For the best experience, open
https://m.punjabitribuneonline.com
on your mobile browser.
Advertisement

ਗੱਲ ਝੂਠੀ ਸੱਚੀ

08:26 AM Oct 01, 2023 IST
ਗੱਲ ਝੂਠੀ ਸੱਚੀ
Advertisement

ਸ਼ਮਸ਼ੇਰ ਸੰਧੂ

ਆਪਣੇ ਜਾਣੇ ਗੱਲ ਸਦਾ ਹੀ ਤੂੰ ਕਰਦਾ ਏਂ ਪੱਕੀ।
ਸਦਾ ਹੀ ਅੱਧੀ ਝੂਠ ਹੈ ਹੁੰਦੀ ਅੱਧੀ ਹੁੰਦੀ ਸੱਚੀ।
ਖੂਹ ਵੀ ਨਹੀਂ, ਖਰਾਸ ਵੀ ਨਹੀਂ ਤੇ ਬਲਦ ਵੀ ਨਹੀਂਉਂ ਦਿਸਦੇ
ਨਾ ਹੀ ਦਾਦੀ ਆਟਾ ਪੀਹਵੇ ਨਾ ਹੀ ਘਰ ਵਿੱਚ ਚੱਕੀ।
ਗੱਲ ਕਹਿੰਦੀ ਜੇ ਮੂੰਹੋਂ ਕੱਢਿਆ, ਮੈਂ ਕੱਢ ਦੂੰਗੀ ਪਿੰਡੋਂ
ਏਸੇ ਵਿੱਚ ਸਿਆਣਪ ਹੈ ਤੂੰ ਗੱਲ ਰਹਿਣ ਦੇ ਢੱਕੀ।
ਜ਼ਰਬਾਂ ਤੇ ਤਕਸੀਮਾਂ ਵਾਲੇ ਮਾਲਾਮਾਲ ਹੋ ਜਾਂਦੇ
ਤੇਰੇ ਜਿਹੇ ਜਜ਼ਬਾਤੀ ਕਰ ਨਾ ਸਕਦੇ ਖ਼ਾਸ ਤਰੱਕੀ।
ਚੁਗਲੀਆਂ ਤੇ ਬਦਖੋਈਆਂ ਨੇ ਕਰ ਦਿੱਤੀ ਹੈ ਬਦਹਜ਼ਮੀ
ਤੇਰੇ ਪੇਟ ਨੂੰ ਕੀ ਕਰੂਗੀ ਚੂਰਨ ਦੀ ਇੱਕ ਫੱਕੀ।
ਮੈਂ ਦੇਸੀ ਹਾਂ ਦੇਸੀ ਰਹਿਣਾ ਨਹੀਂ ਬਦਲਣੀ ਭਾਸ਼ਾ
ਨਿੱਛ ਨੂੰ ਮੈਂ ਤਾਂ ਛਿੱਕ ਹੀ ਕਹਿਣਾ ਪੰਝੀ ਨੂੰ ਮੈਂ ਪੱਚੀ।

Advertisement

ਜੀਹਦੇ ਲਈ ਤੂੰ ਛੱਡਿਆ ਸਾਨੂੰ ਛੱਡ ਗਈ ਉਹ ਤੈਨੂੰ
ਇਹ ਗੱਲ ਮੈਨੂੰ ਤੂੰ ਨਈਂ ਦੱਸੀ ਹੋਰ ਕਿਸੇ ਨੇ ਦੱਸੀ।
ਦਾਨਾਬਾਦ ਦੇ ਨੇੜੇ ਇੱਕ ਥਾਂ ਆਸ਼ਕ ਟੇਕਣ ਮੱਥਾ
ਜਿੱਥੇ ਮਿਰਜ਼ਾ ਸਾਹਿਬਾਂ ਸੁੱਤੇ ਨੇੜ ਹੀ ਸੁੱਤੀ ਬੱਕੀ।
ਬਹੁਤ ਔਖਾ ਗੁਰਭਜਨ ਮੇਰੇ ’ਤੇ ਮੈਂ ਪਰ ਉਸ ’ਤੇ ਥੋੜ੍ਹਾ
ਫਿਰ ਵੀ ਦੇਖੋ ਸਾਡੀ ਯਾਰੀ ਚਾਲੀ ਸਾਲ ਤੋਂ ਪੱਕੀ।
ਗਿੱਧਾ ਦੇਖਦੇ ਸਾਰੇ ਗੱਭਰੂ ਬਹਿਗੇ ਕਾਲਜਾ ਫੜ ਕੇ
ਸੂਹੇ ਮੁਖੜੇ ਤੋਂ ਜਦ ਉਸ ਨੇ ਸੂਹੀ ਚੁੰਨੀ ਚੱਕੀ।
ਉਸ ਦੇ ਮੂੰਹੋਂ ਗੱਲ ਜੋ ਨਿਕਲੇ ਹੋ ਜਾਂਦੀ ਏ ਸੱਚੀ
ਕਾਕੇ ਲੁਧਿਆਣੇ ਦੇ ਮੈਨੂੰ ਲੱਗਦੈ ਦੰਦ ਨੇ ਬੱਤੀ।
ਪਾਗਲ ਨਾ ਬਣ ਮਿੱਤਰਾ ਉਹ ਤਾਂ ਕੁੜੀ ਵਿਚਾਰੀ ਪਾਗਲ
ਬੂਹੇ ਵਿੱਚ ਖੜੋ ਕੇ ਰੋਜ਼ ਹੀ ਜਾਂਦੀ ਹੈ ਜੋ ਹੱਸੀ।
ਬਾਬੇ ਦੇ ਕੰਨ ਅੱਖਾਂ ਗੋਡੇ ਮੋਢੇ ਅਜੇ ਨਰੋਏ
ਹੋਊਗਾ ਠੱਤਰ ਣਾਸੀ ਜਾਂ ਫਿਰ ਹੋਣਾ ਹੈ ਉਹ ਅੱਸੀ।
ਦਿਲੋਂ ਕਿਸੇ ਦਾ ਬੁਰਾ ਨਹੀਂ ਤੱਕਦਾ, ਅੰਦਰੋਂ ਸਾਫ਼ ਹੈ ਸੰਧੂ
ਵਹਿਣ ’ਚ ਵਹਿ ਕੇ ਕਹਿ ਹੋ ਜਾਂਦੀ ਗੱਲ ਕੋਈ ਠੰਢੀ-ਤੱਤੀ।
ਸੰਪਰਕ: 98763-12860

Advertisement

Advertisement
Author Image

joginder kumar

View all posts

Advertisement