Haryana Assembly Session: ਹਰਿਆਣਾ ਸਰਕਾਰ ਵੱਲੋਂ ਐੱਸਸੀ-ਐੱਸਟੀ ‘ਕੋਟੇ ਅੰਦਰ ਕੋਟਾ’ ਸਿਸਟਮ ਲਾਗੂ: ਨਾਇਬ ਸੈਣੀ
ਆਤਿਸ਼ ਗੁਪਤਾ
ਚੰਡੀਗੜ੍ਹ, 13 ਨਵੰਬਰ
ਹਰਿਆਣਾ ਦੀ 15ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਹੀ ਦਿਨ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਐੱਸਸੀ-ਐੱਸਟੀ ਕੋਟੇ ਵਿਚ ਉਪ-ਵਰਗੀਕਰਨ ਭਾਵ ‘ਕੋਟੇ ਅੰਦਰ ਕੋਟਾ’ ਸਿਸਮਟ ਲਾਗੂ ਕਰ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਹਰਿਆਣਾ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਹੈ। ਸੈਣੀ ਨੇ ਕਿਹਾ ਕਿ ਇਹ ਸਿਸਟਮ ਅੱਜ ਤੋਂ ਹੀ ਪੂਰੇ ਸੂਬੇ ਵਿੱਚ ਲਾਗੂ ਹੋਵੇਗਾ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਸੈਣੀ ਨੇ ਸੂਬੇ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 18 ਅਕਤੂਬਰ ਨੂੰ ਸੱਦੀ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਐੱਸਸੀ-ਐੱਸਟੀ ‘ਕੋਟੇ ਅੰਦਰ ਕੋਟੇ’ ਨੂੰ ਪ੍ਰਵਾਨਗੀ ਦੇ ਦਿੱਤੀ ਸੀ।
ਇਸ ਤੋਂ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾ ਕਰਮਚਾਰੀਆਂ ਨੂੰ ਸਹੂਲਤ ਦੇਣ ਲਈ ਜਲਦ ਹੀ ਗਰੁੱਪ ‘ਸੀ’ ਤੇ ‘ਡੀ’ ਦੀ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਸੰਦੀਦਾ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਨ ਦੀ ਨੀਤੀ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਤ ਨੂੰ ਡਿਊਟੀ ਦੇਣ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਸੁਰੱਖਿਅਤ ਟਰਾਂਸਪੋਰਟ ਸਹੂਲਤ ਵੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਂਗਣਵਾੜੀ ਕਰਮਚਾਰੀਆਂ ਦੇ ਭੱਤੇ ਵਿੱਚ 750 ਰੁਪਏ ਤੇ ਸਹਾਇਕਾ ਦੇ ਭੱਤੇ ਵਿੱਚ 400 ਰੁਪਏ ਮਹੀਨੇ ਦਾ ਵਾਧਾ ਕੀਤਾ ਜਾਵੇਗਾ।
ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੇ ਸਾਰੇ ਕੌਮੀ ਤੇ ਰਾਜ ਮਾਰਗਾਂ ’ਤੇ ਹਰ 60 ਕਿਲੋਮੀਟਰ ਉੱਤੇ ਇੱਕ ਟਰੌਮਾ ਸੈਂਟਰ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 100 ਬੈੱਡਾਂ ਵਾਲੇ ਸਿਵਲ ਹਸਪਤਾਲਾਂ ਨੂੰ 200 ਬੈੱਡ ਅਤੇ 200 ਬੈੱਡਾਂ ਵਾਲੇ ਸਿਵਲ ਹਸਪਤਾਲ ਨੂੰ 300 ਬੈੱਡ ਵਾਲੇ ਹਸਪਤਾਲਾਂ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਮੈਡੀਕਲ ਕਾਲਜਾਂ ਵਿੱਚ ਸੀਟਾਂ ਦੀ ਗਿਣਤੀ ਵਧਾ ਕੇ 3500 ਕਰੇਗੀ ਅਤੇ ਹਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਆਈਸੀਯੂ ਦਾ ਨਿਰਮਾਣ ਕੀਤਾ ਜਾਵੇਗਾ।
ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆਂ ਕਰਵਾਉਣ ਲਈ, ਸੂਬੇ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਕਰਨ, ਸਿੱਖਿਆ, ਸਿਹਤ ਦੇ ਖੇਤਰ ਵਿੱਚ ਕੰਮ ਕੀਤਾ ਜਾਵੇਗਾ। ਸੈਸ਼ਨ ਦੀ ਸ਼ੁਰੂਆਤ ਵਿੱਚ ਵਿਧਾਇਕਾਂ ਨੇ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪਤਵੰਤਿਆਂ ਦੀਆਂ ਵਿਛੜੀਆਂ ਰੂਹਾਂ ਨੂੂੰ ਸ਼ਰਧਾਂਜਲੀ ਭੇਟ ਕੀਤੀ।