ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਅੱਜ
* ਚੰਡੀਗੜ੍ਹ ਵਿੱਚ ਵੀਰਵਾਰ ਸ਼ਾਮ ਨੂੰ 5 ਵਜੇ ਹੋਵੇਗੀ ਮੀਟਿੰਗ
* ਕੇਂਦਰੀ ਵਜ਼ੀਰ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿੱਤਿਆ ਨੰਦ ਹੋਣਗੇ ਸ਼ਾਮਲ
* ਮੁੰਡਾ ਵੱਲੋਂ ਦਿੱਲੀ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵਿਚਾਰ ਚਰਚਾ
ਚਰਨਜੀਤ ਭੁੱਲਰ
ਚੰਡੀਗੜ੍ਹ, 14 ਫਰਵਰੀ
ਪੰਜਾਬ ਤੇ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰੱਹਦਾਂ ’ਤੇ ਕਿਸਾਨਾਂ ਦੇ ਵਧ ਰਹੇ ਰੋਹ ਦਰਮਿਆਨ ਤਿੰਨ ਕੇਂਦਰੀ ਵਜ਼ੀਰ ਵੀਰਵਾਰ ਨੂੰ ਸ਼ਾਮੀਂ ਪੰਜ ਵਜੇ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਕੇਂਦਰ ਸਰਕਾਰ ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਲਈ ਦਿੱਤੇ ‘ਭਾਰਤ ਬੰਦ’ ਦੇ ਸੱਦੇ ਤੋਂ ਪਹਿਲਾਂ ਮੌਜੂਦਾ ਕਿਸਾਨ ਸੰਘਰਸ਼ ਨੂੰ ਨਬਿੇੜਨ ਦੇ ਰੌਂਅ ਵਿਚ ਜਾਪਦੀ ਹੈ। ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨੂੰ ਰਸਮੀ ਗੱਲਬਾਤ ਲਈ ਸੱਦਾ ਭੇਜ ਦਿੱਤਾ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਸਵੀਕਾਰ ਕਰ ਲਿਆ ਹੈ। ਬੈਠਕ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿੱਤਿਆ ਨੰਦ ਸ਼ਾਮਲ ਹੋਣਗੇ। ਵੇਰਵਿਆਂ ਅਨੁਸਾਰ ਨੀਮ ਫੌਜੀ ਬਲਾਂ ਅਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅਪਣਾਏ ਹੱਥਕੰਡਿਆਂ ਨੇ ਪੰਜਾਬ ਦੀ ਕਿਸਾਨੀ ’ਚ ਰੋਸ ਭਰ ਦਿੱਤਾ ਹੈ। ਸਮੁੱਚੇ ਸੂਬੇ ’ਚੋਂ ਪੰਜਾਬ-ਹਰਿਆਣਾ ਸਰਹੱਦ ’ਤੇ ਚੱਲ ਰਹੇ ਸੰਘਰਸ਼ ਨੂੰ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ। ਬੀਕੇਯੂ (ਉਗਰਾਹਾਂ) ਨੇ ਵੀ ਭਲਕੇ ਚਾਰ ਘੰਟਿਆਂ ਲਈ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਖੁਫੀਆ ਰਿਪੋਰਟਾਂ ਮਿਲਣ ਮਗਰੋਂ ਕੇਂਦਰ ਸਰਕਾਰ ਹੁਣ ਇਸ ਸੰਘਰਸ਼ ਨੂੰ ਲਮਕਾਉਣਾ ਨਹੀਂ ਚਾਹੁੰਦੀ ਹੈ। ਸੂਤਰਾਂ ਅਨੁਸਾਰ ਵੀਰਵਾਰ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਵਜ਼ੀਰਾਂ ਨੇ ਅੱਜ ਦਿੱਲੀ ’ਚ ਵਿਚਾਰ ਚਰਚਾ ਵੀ ਕੀਤੀ। ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਅੱਜ ਇਸ ਮੁੱਦੇ ’ਤੇ ਮੀਟਿੰਗ ਕੀਤੇ ਜਾਣ ਦੀ ਚਰਚਾ ਹੈ। ਉਧਰ ਅੱਜ ਸ਼ਾਮੀਂ ਕਿਸਾਨ ਆਗੂਆਂ ਨਾਲ ਪੰਜਾਬ ਸਰਕਾਰ ਦੇ ਸੀਨੀਅਰ ਪੁਲੀਸ ਅਫਸਰਾਂ ਵੱਲੋਂ ਰਾਜਪੁਰਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿਚ ਭਲਕੇ ਦੀ ਮੀਟਿੰਗ ਦੀ ਰੂਪਰੇਖਾ ਤੋਂ ਜਾਣੂ ਕਰਵਾਇਆ ਗਿਆ। ਸੂਤਰ ਦੱਸਦੇ ਹਨ ਕਿ ਕਿਸਾਨ ਆਗੂਆਂ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਤੀਜੇ ਗੇੜ ਦੀ ਮੀਟਿੰਗ ਵਿਚ ਲਿਖਤੀ ਭਰੋਸੇ ਤੋਂ ਹੇਠਾਂ ਕੋਈ ਗੱਲ ਨਹੀਂ ਕਰਨਗੇ।
ਕੇਂਦਰੀ ਵਜ਼ੀਰ ਅਰਜੁਨ ਮੁੰਡਾ ਅਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨ ਆਗੂ ਗੱਲਬਾਤ ਲਈ ਵਾਪਸ ਆਉਣ ਕਿਉਂਕਿ ਭਾਰਤ ਸਰਕਾਰ ਹਮੇਸ਼ਾ ਗੱਲਬਾਤ ਲਈ ਤਿਆਰ ਹੈ। ਗੱਲਬਾਤ ਦਾ ਸੱਦਾ ਮਿਲਣ ਮਗਰੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਇਕੱਠ ਤੋਂ ਗੱਲਬਾਤ ਵਾਸਤੇ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ ਅਤੇ ਮੁੜ ਗੱਲਬਾਤ ਲਈ ਸੱਦਿਆ ਹੈ। ਕਿਸਾਨ ਆਗੂਆਂ ਨੇ ਸ਼ਰਤ ਰੱਖੀ ਹੈ ਕਿ ਭਾਰਤ ਸਰਕਾਰ ਪਹਿਲਾਂ ਗੱਲਬਾਤ ਦਾ ਮਾਹੌਲ ਤਿਆਰ ਕਰੇ ਅਤੇ ਅੰਤਰਰਾਜੀ ਸਰਹੱਦ ’ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਬੰਦ ਕੀਤੇ ਜਾਣ ਤਾਂ ਜੋ ਗੱਲਬਾਤ ਲਈ ਸੁਖਾਵਾਂ ਮਾਹੌਲ ਬਣ ਸਕੇ।
ਇਸ ਤੋਂ ਪਹਿਲਾਂ ਕੇਂਦਰੀ ਵਜ਼ੀਰਾਂ ਨੇ ਕਿਸਾਨ ਆਗੂਆਂ ਨਾਲ 8 ਤੇ 12 ਫਰਵਰੀ ਨੂੰ ਕ੍ਰਮਵਾਰ ਪਹਿਲੇ ਤੇ ਦੂਜੇ ਗੇੜ ਦੀ ਮੀਟਿੰਗ ਕੀਤੀ ਸੀ। ‘ਦਿੱਲੀ ਕੂਚ’ ਤੋਂ ਪਹਿਲਾਂ ਹੋਈਆਂ ਇਨ੍ਹਾਂ ਦੋਵਾਂ ਮੀਟਿੰਗਾਂ ਵਿਚ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਸਕੀ ਸੀ। ਮੌਜੂਦਾ ਹਾਲਾਤ ਤੋਂ ਜਾਪਦਾ ਹੈ ਕਿ ਜੇਕਰ ਭਲਕੇ ਦੀ ਮੀਟਿੰਗ ਵਿਚ ਕੇਂਦਰੀ ਵਜ਼ੀਰ ਪਹਿਲੀਆਂ ਦੋ ਮੀਟਿੰਗਾਂ ’ਚ ਕੀਤੀ ਪੇਸ਼ਕਸ਼ ਤੋਂ ਅਗਾਂਹ ਨਾ ਵਧੇ ਤਾਂ ਫਿਰ ਕੋਈ ਠੋਸ ਨਤੀਜੇ ਆਉਣ ਦੀ ਸੰਭਾਵਨਾ ਘੱਟ ਜਾਪਦੀ ਹੈ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਅੱਜ ਅਨੁਸ਼ਾਸਨ ਤੇ ਜ਼ਾਬਤਾ ਦੇਖਣ ਨੂੰ ਮਿਲਿਆ, ਪਰ ਹਰਿਆਣਾ ਤਰਫੋਂ ਨੀਮ ਸੈਨਿਕ ਬਲਾਂ ਅਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗਣੇ ਜਾਰੀ ਰੱਖੇ। ਸਿੱਟੇ ਵਜੋਂ ਅੱਜ ਦੋ ਦਰਜਨ ਕਿਸਾਨ ਜ਼ਖਮੀ ਹੋ ਗਏ। ‘ਦਿੱਲੀ ਕੂਚ’ ਦੇ ਦੂਜੇ ਦਿਨ ਪੰਜਾਬ ਭਰ ’ਚੋਂ ਕਿਸਾਨ ਖਨੌਰੀ ਤੇ ਸ਼ੰਭੂ ਸਰਹੱਦ ’ਤੇ ਪਹੁੰਚਣੇ ਜਾਰੀ ਰਹੇ। ਹਰਿਆਣਾ ’ਚੋਂ ਔਰਤਾਂ ਦੇ ਕੁਝ ਜਥੇ ਖਨੌਰੀ ਸਰਹੱਦ ’ਤੇ ਵੀ ਪੁੱਜੇ ਹਨ। ਹਰਿਆਣਾ ਪੁਲੀਸ ਨੇ ਅੱਜ ਖਨੌਰੀ ਸਰਹੱਦ ਲਾਗੇ ਜਿੱਥੇ ਹਰਿਆਣਾ ਦੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ, ਉਥੇ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਜਾਰੀ ਰੱਖੇ। ਖਨੌਰੀ ਸਰਹੱਦ ’ਤੇ ਮਾਹੌਲ ਵਧੇਰੇ ਤਣਾਅਪੂਰਨ ਰਿਹਾ। ਖਨੌਰੀ ਸਰਹੱਦ ’ਤੇ ਦਰਜਨਾਂ ਕਿਸਾਨ ਅਤੇ ਨੌਜਵਾਨ ਜ਼ਖ਼ਮੀ ਹੋਏ ਹਨ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅੱਜ ਹਰਿਆਣਾ ਦਾ ਮੁੜ ਜ਼ਾਲਮ ਰਵੱਈਆ ਸਾਹਮਣੇ ਆਇਆ ਹੈ ਅਤੇ ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਨੇ ਦਰਜਨਾਂ ਕਿਸਾਨ ਜ਼ਖ਼ਮੀ ਕਰ ਦਿੱਤੇ ਹਨ। ਸ਼ੰਭੂ ਬਾਰਡਰ ’ਤੇ ਨੌਜਵਾਨਾਂ ਨੇ ਅੱਥਰੂ ਗੈਸ ਦੇ ਗੋਲਿਆਂ ਨੂੰ ਠੁੱਸ ਕਰਨ ਦਾ ਤਰੀਕਾ ਲੱਭਿਆ, ਜਿਸ ਨਾਲ ਇਹ ਗੋਲੇ ਅਸਰਹੀਣ ਹੋ ਰਹੇ ਹਨ। ਹਵਾਈ ਪੱਖਿਆਂ ਨਾਲ ਧੂੰਏਂ ਦਾ ਨਿਕਾਸ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਖ਼ੁਦ ਗੱਲਬਾਤ ਕਰਨ: ਧਾਲੀਵਾਲ
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਕਿਸਾਨਾਂ ਨਾਲ ਖੁਦ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਵਾਸਤੇ ਦਿੱਲੀ ਦੇ ਰਾਹ ਨਹੀਂ ਰੋਕਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਦਿੱਲੀ ਵਿਚ ਪ੍ਰਦਰਸ਼ਨ ਵਾਸਤੇ ਜਗ੍ਹਾ ਅਲਾਟ ਕਰਨੀ ਚਾਹੀਦੀ ਹੈ।
ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਬਹੁ-ਪਰਤੀ ਬੈਰੀਕੇਡਿੰਗ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕਿਸਾਨਾਂ ਦੇ ‘ਦਿੱਲੀ ਚਲੋ’ ਪ੍ਰੋਗਰਾਮ ਦੇ ਮੱਦੇਨਜ਼ਰ ਪੁਲੀਸ ਨੇ ਸਿੰਘੂ ਅਤੇ ਟਿਕਰੀ ਸਰਹੱਦ ’ਤੇ ਬਹੁਪਰਤੀ ਬੈਰੀਕੇਡਿੰਗ ਲਗਾ ਕੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਿਸ ਨਾਲ ਦਿੱਲੀ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਹਰਿਆਣਾ ਨਾਲ ਲੱਗਦੀਆਂ ਸਿੰਘੂ ਅਤੇ ਟਿਕਰੀ ਸਰਹੱਦਾਂ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਦਿੱਲੀ ਵੱਲ ਮਾਰਚ ਰੋਕਣ ਲਈ ਸਿੰਘੂ ਸਰਹੱਦ ਨੇੜੇ ਪਿੰਡ ਵਿੱਚ ਸੜਕ ਦਾ ਇੱਕ ਹਿੱਸਾ ਪੁੱਟ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਨਾਲ ਲੱਗਦੀ ਅਪਸਰਾ ਅਤੇ ਗਾਜ਼ੀਪੁਰ ਹੱਦਾਂ ਆਵਾਜਾਈ ਲਈ ਖੁੱਲ੍ਹੀਆਂ ਹਨ ਪਰ ਦੋਵਾਂ ’ਤੇ ਭਾਰੀ ਸੁਰੱਖਿਆ ਬਲ ਤਾਇਨਾਤ ਹਨ। ਟਰੈਫਿਕ ਪੁਲੀਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਦਿੱਲੀ-ਨੋਇਡਾ-ਦਿੱਲੀ ਮਾਰਗ ਦੀਆਂ 2 ਲੇਨਾਂ ਆਮ ਲੋਕਾਂ ਲਈ ਖੋਲ੍ਹੀਆਂ ਹਨ। ਪੁਲੀਸ ਨੇ ਕਿਹਾ ਕਿ ਦਿੱਲੀ ਤੋਂ ਹਰਿਆਣਾ ਤੇ ਪੰਜਾਬ ਲਈ ਰੋਹਤਕ ਰੋਡ, ਨਜ਼ਫਗੜ੍ਹ-ਝਰੋਦਾ ਰੋਡ ਅਤੇ ਨਜ਼ਫਗੜ੍ਹ-ਧਾਂਸਾ ਰੋਡ ਰਾਹੀਂ ਜਾਇਆ ਜਾਵੇ।
‘ਕਿਸਾਨ ਅੰਨਦਾਤੇ, ਅਪਰਾਧੀ ਨਹੀਂ’
ਨਵੀਂ ਦਿੱਲੀ: ਖੇਤੀ ਵਿਗਿਆਨੀ ਡਾਕਟਰ ਐੱਮ ਐੱਸ ਸਵਾਮੀਨਾਥਨ ਦੀਆਂ ਧੀਆਂ ਮਧੁਰਾ ਅਤੇ ਸੌਮਿਆ ਨੇ ਕਿਹਾ ਹੈ ਕਿ ਕਿਸਾਨ ਅੰਨਦਾਤੇ ਹਨ ਅਤੇ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਿਹਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਹਰਿਆਣਾ ਪੁਲੀਸ ਵੱਲੋਂ ਅੰਨ੍ਹੇਵਾਹ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨ ਅਤੇ ਦਿੱਲੀ ਜਾਣ ਵਾਲੇ ਰਾਹ ’ਤੇ ਖੜ੍ਹੇ ਕੀਤੇ ਗਏ ਅੜਿੱਕਿਆਂ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਕਿਸਾਨਾਂ ਉਪਰ ਜ਼ੁਲਮ ਦੀ ਥਾਂ ’ਤੇ ਉਨ੍ਹਾਂ ਨੂੰ ਇੱਜ਼ਤ-ਮਾਣ ਦੇਣਾ ਚਾਹੀਦਾ ਹੈ। ਡਾ. ਸਵਾਮੀਨਾਥਨ ਨੂੰ ਮੋਦੀ ਸਰਕਾਰ ਨੇ ਮਰਨ ਉਪਰੰਤ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ। ਬੰਗਲੂਰੂ ’ਚ ਇੰਡੀਅਨ ਸਟੈਟੀਸਟੀਕਲ ਇੰਸਟੀਚਿਊਟ ਦੀ ਆਰਥਿਕ ਅਧਿਐਨ ਇਕਾਈ ਦੀ ਮੁਖੀ ਮਧੁਰਾ ਨੇ ਕਿਹਾ ਕਿ ਦੇਸ਼ ਦੇ ਉੱਘੇ ਖੇਤੀ ਵਿਗਿਆਨੀਆਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਮਸਲਿਆਂ ਦਾ ਢੁੱਕਵਾਂ ਹੱਲ ਕੱਢਿਆ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਉਹ ਐੱਮ ਐੱਸ ਸਵਾਮੀਨਾਥਨ ਦਾ ਸਨਮਾਨ ਕਰਨਾ ਚਾਹੁੰਦੇ ਹਨ ਤਾਂ ਕਿਸਾਨਾਂ ਨੂੰ ਵੀ ਨਾਲ ਲੈ ਕੇ ਚਲਣਾ ਪਵੇਗਾ। ਸੌਮਿਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਛੋਟੀਆਂ ਜੋਤਾਂ ਵਾਲੇ ਕਿਸਾਨਾਂ ਨੂੰ ਹੱਕ ਦਿਵਾਉਣ ਦੇ ਪੱਖ ’ਚ ਸਨ। ਉਨ੍ਹਾਂ ਕਿਹਾ ਕਿ ਅੰਨਦਾਤਾ ਕੋਈ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਨਹੀਂ ਜੀਅ ਰਿਹਾ ਹੈ ਅਤੇ ਉਸ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। -ਏਜੰਸੀ
ਸਰਕਾਰ ਗੋਲੇ ਦਾਗਣੇ ਬੰਦ ਕਰੇ: ਡੱਲੇਵਾਲ/ਪੰਧੇਰ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਸੁਰਜੀਤ ਸਿੰਘ ਫੂਲ ਨੇ ਅੱਜ ਸ਼ਾਮੀਂ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਨੂੰ ਤੀਜੇ ਗੇੜ ਦੀ ਗੱਲਬਾਤ ਦਾ ਸੱਦਾ ਮਿਲਿਆ ਹੈ ਅਤੇ ਉਹ ਭਲਕੇ ਮੀਟਿੰਗ ਵਿਚ ਸ਼ਾਮਲ ਹੋਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ-ਹਰਿਆਣਾ ਸਰਹੱਦ ’ਤੇ ਗੋਲੇ ਦਾਗਣੇ ਬੰਦ ਕਰਾਏ ਜਾਣ ਅਤੇ ਭਲਕੇ ਸ਼ੰਭੂ ਤੇ ਖਨੌਰੀ ਸਰਹੱਦਾਂ ’ਤੇ ਸਰਕਾਰ ਤਰਫੋਂ ਹਾਲਾਤ ਠੀਕ ਰੱਖੇ ਗਏ ਤਾਂ ਹੀ ਭਲਕ ਦੀ ਮੀਟਿੰਗ ਸੰਭਵ ਹੋਵੇਗੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਬਲ ਪ੍ਰਯੋਗ ਕੀਤਾ ਜਾ ਰਿਹਾ ਹੈ ਜਦੋਂ ਕਿ ਕਿਸਾਨਾਂ ਨੇ ਅੱਜ ਪੂਰਾ ਦਿਨ ਸੰਜਮ ਵਰਤਿਆ। ਉਹ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਹਿੰਸਕ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਵਰਤਾਓ ਕੀਤਾ ਜਾ ਰਿਹਾ ਹੈ। ਦੇਸ਼ ਵਿਰੋਧੀ ਆਖ ਕੇ ਟਵਿੱਟਰ ਹੈਂਡਲ ਬੰਦ ਕੀਤੇ ਜਾ ਰਹੇ ਹਨ ਤੇ ਦੂਜੇ ਸੂਬਿਆਂ ਵਿਚ ਹਮਾਇਤੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਪ੍ਰਸਥਿਤੀਆਂ ਦੇ ਬਾਵਜੂਦ ਉਹ ਗੱਲਬਾਤ ਤੋਂ ਪਿਛਾਂਹ ਨਹੀਂ ਹਟੇ ਹਨ। ਉਨ੍ਹਾਂ ਤੀਜੇ ਗੇੜ ਦੀ ਗੱਲਬਾਤ ਕਰਨ ਲਈ ਪਹਿਲਾਂ ਕਿਸਾਨ ਇਕੱਠ ਤੋਂ ਪ੍ਰਵਾਨਗੀ ਲਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਅੰਦੋਲਨ ਦੀ ਰੱਖਿਆ ਕਰਨ ਦਾ ਵੇਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਲਕ ਦੀ ਮੀਟਿੰਗ ਵਿਚ ਕੋਈ ਹੱਲ ਕੱਢਣਾ ਚਾਹੁੰਦੀ ਹੈ ਤਾਂ ਸਾਰਥਿਕ ਲਹਿਜੇ ਨਾਲ ਠੋਸ ਤਜਵੀਜ਼ ਲੈ ਕੇ ਆਵੇ।