ਜਗਮੋਹਨ ਸਿੰਘਰੂਪਨਗਰ, 27 ਨਵੰਬਰRoopNagar:ਇੱਥੇ ਐੱਨਸੀਸੀ ਅਕੈਡਮੀ ਵਿੱਚ ਸੀਵਰੇਜ ਖੋਲ੍ਹਣ ਲਈ ਹੌਦੀ ਵਿੱਚ ਉੱਤਰੇ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ ਤੀਜੇ ਵਿਅਕਤੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਸਿਟੀ ਰੂਪਨਗਰ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਐੱਨਸੀਸੀ ਅਕੈਡਮੀ ਵਿੱਚ ਜਦੋਂ ਠੇਕੇਦਾਰ ਦਾ ਕਾਮਾ ਸੀਵਰੇਜ ਖੋਲ੍ਹਣ ਲਈ ਹੌਦੀ ਵਿੱਚ ਉੱਤਰਿਆ ਤਾਂ ਕੁਝ ਸਮੇਂ ਬਾਅਦ ਉਸ ਨੇ ਬਚਾਅ ਲਈ ਆਵਾਜ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਉਸ ਨੂੰ 23 ਬਟਾਲੀਅਨ ਪੰਜਾਬ ਦੇ ਹੌਲਦਾਰ ਪਿੰਟੂ ਕੁਮਾਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁਦ ਬੇਹੋਸ਼ ਹੋ ਗਿਆ।ਉਨ੍ਹਾਂ ਦੱਸਿਆ ਕਿ ਇੰਨੇ ਸਮੇਂ ਵਿੱਚ ਹੀ ਹੌਲਦਾਰ ਪ੍ਰਸ਼ੋਤਮ ਲਾਲ ਵੀ ਉਨ੍ਹਾਂ ਨੂੰ ਬਚਾਉਣ ਲਈ ਹੇਠਾਂ ਗਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬੀਗਨ ਭਗਤ ਵਾਸੀ ਯੂਪੀ ਅਤੇ ਹੌਲਦਾਰ ਪਿੰਟੂ ਕੁਮਾਰ ਵਾਸੀ ਯੂਪੀ ਵਜੋਂ ਹੋਈ ਹੈ। ਹੌਲਦਾਰ ਪ੍ਰਸ਼ੋਤਮ ਲਾਲ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਡਾ. ਗੌਰਵ ਬੂਟਾ ਨੇ ਦੱਸਿਆ ਕਿ ਐੱਨਸੀਸੀ ਅਕੈਡਮੀ ਤੋਂ ਲਿਆਂਦੇ ਤਿੰਨ ਵਿਅਕਤੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਸਬੰਧੀ ਪੋਸਟ ਮਾਰਟਮ ਰਿਪੋਰਟ ਆਉਣ ’ਤੇ ਹੀ ਪਤਾ ਲੱਗ ਸਕੇਗਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਸ ਘਟਨਾ ਦੀ 48 ਘੰਟੇ ਦੇ ਅੰਦਰ ਮੈਜਿਸਟ੍ਰੇਟ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।