ਤਿੰਨ ਰੋਜ਼ਾ ਆਲ ਇੰਡੀਆ ਫਿਲਮ ਫੈਸਟੀਵਲ ਸਮਾਪਤ
ਅੱੈਸ ਅਗਨੀਹੋਤਰੀ
ਪੰਚਕੂਲਾ, 25 ਫਰਵਰੀ
ਇੱਥੋਂ ਦੇ ਇੰਦਰਧਨੁਸ਼ ਸਟੇਡੀਅਮ ਵਿੱਚ ਚੱਲ ਰਿਹਾ ਤਿੰਨ ਰੋਜ਼ਾ ਆਲ ਇੰਡੀਆ ਚਿੱਤਰ ਭਾਰਤੀ ਫਿਲਮ ਫੈਸਟੀਵਲ ਅੱਜ ਸਮਾਪਤ ਹੋ ਗਿਆ ਹੈ। ਇਸ ਦੌਰਾਨ ਕੁੱਲ 133 ਫਿਲਮਾਂ ਦੀ ਸਕਰੀਨਿੰਗ ਕੀਤੀ ਗਈ ਤੇ ਵੱਖ-ਵੱਖ ਮਾਹਿਰਾਂ ਨੇ ਆਪੋ-ਆਪਣੇ ਵਿਸ਼ਿਆਂ ਬਾਰੇ ਕਲਾਸਾਂ ਵੀ ਲਈਆਂ।
ਅੱਜ ਸਮਾਗਮ ਨੂੰ ਸੰਬੋਧਨ ਕਰਦਿਆਂ ਮਸ਼ਹੂਰ ਫਿਲਮ ਨਿਰਦੇਸ਼ਕ ਵਿਪੁਲ ਸ਼ਾਹ ਨੇ ਕਿਹਾ ਕਿ ‘ਦਿ ਕੇਰਲਾ ਸਟੋਰੀ’ ਫਿਲਮ ਨਹੀਂ, ਉਸ ਦੀ ਜ਼ਿੰਮੇਵਾਰੀ ਸੀ। ਉਸ ਨੇ ਕਿਹਾ, ‘‘ਜੇ ਇਹ ਫਿਲਮ ਨਾ ਬਣਾਉਂਦਾ ਤਾਂ ਪੂਰੀ ਜ਼ਿੰਦਗੀ ਅਫਸੋਸ ਰਹਿੰਦਾ।’’ ਉਸ ਨੇ ਕਿਹਾ, ‘‘ਜਦੋਂ ਮੈਂ ਕੇਰਲਾ ਸਟੋਰੀ ਬਣਾਉਣ ਦਾ ਫ਼ੈਸਲਾ ਲਿਆ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਇਹ ਫਿਲਮ ਬਣਾਉਣ ਤੋਂ ਬਾਅਦ ਸਾਡੀ ਜ਼ਿੰਦਗੀ ਬਦਲ ਜਾਵੇਗੀ। ਹੋ ਸਕਦਾ ਹੈ ਕਿ ਇਸ ਤੋਂ ਬਾਅਦ ਪੂਰਾ ਜੀਵਨ ਪੁਲੀਸ ਦੀ ਸੁਰੱਖਿਆ ਹੇਠ ਹੀ ਰਹਿਣਾ ਪਵੇ ਜਾਂ ਬੌਲੀਵੁੱਡ ਸਾਨੂੰ ਬਲੈਕਲਿਸਟ ਕਰ ਦੇਵੇ। ਮੇਰੀ ਪਤਨੀ ਨੇ ਕਿਹਾ ਕਿ ਤੁਸੀਂ ਇਹ ਫਿਲਮ ਬਣਾਓ। ਅਸੀਂ ਪੁਲੀਸ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਮੇਰਾ ਦੇਸ਼ ਹੈ। ਭਾਰਤ ਵਿੱਚ ਰਹਿੰਦਿਆਂ ਮੈਂ ਖੁੱਲ੍ਹ ਕੇ ਬੋਲਾਂਗਾ ਅਤੇ ਖੁੱਲ੍ਹ ਕੇ ਜੀਵਨ ਬਿਤਾਵਾਂਗਾ ਪਰ ਪੁਲੀਸ ਸੁਰੱਖਿਆ ਨਹੀਂ ਲਵਾਂਗਾ।’’ ਵਿਪੁਲ ਸ਼ਾਹ ਨੇ ਫਿਲਮ ਨਿਰਦੇਸ਼ਨ ਬਾਰੇ ਮਾਸਟਰ ਕਲਾਸ ਲਈ।
ਇਸ ਤਿੰਨ ਰੋਜ਼ਾ ਫਿਲਮ ਫੈਸਟੀਵਲ ਦੌਰਾਨ 133 ਫਿਲਮਾਂ ਦੀ ਸਕਰੀਨਿੰਗ ਹੋਈ ਜਦਕਿ ਅੱਜ ਤੀਜੇ ਤੇ ਆਖਰੀ ਦਿਨ 31 ਫਿਲਮਾਂ ਦਿਖਾਈਆਂ ਗਈਆਂ। ਇਨ੍ਹਾਂ ’ਚੋਂ 8 ਲਘੂ ਫਿਲਮਾਂ, 8 ਦਸਤਾਵੇਜ਼ੀਆਂ, 11 ਕੈਂਪਸ ਐੱਨਐੱਫ (ਦਸਤਾਵੇਜ਼ੀ) ਤੇ ਚਾਰ ਕੈਂਪਸ ਪ੍ਰੋਫੈਸ਼ਨਲ ਫਿਲਮਾਂ ਸ਼ਾਮਲ ਰਹੀਆਂ। ‘ਭਾਰਤ ਕੀ ਬਾਤ’ ਵਿਸ਼ੇ ’ਤੇ ਮਸ਼ਹੂਰ ਫਿਲਮ ਲੇਖਕ ਅਮਿਤਾਭ ਵਰਮਾ ਤੇ ਵਿਨੋਦ ਅਨੁਪਮ ਨੇ ਮਾਸਟਰ ਕਲਾਸ ਲਈ ਜਦਕਿ ਫਿਲਮ ਡਾਇਰੈਕਸ਼ਨ ਬਾਰੇ ਮਾਸਟਰ ਕਲਾਸ ਵਿਪੁਲ ਅਮ੍ਰਿਤ ਲਾਲ ਸ਼ਾਹ, ਅਮਿਤ ਰਾਏ ਅਤੇ ਆਕਾਸ਼ਾਦਿੱਤਿਆ ਲਾਮਾ ਨੇ ਲਈ।
ਚੰਡੀਗੜ੍ਹ ਵਿੱਚ ਖੁੱਲ੍ਹੇਗਾ ਸੈਂਸਰ ਬੋਰਡ ਦਾ ਦਫ਼ਤਰ: ਅਨੁਰਾਗ ਠਾਕੁਰ
ਅਖਿਲ ਭਾਰਤੀ ਫਿਲਮ ਫੈਸਟੀਵਲ ਦੌਰਾਨ ਸੰਬੋਧਨ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਐਲਾਨ ਕੀਤਾ ਕਿ ਸੈਂਸਰ ਬੋਰਡ ਦਾ ਖੇਤਰੀ ਦਫ਼ਤਰ ਛੇਤੀ ਹੀ ਚੰਡੀਗੜ੍ਹ ਵਿੱਚ ਖੋਲ੍ਹਿਆ ਜਾਵੇਗਾ। ਇਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲਦਾਖ ਤੇ ਉੱਤਰਾਖੰਡ ਦੇ ਫਿਲਮਕਾਰਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਉਹ ਅੱਜ ਦੇਰ ਸ਼ਾਮ ਪੰਚਕੂਲਾ ’ਚ ਚੱਲ ਰਹੇ ਫਿਲਮ ਫੈਸਟੀਵਲ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਮਾਗਮ ਦੌਰਾਨ ਜੇਤੂ ਰਹਿਣ ਵਾਲੀਆਂ ਫਿਲਮਾਂ ਦੇ ਨਿਰਮਾਤਾਵਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਲਕ ਨੂੰ ਪਾਇਰੇਸੀ ਮੁਕਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।