ਤੇਰ੍ਹਵੀਂ ਮੁੰਦੀ
ਸੁਪਿੰਦਰ ਸਿੰਘ ਰਾਣਾ
“ਤੂੰ ਚੰਗਾ ਰਿਹਾ, ਮੇਰੇ ਮੁੰਡੇ ਦੇ ਵਿਆਹ ਨੂੰ ਮਿਲਣੀ ਨਾ ਕਰਾਈ।” ਇਹ ਕਹਿੰਦਿਆਂ ਉਹ ਕਦਮ ਨਾਲ ਕਦਮ ਮਿਲਾ ਕੇ ਸੈਰ ਕਰਨ ਲੱਗ ਪਿਆ। ਅਸੀਂ ਕਰੀਬ ਢਾਈ ਦਹਾਕਿਆਂ ਤੋਂ ਇਕੱਠੇ ਸੈਰ ਕਰ ਰਹੇ ਹਾਂ। ਭਰਾਵਾਂ ਵਰਗਾ ਪਿਆਰ ਹੈ। ਜਿੱਦਣ ਕੋਈ ਜਣਾ ਸੈਰ ਨੂੰ ਨਾ ਆਵੇ ਤਾਂ ਦੂਜਾ ਫੋਨ ਕਰ ਕੇ ਹਾਲ-ਚਾਲ ਪੁੱਛਣੋਂ ਨਾ ਰਹਿੰਦਾ।
“ਅੱਜ ਪਾਰਕ ’ਚ ਪੈਰ ਧਰਦਿਆਂ ਹੀ ਤੈਨੂੰ ਮਿਲਣੀ ਦੀ ਯਾਦ ਕਿੱਥੋਂ ਆ ਗਈ।” ਉਹ ਹੱਸਿਆ, “ਯਾਰ ਕੱਲ੍ਹ ਦੀਆਂ ਘਰੇ ਤੇਰੀਆਂ ਹੀ ਬਾਤਾਂ ਹੋ ਰਹੀਆਂ।” ਦੋ ਕੁ ਫਰਲਾਂਗ ਖ਼ਾਮੋਸ਼ੀ ਮਗਰੋਂ ਮੁੜ ਬੋਲਿਆ, “ਮੇਰੇ ਭਰਾ ਨੇ ਜਿਹੜਾ ਮੁੰਡਾ ਮੰਗਿਆ ਸੀ ਨਾ, ਕੱਲ੍ਹ ਉਹਦੀ ਛੱਡ-ਛਡਾਈ ਹੋ ਗਈ।”
“ਕੀ ਗੱਲ ਹੋਈ। ਚੰਗਾ ਭਲਾ ਤਾਂ ਮੰਗਣਾ ਹੋਇਆ ਸੀ।”
“ਸਭ ਠੀਕ-ਠਾਕ ਸੀ। ਪਿਛਲੇ ਹਫ਼ਤੇ ਵਿਚੋਲਾ ਆਇਆ ਵਿਆਹ ਦੀ ਤਰੀਕ ਪੱਕੀ-ਠੱਕੀ ਕਰਨ। ਘਰੇ ਸਾਰੀਆਂ ਜ਼ਨਾਨੀਆਂ ਇਕੱਠੀਆਂ ਹੋਈਆਂ ਸਨ, ਮਿਲਣੀ ਦੀਆਂ ਗੱਲਾਂ ਹੋਣ ਲੱਗੀਆਂ ਤਾਂ ਸਾਰੀਆਂ ਕਹਿਣ ਲੱਗੀਆਂ- ਵੱਡੇ ਭਰਾ ਦੇ ਮੁੰਡੇ ਦੇ ਵਿਆਹ ’ਚ ਕੁੜੀ ਵਾਲਿਆਂ ਨੇ ਦਰਜਨ ਮੁੰਦੀਆਂ ਪਾਈਆਂ ਸਨ, ਇਸ ਵਾਰ ਵੀ ਇੰਨੀਆਂ ਹੀ ਪੈਣੀਆਂ। ਹੁਣ ਸੁੱਖ ਨਾਲ ਦੋ ਜਵਾਈ ਵਧ ਗਏ।” ਮੈਂ ਵਿੱਚੋਂ ਹੁੰਗਾਰਾ ਭਰਦਾ ਰਿਹਾ। ਉਹ ਥੋੜ੍ਹਾ ਸਾਹ ਜਿਹਾ ਲੈ ਕੇ ਬੋਲਣ ਲੱਗਿਆ, “ਵਿਚੋਲਾ ਸੋਚਾਂ ਵਿੱਚ ਪੈ ਗਿਆ।”... ਮੁੰਡੇ ਦੀ ਮਾਂ ਆਖਣ ਲੱਗੀ ਕਿ ਵੱਡੀ ਭਰਜਾਈ ਨੂੰ ਵੀ ਉਨ੍ਹਾਂ ਦੇ ਕੁੜਮਾਂ ਨੇ ਸੈੱਟ ਪਾਇਆ ਸੀ, ਮੈਂ ਵੀ ਸੈੱਟ ਤੋਂ ਘੱਟ ਕੋਈ ਗੱਲ ਨਹੀਂ ਕਰਨੀ। ਜਦੋਂ ਇਹ ਗੱਲਾਂ ਵਿਚੋਲੇ ਨੇ ਕੁੜੀ ਵਾਲਿਆਂ ਨੂੰ ਦੱਸੀਆਂ ਤਾਂ ਉਨ੍ਹਾਂ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਜਦੋਂ ਮੁੰਡੇ ਵਾਲਿਆਂ ਨੇ ਮੋੜ-ਮੜਾਈ ਦੀ ਗੱਲ ਕੀਤੀ ਤਾਂ ਕੁੜੀ ਵਾਲਿਆਂ ਨੇ ਵਿਚੋਲੇ ਰਾਹੀਂ ਠੋਕਵਾਂ ਜਵਾਬ ਦੇ ਦਿੱਤਾ, “ਪਹਿਲਾਂ ਸਾਡਾ ਪੈਲੇਸ ਦਾ ਸਾਰਾ ਖਰਚਾ ਦੇ ਦੇਣ, ਮਗਰੋਂ ਗਹਿਣਾ ਗੱਟਾ ਮੋੜਾਂਗੇ।”
ਅੱਜ ਮਿੱਤਰ ਦਾ ਧਿਆਨ ਬਾਗ ਵਿੱਚ ਅੰਬੀਆਂ ਤੋੜਨ ਵਾਲਿਆਂ ਵੱਲ ਵੀ ਨਹੀਂ ਜਾ ਰਿਹਾ ਸੀ, ਨਾ ਹੀ ਕੁੱਤਿਆਂ ਨੂੰ ਖਾਣ-ਪੀਣ ਦਾ ਸਾਮਾਨ ਪਾਉਣ ਵਾਲਿਆਂ ਨੂੰ ਉਹ ਕੁਝ ਕਹਿ ਰਿਹਾ ਸੀ। ਮੈਂ ਚੁੱਪ ਤੋੜੀ, “ਇਹ ਤਾਂ ਕੁੜੀ ਵਾਲਿਆਂ ਨੇ ਚੰਗਾ ਕੀਤਾ। ਹੁਣ ਪਿੰਡ ਵਿੱਚ ਕੀ ਨੱਕ ਰਹਿਜੂਗੀ ਤੇਰੇ ਭਰਾ ਦੀ।” ਉਹ ਆਖਣ ਲੱਗਿਆ, “ਇਹੀ ਸੋਚ ਕੇ ਤਾਂ ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਦੂਜੇ ਦਿਨ ਫੇਰ ਤੇਰੀਆਂ ਗੱਲਾਂ ਕਰਦੇ ਰਹੇ।” ਮੈਂ ਆਖਿਆ, “ਕੱਢੀ ਗਏ ਹੋਣੇ ਮੈਨੂੰ ਗਾਲ਼ਾਂ।”... ਦਰਅਸਲ ਮੇਰੇ ਮਿੱਤਰ ਹੋਰੀਂ ਚਾਰ ਭਰਾ ਸਨ। ਵੱਡੇ ਭਰਾ ਦੀ ਮੌਤ ਹੋ ਗਈ ਸੀ। ਮਿੱਤਰ ਦੇ ਮੁੰਡੇ ਦੇ ਵਿਆਹ ਨੂੰ ਉਹਦੇ ਕੁੜਮਾਂ ਨੇ ਬਾਰਾਂ ਮੁੰਦੀਆਂ ਨਾਲ ਮਿਲਣੀਆਂ ਕਰਾਈਆਂ। ਉਹ ਮੇਰੀ ਵੀ ਮਿਲਣੀ ਕਰਾਉਣੀ ਚਾਹੁੰਦਾ ਸੀ। ਵਿਆਹ ਦੀਆਂ ਤਿਆਰੀਆਂ ਵੇਲੇ ਮੈਂ ਉਸ ਦੇ ਪਰਿਵਾਰ ਨਾਲ ਰਿਹਾ ਸਾਂ।
ਮਿਲਣੀ ਬਾਰੇ ਉਹਨੇ ਪਹਿਲਾਂ ਕਦੇ ਮੇਰੇ ਨਾਲ ਜ਼ਿਕਰ ਨਹੀਂ ਸੀ ਕੀਤਾ। ਅਸੀਂ ਦੋਵੇਂ ਭਰਾਵਾਂ ਵਾਂਗ ਵਿਚਰਦੇ ਸਾਂ। ਐਨ ਮਿਲਣੀ ਮੌਕੇ ਜਦੋਂ ਮੈਨੂੰ ਅੱਗੇ ਹੋਣ ਲਈ ਕਿਹਾ ਤਾਂ ਮੈਂ ਕੋਰੀ ਨਾਂਹ ਕਰ ਦਿੱਤੀ। ਮਿੱਤਰ ਨੇ ਬਥੇਰਾ ਵਾਸਤਾ ਪਾਇਆ ਪਰ ਮੈਂ ਟਸ ਤੋਂ ਮਸ ਨਾ ਹੋਇਆ। ਆਖਿ਼ਰ ਕੁੜੀ ਵਾਲਿਆਂ ਨੇ ਮੇਰੇ ਮਿੱਤਰ ਨੂੰ ਮੁੰਦੀ ਫੜਾਉਂਦਿਆ ਕਿਹਾ, “ਤੁਸੀਂ ਮੁੰਦੀ ਰੱਖ ਲਓ, ਬਾਅਦ ਵਿੱਚ ਮਨਾ ਕੇ ਇਨ੍ਹਾਂ ਨੂੰ ਦੇ ਦਿਓ।” ਮੈਂ ਆਪਣੇ ਮਿੱਤਰ ਨੂੰ ਅਜਿਹਾ ਕਰਨ ਤੋਂ ਵੀ ਵਰਜਿਆ ਸਗੋਂ ਆਖਿਆ, “ਇੱਦਾਂ ਫਿਰ ਮੈਂ ਨਾਰਾਜ਼ ਹਾਂ।” ਖ਼ੈਰ! ਵਿਆਹ ਵਧੀਆ ਹੋ ਗਿਆ। ਕੁੜੀ ਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਸੀ। ਮੁੰਡਾ ਵਿਦੇਸ਼ ਸੈੱਟ ਸੀ। ਥੋੜ੍ਹੇ ਚਿਰ ਮਗਰੋਂ ਦੋਵੇਂ ਜੀਅ ਬਾਹਰ ਚਲੇ ਗਏ। ਮੁੰਦੀ ਨਾ ਲੈਣ ਕਾਰਨ ਮਿੱਤਰ ਥੋੜ੍ਹਾ ਚਿਰ ਨਾਰਾਜ਼ ਰਿਹਾ। ਮਗਰੋਂ ਅਸੀਂ ਪਹਿਲਾਂ ਵਾਂਗ ਘੁਲ-ਮਿਲ ਗਏ। ਉਹ ਮੈਨੂੰ ਕਈ ਵਾਰ ਟੋਂਹਦਾ ਕਿ ਮਿਲਣੀ ਵੇਲੇ ਮੁੰਦੀ ਕਿਉਂ ਨਾ ਪਵਾਈ। ਇੱਕ ਦਿਨ ਮੈਂ ਆਖ ਹੀ ਦਿੱਤਾ, “ਯਾਰ ਮੈਂ ਆਪਣੇ ਬੱਚਿਆਂ ਦੇ ਵਿਆਹ ਸਾਦੇ ਕਰਨਾ ਚਾਹੁੰਦਾਂ। ਅਗਲਿਆਂ ’ਤੇ ਕੋਈ ਫਾਲਤੂ ਭਾਰ ਪਵਾਉਣਾ ਨਹੀਂ ਚਾਹੁੰਦਾ। ਜੇ ਮੈਂ ਤੇਰੇ ਮੁੰਡੇ ਦੇ ਵਿਆਹ ਨੂੰ ਮੁੰਦੀ ਪਵਾ ਲੈਂਦਾ ਤਾਂ ਆਪਣੇ ਬੱਚਿਆਂ ਦੇ ਵਿਆਹ ਵੇਲੇ ਮੈਂ ਚਾਹੇ ਮੁੰਦੀ ਨਾ ਪਵਾਉਂਦਾ ਪਰ ਤੈਨੂੰ ਮੁੰਦੀ ਜ਼ਰੂਰ ਪਵਾਉਣੀ ਪੈਣੀ ਸੀ।... ਹੁਣ ਮੈਂ ਆਜ਼ਾਦ ਹਾਂ। ਆਪਣੀ ਮਰਜ਼ੀ ਨਾਲ ਕਾਰਜ ਕਰ ਸਕਦਾਂ।” ਦੋਸਤ ਇਸ ਦਲੀਲ ਨਾਲ ਸਹਿਮਤ ਹੋ ਗਿਆ।
ਹੁਣ ਜਦੋਂ ਉਸ ਦੇ ਭਤੀਜੇ ਦਾ ਰਿਸ਼ਤਾ ਟੁੱਟ ਗਿਆ ਤਾਂ ਉਹ ਇਸ ਗੱਲ ਨੂੰ ਤਰਜੀਹ ਦੇਣ ਲੱਗ ਪਿਆ। ਦੇਣ ਲੈਣ ਜ਼ਿਆਦਾ ਮੰਗਣ ਅਤੇ ਪਹਿਲਾ ਰਿਸ਼ਤਾ ਛੁੱਟਣ ਕਾਰਨ ਹੁਣ ਛੇਤੀ ਕਿਤੇ ਭਤੀਜੇ ਦਾ ਰਿਸ਼ਤਾ ਨਹੀਂ ਹੋ ਰਿਹਾ। ਇੱਕ ਦਿਨ ਸੈਰ ਕਰਦਿਆਂ ਆਖਣ ਲੱਗਿਆ, “ਹੁਣ ਤਾਂ ਮੈਂ ਘਰੇ ਵੀ ਕਹਿ ਦਿੱਤਾ, ਆਪਾਂ ਨੇ ਕੁੜੀਆਂ ਵਾਲਿਆਂ ਤੋਂ ਇੰਨੀਆਂ ਜ਼ਿਆਦਾ ਮੁੰਦੀਆਂ ਪਵਾ ਕੇ ਚੰਗਾ ਨਹੀਂ ਕੀਤਾ। ਨੂੰਹ ਕੀ ਸੋਚਦੀ ਹੋਵੇਗੀ। ਭਤੀਜਿਆਂ ਭਾਣਜਿਆਂ ਦੇ ਰਿਸ਼ਤੇ ਕਰਨੇ ਔਖੇ ਹੋ ਗਏ।” ਕੁਝ ਕੁ ਚਿਰ ਚੁੱਪ ਰਹਿਣ ਮਗਰੋਂ ਕਹਿੰਦਾ, “ਤੂੰ ਚੰਗਾ ਕੀਤਾ ਮੁੰਦੀ ਨਹੀਂ ਪਵਾਈ; ਨਹੀਂ ਤਾਂ ਤੇਰੇ ਸਣੇ ਮੇਰੇ ਕੁੜਮਾਂ ਨੂੰ ਤੇਰ੍ਹਾਂ ਮੁੰਦੀਆਂ ਪਾਉਣੀਆਂ ਪੈਂਦੀਆਂ। ਹੁਣ ਸੋਨੇ ਦਾ ਭਾਅ ਪਹਿਲਾਂ ਨਾਲੋਂ ਕਿਤੇ ਦਾ ਕਿਤੇ ਚਲੇ ਗਿਆ। ਮੇਰੀ ਵੀ ਮੱਤ ਮਾਰੀ ਗਈ ਸੀ।”
“ਕੋਈ ਗੱਲ ਨਈਂ, ਜਦੋਂ ਗ਼ਲਤੀ ਦਾ ਅਹਿਸਾਸ ਹੋ ਜਾਵੇ, ਇਹੀ ਬਹੁਤ ਵੱਡੀ ਗੱਲ ਹੈ।” ਇਹ ਗੱਲ ਜਦੋਂ ਵੀ ਯਾਦ ਆਉਂਦੀ ਹੈ, ਮਨ ਨੂੰ ਬੜਾ ਸਕੂਨ ਮਿਲਦਾ ਹੈ।
ਸੰਪਰਕ: 98152-33232