ਕਾਰੋਬਾਰੀਆਂ ਨੂੰ ਮਿਲ ਰਹੀ ਹਰ ਦੂਜੇ ਦਿਨ ਧਮਕੀ, 300 ਦਿਨਾਂ ਵਿੱਚ 160 ਜਬਰੀ ਵਸੂਲੀ ਦੀਆਂ ਕਾਲਾਂ
ਨਵੀਂ ਦਿੱਲੀ, 12 ਨਵੰਬਰ
Extortion Calls: ਦਿੱਲੀ ਦੇ ਕਾਰੋਬਾਰੀਆਂ ਨੂੰ ਇਸ ਸਾਲ ਅਕਤੂਬਰ ਤੱਕ 160 ਜਬਰੀ ਵਸੂਲੀ ਦੀਆਂ ਦੇ ਫੋਨ ਆਏ ਹਨ, ਭਾਵ ਔਸਤਨ ਹਰ ਦੂਜੇ ਦਿਨ ਇਕ ਫੋਨ। ਪੁਲੀਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਹਨਾਂ ਕਾਲਾਂ ਵਿੱਚੋਂ ਜ਼ਿਆਦਾਤਰ ਕਾਲਾਂ ਵਿਦੇਸ਼ੀ ਅਧਾਰਤ ਗੈਂਗਸਟਰਾਂ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਆਉਂਦੀਆਂ ਹਨ, ਉਹ ਵਾਈਸ ਓਵਰ ਇੰਟਰਨੈਟ ਪ੍ਰੋਟੋਕੋਲ ਜਾਂ ਅੰਤਰਰਾਸ਼ਟਰੀ ਫ਼ੋਨ ਨੰਬਰਾਂ ਦੀ ਵਰਤੋਂ ਕਰਦੇ ਹਨ।
➤ ਵਸੂਲੀ ਨਾ ਦੇਣ ’ਤੇ ਗੋਲੀਬਾਰੀ ਦੀ ਘਟਨਾ ਵੀ ਸਾਹਮਣੇ ਆਈ
ਸੂਤਰਾਂ ਦੇ ਅਨੁਸਾਰ ਇਹ ਫੋਨ ਕਾਲਾਂ ਜ਼ਿਆਦਾਤਰ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ, ਜਵੈਲਰਾਂ, ਅਤੇ ਸ਼ਹਿਰ ਭਰ ਵਿੱਚ ਮਿਠਾਈਆਂ ਦੀਆਂ ਦੁਕਾਨਾਂ ਅਤੇ ਕਾਰ ਸ਼ੋਅਰੂਮਾਂ ਦੇ ਮਾਲਕਾਂ ਨੂੰ ਆਈਆਂ ਹਨ। ਇਸ ਸਾਲ ਅਕਤੂਬਰ (ਲਗਭਗ 300 ਦਿਨਾਂ) ਤੱਕ ਕਾਰੋਬਾਰੀਆਂ ਨੂੰ ਲਗਭਗ 160 ਜਬਰੀ ਵਸੂਲੀ ਦੀਆਂ ਕਾਲਾਂ ਦੀ ਰਿਪੋਰਟ ਕੀਤੀ ਗਈ ਹੈ। ਇੱਕ ਸੂਤਰ ਨੇ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਕਾਲਾਂ ਦੇ ਬਾਅਦ ਨਿਸ਼ਾਨਾ ਬਣਾਏ ਗਏ ਵਿਅਕਤੀ ਦੇ ਦਫ਼ਤਰ, ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ। ਪਿਛਲੇ ਹਫ਼ਤੇ ਸਿਰਫ਼ ਚਾਰ ਦਿਨਾਂ ਵਿੱਚ ਸੱਤ ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਿੱਥੇ ਗੈਂਗਸਟਰਾਂ ਨੇ ਇੱਕ ਜੌਹਰੀ, ਜਿੰਮ ਮਾਲਕ, ਪ੍ਰਾਪਰਟੀ ਡੀਲਰ, ਮਿਠਾਈ ਦੀ ਦੁਕਾਨ ਦੇ ਮਾਲਕ ਅਤੇ ਇੱਕ ਮੋਟਰ ਵਰਕਸ਼ਾਪ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਸੀ।
➤ ਕਾਰੋਬਾਰੀਆਂ ਤੋਂ ਮੰਗੀ ਜਾਂਦੀ ਹੈ ਕਰੋੜਾਂ ਦੀ ਫਿਰੌਤੀ
ਜਬਰੀ ਵਸੂਲੀ ਦੀਆਂ ਕਾਲਾਂ ਵਿਚ ਗੈਂਗਸਟਰਾਂ ਵੱਲੋਂ ਕਰੋੜਾਂ ਰੂਪਏ ਮੰਗੇ ਜਾਂਦੇ ਹਨ। 5 ਨਵੰਬਰ ਨੂੰ ਰੋਹਿਣੀ ਤੋਂ ਸਾਹਮਣੇ ਆਈ ਅਜਿਹੀ ਹੀ ਇੱਕ ਘਟਨਾ ਵਿੱਚ ਤਿੰਨ ਵਿਅਕਤੀ ਇੱਕ ਸ਼ੋਅਰੂਮ ਵਿੱਚ ਦਾਖਲ ਹੋਏ ਅਤੇ ਹਵਾ ਵਿੱਚ ਫਾਇਰਿੰਗ ਕੀਤੀ। ਉਹ ਆਪਣੇ ਪਿੱਛੇ ਗੈਂਗਸਟਰਾਂ ਦੇ ਨਾਵਾਂ ਵਾਲਾ ਇੱਕ ਜਬਰੀ ਵਸੂਲੀ ਵਾਲਾ ਪੱਤਰ ਛੱਡ ਗਏ, ਜਿਸ ਵਿਚ 10 ਕਰੋੜ ਰੁਪਏ ਅਤੇ ਯੋਗੇਸ਼ ਦਾਹੀਆ, ਫੈਜੇ ਭਾਈ ਅਤੇ ਮੋਂਟੀ ਮਾਨ ਦੇ ਨਾਂ ਲਿਖੇ ਹੋਏ ਸਨ। ਇੱਕ ਹੋਰ ਮਾਮਲੇ ਵਿੱਚ 7 ਨਵੰਬਰ ਨੂੰ ਨੰਗਲੋਈ ਵਿੱਚ ਇੱਕ ਜਿਮ ਮਾਲਕ ਤੋਂ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਆਈ ਕਾਲ ਵਿਚ 7 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਕਾਲ ਕਰਨ ਵਾਲੇ ਨੇ ਜੇਲ ’ਚ ਬੰਦ ਗੈਂਗਸਟਰ ਦੀਪਕ ਬਾਕਸਰ ਜੋ ਕਿ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ, ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ।
➤ ਪਿਛਲੇ ਕਈ ਸਾਲਾਂ ਤੋਂ ਆ ਰਹੀਆ ਜ਼ਬਰੀ ਵਸੂਲੀ ਦੀਆਂ ਕਾਲਾਂ
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਸੱਤ ਮਾਮਲਿਆਂ ਵਿੱਚ ਐਫਆਈਆਰ ਦਰਜ ਕਰ ਲਈਆਂ ਗਈਆਂ ਹਨ ਅਤੇ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀਆਂ ਵੱਖ-ਵੱਖ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਕੰਮ ਕਰ ਰਹੀਆਂ ਹਨ। ਪੀਟੀਆਈ ਵੱਲੋਂ ਐਕਸੈਸ ਕੀਤੇ ਗਏ ਦਿੱਲੀ ਪੁਲੀਸ ਦੇ ਅੰਕੜਿਆਂ ਦੇ ਅਨੁਸਾਰ ਇਸ ਸਾਲ 15 ਅਗਸਤ ਤੱਕ ਕੌਮੀ ਰਾਜਧਾਨੀ ਵਿੱਚ ਕੁੱਲ 133 ਜਬਰੀ ਵਸੂਲੀ ਦੇ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਪਿਛਲੇ ਸਾਲ ਇਸੇ ਸਮੇਂ ਦੌਰਾਨ ਅਜਿਹੇ ਕੁੱਲ 141 ਮਾਮਲੇ ਸਾਹਮਣੇ ਆਏ ਸਨ ਅਤੇ 2022 ਲਈ ਇਹ ਅੰਕੜਾ 110 ਸੀ। ਪੁਲੀਸ ਨੇ ਕਿਹਾ ਕਿ ਸਾਲ 2023 ਦੌਰਾਨ ਲੋਕਾਂ ਨੂੰ ਜ਼ਬਰੀ ਵਸੂਲੀ ਦੀਆਂ ਕਾਲਾਂ ਕਰਨ ਦੇ 204 ਅਤੇ 2022 ਵਿੱਚ 187 ਮਾਮਲੇ ਸਾਹਮਣੇ ਆਏ।
➤ ਜਬਰੀ ਵਸੂਲੀ ਨਾਲ ਜੂੜੇ ਗਰੋਹ ਦੇ ਮੈਂਬਰ ਜੇਲ੍ਹਾਂ ਵਿਚ ਬੰਦ
ਅਜਿਹੇ ਮਾਮਲਿਆਂ ਨਾਲ ਨਿਪਟਣ ਵਾਲੇ ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਲ ਕਰਨ ਵਾਲੇ ਜ਼ਿਆਦਾਤਰ ਜਾਅਲੀ ਸਿਮ ਕਾਰਡਾਂ ’ਤੇ ਲਏ ਗਏ VOIP ਨੰਬਰਾਂ ਜਾਂ WhatsApp ਨੰਬਰਾਂ ਦੀ ਵਰਤੋਂ ਕਰਦੇ ਹਨ। ਸੂਤਰਾਂ ਨੇ ਦੱਸਿਆ ਕਿ ਪੁਲੀਸ ਨੇ ਪਿਛਲੇ ਕੁਝ ਮਹੀਨਿਆਂ ’ਚ ਕੌਮੀ ਰਾਜਧਾਨੀ ਖੇਤਰ ’ਚ ਫਿਰੌਤੀ ਕਾਲਾਂ ਦੇ ਨਾਲ-ਨਾਲ ਗੋਲੀਬਾਰੀ ਅਤੇ ਹੱਤਿਆਵਾਂ ’ਚ ਸ਼ਾਮਲ 11 ਗਰੋਹਾਂ ਦੀ ਪਛਾਣ ਕੀਤੀ ਹੈ। ਇਸ ਗਰੋਹ ਵਿੱਚ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ, ਹਿਮਾਂਸ਼ੂ ਭਾਊ, ਕਪਿਲ ਸਾਂਗਵਾਨ ਉਰਫ਼ ਨੰਦੂ, ਜਤਿੰਦਰ ਗੋਗੀ-ਸੰਪਤ ਨਹਿਰਾ, ਹਾਸ਼ਿਮ ਬਾਬਾ, ਸੁਨੀਲ ਟਿੱਲੂ, ਕੌਸ਼ਲ ਚੌਧਰੀ, ਨੀਰਜ ਫਰੀਦਪੁਰੀਆ ਅਤੇ ਨੀਰਜ ਬਵਾਨਾ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਗੋਗੀ ਅਤੇ ਟਿੱਲੂ ਨੂੰ ਛੱਡ ਕੇ, ਜਿਨ੍ਹਾਂ ਦੀ ਗੈਂਗ ਦੁਸ਼ਮਣੀ ਕਾਰਨ ਮੌਤ ਹੋ ਗਈ, ਇਹਨਾਂ ਵਿੱਚੋਂ ਬਹੁਤੇ ਗੈਂਗਸਟਰ ਸਲਾਖਾਂ ਪਿੱਛੇ ਹਨ ਜਾਂ ਵਿਦੇਸ਼ ਵਿੱਚ ਹਨ। ਪੀਟੀਆਈ
ਇਹ ਵੀ ਪੜ੍ਹੋ:-