਹੀਆਂ ਕਿ ਪਰਿਵਾਰ ਨੂੰ ਪਾਲਣ, ਸੰਵਾਰਨ ਤੇ ਮੋਹ-ਮੁਹੱਬਤਾਂ ਨਿਖਾਰਨ ਵਿਚ ਸੰਵੇਦਨਸ਼ੀਲ ਔਰਤ ਦੀ ਕਿੰਨਾ ਵੱਡੀ ਪ੍ਰੇਰਨਾ ਤੇ ਸਹਿਯੋਗ ਹੁੰਦਾ ਹੈ।
‘ਜਵਾਨੀ ਨੂੰ ਬਚਪਨ ਨਹੀਂ ਲੱਭਦਾ, ਬੁਢਾਪੇ ਨੂੰ ਜਵਾਨੀ ਤੇ ਮੌਤ ਨੂੰ ਸਾਹ...।’ ਮਨ ’ਚ ਕੁਝ ਵਲਵਲੇ ਬਚੇ ਸਨ ਤੇ ਦਿਮਾਗ਼ੀ ਪਰਤਾਂ ’ਚ ਕੁਝ ਯਾਦਾਂ। ‘‘ਲੋੜ ਪਈ ਤਾਂ ਬੱਚਿਆਂ ਕੋਲ ਵੀ ਚਲੇ ਜਾਵਾਂਗੇ... ਬਦਲਦੇ ਵਕਤ ਦੇ ਹਾਲਾਤ ਅਨੁਸਾਰ ਕੁਝ ਸੋਚਾਂ ਬਦਲਾਂਗੇ, ਕੁਝ ਸੁਭਾਅ ਤੇ ਕੁਝ ਆਦਤਾਂ ਵੀ। ਇਕ ਉਮਰ ਨੂੰ ਛੂੰਹਦਿਆਂ ਮਨਮਰਜ਼ੀਆਂ ਨੂੰ ਮਾਰਨਾ ਤੇ ਦੱਬਣਾ ਪੈਣਾ ਵੀ ਹੈ।’’ ਕਵਿਤਾ ਜਿਹੇ ਉਸ ਦੇ ਬੋਲੇ ਬੋਲ ਉੱਠਦਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ ਜਿਵੇਂ ਹੁਣ ਵੀ ਮੇਰੇ ਨਾਲ ਨਾਲ ਚੱਲ ਰਹੇ ਸਨ। ਜੀਵ ਵਿਕਾਸ ਦੇ ਪੜ੍ਹੇ ਵਿਗਿਆਨਕ ਸਿਧਾਂਤ ਅਨੁਸਾਰ ਹਰ ਜੀਵ ਲਈ ਆਪਣੀ ਹੋਂਦ ਨੂੰ ਬਚਾਉਣ ਲਈ ਹਾਲਾਤ ਦੇ ਅਨੁਕੂਲ ਢਲਣਾ ਤੇ ਤੁਰਨਾ ਜ਼ਰੂਰੀ ਹੈ। ‘‘ਤੁਸੀਂ ਸਾਡੇ ਕੋਲ ਕਦੋਂ ਆਉਗੇ, ਪਾਪਾ? ਅਸੀਂ ਰੋਜ਼ ਉਡੀਕਦੇ ਹਾਂ।’’ ਨੂੰਹਾਂ ਪੁੱਤਾਂ ਦੇ ਸੁਨੇਹੇ ਮਨ ਨੂੰ ਸਕੂਨ ਦਿੰਦੇ। ਕੰਧ ’ਤੇ ਲਟਕਦੀ ਉਸ ਦੀ ਤਸਵੀਰ ਅੱਗੇ ਖੜ੍ਹਾ ਸੋਚਦਾ ਕਿ ਇਹ ਤਸਵੀਰ ਹੁਣ ਉਸ ਦੇ ‘ਆਪਣੇ ਘਰ’ ਤੋਂ ਉਸ ਦੀ ਕੁੱਖੋਂ ਜੰਮੇ ਪੁੱਤ ਦੇ ਘਰ ਦੀ ਕਿਸੇ ਕੰਧ ’ਤੇ ਟੰਗ ਦਿਆਂਗਾ। ਕੁਝ ਰੰਗ ਵਕਤ ਸਿਰਜ ਜਾਂਦਾ ਹੈ ਆਪਮੁਹਾਰਾ ਹੀ... ਤੇ ਕੁਝ ਮਨੁੱਖ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਆਪ ਵੀ ਸਿਰਜਣੇ ਹੁੰਦੇ ਹਨ। ਇਹੋ ਹੀ ਮਨੁੱਖ ਦੀ ਤਾਕਤ ਤੇ ਜ਼ਿੰਦਗੀ ਹੁੰਦੀ ਹੈ।

Advertisement

ਸੰਪਰਕ: 94667-37933

Advertisement
Author Image

sukhwinder singh

View all posts

Advertisement
Advertisement
×