ਨਸ਼ਿਆਂ ਖਿ਼ਲਾਫ਼ ਲੜਾਈ
ਨਸ਼ਿਆਂ ਦੀ ਅਲਾਮਤ ਕਾਰਨ ਜਿੱਥੇ ਦੇਸ਼ ਦਾ ਅਰਥਚਾਰਾ ਪ੍ਰਭਾਵਿਤ ਹੁੰਦਾ ਹੈ, ਉੱਥੇ ਇਨ੍ਹਾਂ ਦਾ ਸਭ ਤੋਂ ਮਾੜਾ ਅਸਰ ਪਰਿਵਾਰਾਂ ’ਤੇ ਪੈਂਦਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਨੂੰ ‘ਨਸ਼ਾ ਮੁਕਤ ਰੰਗਲਾ ਪੰਜਾਬ’ ਪੈਦਲ ਯਾਤਰਾ ਵਿੱਚ ਸ਼ਾਮਿਲ ਹੋ ਕੇ ਸਹੀ ਆਖਿਆ ਹੈ ਕਿ ਔਰਤਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਕਾਰਨ ਮਨੁੱਖੀ, ਖ਼ਾਸਕਰ ਨੌਜਵਾਨਾਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ। ਸੂਬੇ ਅੰਦਰ ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਸਮਾਜਿਕ ਅਤੇ ਜਨਤਕ ਜਾਗਰੂਕਤਾ ਦੀ ਕੋਈ ਘਾਟ ਨਹੀਂ ਹੈ ਪਰ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਮੁਤੱਲਕ ਸਰਕਾਰ ਅਤੇ ਪੁਲੀਸ ਦੇ ਯਤਨਾਂ ਉੱਪਰ ਕਈ ਵਾਰ ਸਵਾਲ ਉੱਠਦੇ ਰਹੇ ਹਨ। ਇਸੇ ਕਰ ਕੇ ਕਈ ਖੇਤਰਾਂ ਵਿੱਚ ਲੋਕਾਂ ਨੇ ਆਪਣੇ ਪੱਧਰ ’ਤੇ ਨਸ਼ਾ ਰੋਕੂ ਕਮੇਟੀਆਂ ਬਣਾ ਕੇ ਅਤੇ ਜਥੇਬੰਦ ਹੋ ਕੇ ਨਸ਼ਾ ਤਸਕਰਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ। ਉਂਝ, ਉਦੋਂ ਕਈ ਥਾਵਾਂ ’ਤੇ ਇਹ ਦਲੀਲ ਦਿੱਤੀ ਸੀ ਕਿ ਨਸ਼ਾ ਰੋਕੂ ਕਮੇਟੀਆਂ ਨੂੰ ਕਿਸੇ ਵੀ ਵਿਅਕਤੀ ਨੂੰ ਘੇਰ ਕੇ ਪੁੱਛ-ਗਿੱਛ ਕਰਨ ਜਾਂ ਉਸ ਦੇ ਸਾਮਾਨ ਜਾਂ ਕੱਪਡਿ਼ਆਂ ਦੀ ਤਲਾਸ਼ੀ ਲੈਣ ਦਾ ਹੱਕ ਨਹੀਂ। ਪੁਲੀਸ ਅਫਸਰਾਂ ਦੇ ਅਜਿਹੇ ਰਵੱਈਏ ਕਾਰਨ ਹੀ ਨਸ਼ਿਆਂ ਦੇ ਧੰਦੇ ਖ਼ਿਲਾਫ਼ ਪੰਜਾਬ ਵਿੱਚ ਉੱਭਰ ਰਹੀ ਜਨਤਕ ਚੇਤਨਾ ਅਤੇ ਸਰਗਰਮੀ ਨੂੰ ਢਾਹ ਲੱਗੀ ਸੀ।
ਸਰਕਾਰ ਨੂੰ ਇਸ ਮਾਮਲੇ ਵਿੱਚ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਵਿੱਚ ਲੋਕਾਂ ਤੋਂ ਕਿਹੋ ਜਿਹਾ ਸਹਿਯੋਗ ਚਾਹੁੰਦੀ ਹੈ। ਕੀ ਲੋਕਾਂ ਦਾ ਕੰਮ ਸਿਰਫ਼ ਇੰਨਾ ਹੀ ਹੈ ਕਿ ਉਹ ਕਿਸੇ ਨਸ਼ਾ ਤਸਕਰ ਜਾਂ ਫਰੋਸ਼ ਬਾਰੇ ਪੁਲੀਸ ਜਾਂ ਪ੍ਰਸ਼ਾਸਨ ਨੂੰ ਸੂਹ ਦੇ ਕੇ ਆਪਣੇ ਆਪ ਨੂੰ ਸੁਰਖ਼ੁਰੂ ਸਮਝਣ, ਜਾਂ ਫਿਰ ਇਸ ਤੋਂ ਵਧ ਕੇ ਕੋਈ ਸਰਗਰਮ ਭੂਮਿਕਾ ਵੀ ਨਿਭਾਉਣ, ਖ਼ਾਸਕਰ ਉਦੋਂ ਜਦੋਂ ਬਹੁਤ ਸਾਰੇ ਫ਼ਿਕਰਮੰਦ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੋਵੇ ਕਿ ਪੁਲੀਸ ਅਤੇ ਪ੍ਰਸ਼ਾਸਨ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ। ਕਈ ਸਾਲਾਂ ਤੋਂ ਪੰਜਾਬ ਦੇ ਕੁਝ ਵੱਡੇ ਸਿਆਸਤਦਾਨਾਂ ਅਤੇ ਸੀਨੀਅਰ ਪੁਲੀਸ ਅਫਸਰਾਂ ਦੇ ਨਾਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਦੇ ਰਹੇ ਹਨ। ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਕਈ ਵਾਰ ਵਿਸ਼ੇਸ਼ ਜਾਂਚ ਟੀਮਾਂ ਕਾਇਮ ਕਰ ਕੇ ‘ਕਾਲੀਆਂ ਭੇਡਾਂ’ ਨੂੰ ਬੇਨਕਾਬ ਕਰਨ ਦੇ ਦਾਅਵੇ ਕੀਤੇ ਪਰ ਇਸ ਨੂੰ ਕਦੇ ਵੀ ਅੰਜਾਮ ਤੱਕ ਨਹੀਂ ਪਹੁੰਚਾਇਆ ਜਿਸ ਤੋਂ ਲਗਦਾ ਹੈ ਕਿ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਪਰ ਲੋੜੀਂਦੀ ਸਿਆਸੀ ਤੇ ਰਾਜਸੀ ਇੱਛਾ ਦੀ ਘਾਟ ਹੈ।
ਪੰਜਾਬ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਜਾਂ ਅਣਹੋਂਦ ਕਰ ਕੇ ਨੌਜਵਾਨ ਵਰਗ ਨਿਰਾਸ਼ਾ ਦੇ ਆਲਮ ਵਿੱਚ ਹੈ। ਵੱਡੇ ਪੱਧਰ ’ਤੇ ਪਰਵਾਸ, ਗੈਂਗਸਟਰਵਾਦ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਇਸੇ ਵਰਤਾਰੇ ਵੱਲ ਇਸ਼ਾਰਾ ਕਰ ਰਿਹਾ ਹੈ। ਇਹ ਕੁਚੱਕਰ ਤੋੜਨ ਲਈ ਵੱਖ-ਵੱਖ ਪੱਧਰਾਂ ’ਤੇ ਮਿਲ ਜੁਲ ਕੇ ਲਗਾਤਾਰ ਹੰਭਲੇ ਮਾਰਨ ਦੀ ਲੋੜ ਹੈ। ਨਾਲ ਹੀ ਸਚੇਤ ਰਹਿਣਾ ਪਵੇਗਾ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਕਈ ਲੋਕਾਂ ਦੇ ਹਿੱਤ ਜੁੜ ਚੁੱਕੇ ਹਨ ਅਤੇ ਉਨ੍ਹਾਂ ’ਚੋਂ ਕਈ ਪ੍ਰਭਾਵਸ਼ਾਲੀ ਲੋਕ ਵੀ ਹਨ ਜੋ ਅਜਿਹੀਆਂ ਜਨਤਕ ਸਰਗਰਮੀਆਂ ਨੂੰ ਬਦਨਾਮ ਜਾਂ ਸਾਬੋਤਾਜ ਕਰਨ ਦੀ ਤਾਕ ਵਿੱਚ ਰਹਿੰਦੇ ਹਨ।