ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਮਾਣੂ ਹਥਿਆਰਾਂ ਦਾ ਖ਼ਤਰਾ

05:21 AM Dec 12, 2024 IST

ਜਪਾਨ ਵਿੱਚ ਅਮਰੀਕੀ ਪਰਮਾਣੂ ਹਮਲੇ ’ਚੋਂ ਜ਼ਿੰਦਾ ਬਚੇ ਲੋਕਾਂ ਦੀ ਜਥੇਬੰਦੀ ਨਿਹੋਨ ਹਿਦਾਂਕਿਓ ਨੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦਿਆਂ ਦੁਨੀਆ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ‘ਇਸ ਤੋਂ ਪਹਿਲਾਂ ਕਿ ਪਰਮਾਣੂ ਹਥਿਆਰ ਸਾਨੂੰ ਖ਼ਤਮ ਕਰ ਦੇਣ, ਇਨ੍ਹਾਂ ਨੂੰ ਖ਼ਤਮ ਕਰ ਦਿਓ।’ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਹੋਏ ਪਰਮਾਣੂ ਹਮਲੇ ’ਚੋਂ ਜ਼ਿੰਦਾ ਬਚੀ 92 ਸਾਲਾ ਤਿਰੂਮੀ ਤਨਾਕਾ ਨੇ ਓਸਲੋ ਵਿੱਚ ਤਕਰੀਰ ਦਿੰਦਿਆਂ 1945 ਦੇ ਸਾਕੇ ਦੀਆਂ ਦਿਲ ਕੰਬਾਊ ਯਾਦਾਂ ਤਾਜ਼ਾ ਕੀਤੀਆਂ ਅਤੇ ਨਾਲ ਹੀ ਮੌਜੂਦਾ ਸਮਿਆਂ ਦੇ ਸੰਕਟਾਂ ਵੱਲ ਧਿਆਨ ਖਿੱਚਿਆ। ਉਹ ਹੌਲਨਾਕ ਘਟਨਾਵਾਂ ਤਨਾਕਾ ਦੇ ਬਿਰਤਾਂਤ ਵਿੱਚ ਸੰਜੋਈਆਂ ਹੋਈਆਂ ਸਨ ਕਿ ਕਿਵੇਂ ਉਨ੍ਹਾਂ ਦਾ ਸ਼ਹਿਰ ਦੇਖਦੇ-ਦੇਖਦੇ ਪਰਮਾਣੂ ਹਮਲੇ ਕਾਰਨ ਤਬਾਹ ਹੋ ਗਿਆ ਸੀ ਅਤੇ ਲੱਖਾਂ ਜਾਨਾਂ ਇਸ ਦੀ ਭੇਟ ਚੜ੍ਹ ਗਈਆਂ ਸਨ। ਇਸ ਸਭ ਕਾਸੇ ਦਾ ਨੈਤਿਕ ਸਬਕ ਵੀ ਸੀ। ਸਾਲ ਦੇ ਅੰਤ ਤੱਕ ਪਰਮਾਣੂ ਹਮਲੇ ਵਿੱਚ ਦੋ ਲੱਖ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਸਨ ਅਤੇ ਅਣਗਿਣਤ ਲੋਕ ਬਾਅਦ ਵਿੱਚ ਪਰਮਾਣੂ ਵਿਕਿਰਨਾਂ ਦੇ ਘਾਤਕ ਅਸਰ ਹੇਠ ਆ ਗਏ ਸਨ। ਉਸ ਹੌਲਨਾਕ ਹਮਲੇ ਤੋਂ ਅੱਠ ਦਹਾਕੇ ਬਾਅਦ ਅੱਜ ਫਿਰ ਦੁਨੀਆ ਆਪਣੀ ਸਭ ਤੋਂ ਵੱਡੀ ਗ਼ਲਤੀ ਦੁਹਰਾਉਣ ਦੇ ਕੰਢੇ ’ਤੇ ਪਹੁੰਚ ਗਈ ਹੈ।
ਪਰਮਾਣੂ ਹਥਿਆਰਾਂ ਦੀ ਵਰਤੋਂ ’ਤੇ ਲੰਮਾ ਅਰਸਾ ਭਾਵੇਂ ਮਨਾਹੀ ਰਹੀ ਹੈ ਪਰ ਹੁਣ ਇਸ ਵਿੱਚ ਵੀ ਤਰੇੜਾਂ ਪੈਣ ਲੱਗੀਆਂ ਹਨ। ਰੂਸ ਨੇ ਅਸਿੱਧੇ ਢੰਗ ਨਾਲ ਯੂਕਰੇਨ ਵਿੱਚ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਦਿੱਤੀ ਸੀ ਅਤੇ ਇਜ਼ਰਾਈਲ ਨੇ ਗਾਜ਼ਾ ਟਕਰਾਅ ਦੌਰਾਨ ਪਰਮਾਣੂ ਬਿਰਤਾਂਤ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਆਪਣੇ ਜ਼ਖੀਰਿਆਂ ਦੇ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਿਸੇ ਸਮੇਂ ਪਰਮਾਣੂ ਹਥਿਆਰਾਂ ਦਾ ਪਸਾਰ ਰੋਕਣ ਲਈ ਆਸ ਦੀ ਕਿਰਨ ਵਜੋਂ ਸੰਧੀ ਨਜ਼ਰ ਆ ਰਹੀ ਸੀ ਪਰ ਹੁਣ ਇਹ ਵਾਅਦਾ ਵੀ ਭੁਲਾ ਦਿੱਤਾ ਗਿਆ ਹੈ। ਪਰਮਾਣੂ ਹਮਲੇ ’ਚੋਂ ਬਚੇ ਲੋਕਾਂ (ਹਿਬਾਕੁਸ਼ਾ) ਦੀ ਮੁਹਿੰਮ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਪਰਮਾਣੂ ਯੁੱਧ ਦੀ ਵਿਨਾਸ਼ ਲੀਲ੍ਹਾ ਮਨੁੱਖ ਜਾਤੀ ਲਈ ਘਾਤਕ ਸਾਬਿਤ ਹੋਵੇਗੀ ਅਤੇ ਇਸ ਰਾਹੀਂ ਅਮਨ ਦੀ ਤਵੱਕੋ ਹਰਗਿਜ਼ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੇ ਬਾਵਜੂਦ ਉਨ੍ਹਾਂ ਪੀੜਤਾਂ ਦੀ ਜੱਦੋ-ਜਹਿਦ ਦੀ ਗਾਥਾ ਬਹੁਤ ਮਾਰਮਿਕ ਹੈ ਜਿਨ੍ਹਾਂ ਨੂੰ ਦਹਾਕਿਆਂ ਬੱਧੀ ਵਿਤਕਰਿਆਂ, ਸਰਕਾਰ ਦੀ ਨਜ਼ਰਅੰਦਾਜ਼ੀ ਅਤੇ ਸਿਆਸੀ ਉਪਰਾਮਤਾ ਦਾ ਸਾਹਮਣਾ ਕਰਨਾ ਪਿਆ। ਦੁਨੀਆ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤੀ ਦਿਵਾਉਣ ਦਾ ਉਨ੍ਹਾਂ ਦਾ ਸੰਘਰਸ਼ ਕੋਈ ਆਮ ਜੰਗ ਵਿਰੋਧੀ ਨਾਅਰਾ ਨਹੀਂ ਹੈ ਸਗੋਂ ਮਾਨਵਤਾ ਦੀ ਗ਼ੈਰਤ ਅਤੇ ਹੋਂਦ ਦੀ ਜੱਦੋ-ਜਹਿਦ ਹੈ।
ਤਨਾਕਾ ਦੇ ਓਸਲੋ ਵਿੱਚ ਕਹੇ ਸ਼ਬਦ ਕਿ “ਪਰਮਾਣੂ ਹਥਿਆਰ ਮਾਨਵਤਾ ਨਾਲ ਨਹੀਂ ਰਹਿ ਸਕਦੇ ਅਤੇ ਨਾ ਹੀ ਰਹਿਣ ਦਿੱਤੇ ਜਾਣੇ ਚਾਹੀਦੇ ਹਨ”, ਦੀ ਗੂੰਜ ਦੁਨੀਆ ਦੇ ਹਰ ਕੋਨੇ ਵਿੱਚ ਸੁਣਨੇ ਚਾਹੀਦੇ ਹਨ। ਸਾਡੀ ਸਾਂਝੀ ਹੋਂਦ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਅਸੀਂ ਬੀਤੇ ਦੀਆਂ ਗ਼ਲਤੀਆਂ ਤੋਂ ਸਿੱਖ ਕੇ ਕਿੰਨੀ ਕੁ ਫ਼ੈਸਲਾਕੁਨ ਕਾਰਵਾਈ ਕਰਦੇ ਹਾਂ। ਪਰਮਾਣੂ ਹਮਲੇ ’ਚੋਂ ਜ਼ਿੰਦਾ ਬਚੇ ਲੋਕਾਂ ਦੀ ਇਹ ਪੀੜ੍ਹੀ ਹੁਣ ਰੁਖ਼ਸਤ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਦੁਨੀਆ ਨੂੰ ਉਨ੍ਹਾਂ ਦੀ ਆਵਾਜ਼ ’ਤੇ ਕੰਨ ਜ਼ਰੂਰ ਧਰਨਾ ਚਾਹੀਦਾ ਹੈ।

Advertisement

Advertisement