ਤਿੰਨ ਦਿਨਾਂ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ
ਜੋਗਿੰਦਰ ਸਿੰਘ ਓਬਰਾਏ
ਖੰਨਾ, 14 ਅਕਤੂਬਰ
ਇੱਥੋਂ ਦੇ ਗੁਲਜ਼ਾਰ ਗਰੁੱਪ ਵਿੱਚ ਤਿੰਨ ਰੋਜ਼ਾ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਸੈਂਟਰਲ ਜ਼ੋਨ ਯੂਥ ਫੈਸਟੀਵਲ ਅੱਜ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਪੱਛਮੀ ਸੋਲੋ ਡਾਂਸ, ਗਰੁੱਪ ਡਾਂਸ ਤੇ ਭਾਰਤੀ ਲੋਕ ਨਾਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਅਤੇ ਅੱਜ ਦਾ ਆਖ਼ਰੀ ਦਿਨ ਪੰਜਾਬ ਦੀ ਸ਼ਾਨ ਭੰਗੜੇ ਦੇ ਨਾਂ ਰਿਹਾ। ਇਸ ਦੌਰਾਨ ਸਮਾਗਮ ਵਿੱਚ ਜੀਐੱਨਡੀਈਸੀ ਕਾਲਜ ਲੁਧਿਆਣਾ ਨੇ ਗਿੱਧਾ, ਵਨ ਐਕਟ ਪਲੇਅ, ਮਿਮਿਕਰੀ, ਕਲਾਸੀਕਲ ਇੰਸਟਰੂਮੈਂਟ ਸੋਲੋ, ਲਾਈਟ ਵੋਕਲ ਇੰਡੀਅਨ ਅਤੇ ਰਚਨਾਤਮਕ ਲੇਖਣ ਮੁਕਾਬਲਿਆਂ ਦੇ ਜੇਤੂ ਨਾਲ ਓਵਰਆਲ ਟਰਾਫ਼ੀ ਜਿੱਤੀ। ਇਸੇ ਤਰ੍ਹਾਂ ਲੇਖ ਮੁਕਾਬਲੇ ਵਿੱਚ ਜੀਐਨਆਈਐਮਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਲਘੂ ਕਹਾਣੀ ਲੇਖਣ, ਕੁਇਜ਼, ਪੱਛਮੀ ਸਮੂਹ ਗੀਤ ਤੇ ਵੋਕਲ ਸੋਲੋ ਵਿੱਚ ਐਮਆਈਐਮਆਈਟੀ ਮਲੋਟ ਨੇ ਪਹਿਲਾ ਸਥਾਨ ਜਿੱਤਿਆ। ਅੰਤ ਵਿੱਚ ਹੋਏ ਵੱਖ- ਵੱਖ ਰੌਚਕ ਮੁਕਾਬਲਿਆਂ ਵਿੱਚ ਜੀਐਨਈ ਲੁਧਿਆਣਾ ਨੇ ਪਹਿਲਾ, ਗੁਲਜ਼ਾਰ ਗਰੁੱਪ ਨੇ ਦੂਜਾ ਅਤੇ ਭਾਈ ਗੁਰਦਾਸ ਗਰੁੱਪ ਇੰਸਟੀਚਿਊਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।