For the best experience, open
https://m.punjabitribuneonline.com
on your mobile browser.
Advertisement

ਸੰਘਰਸ਼ ਲਈ ਪ੍ਰੇਰਨਾ ਦਿੰਦਾ ਨਾਵਲ

08:27 AM Jul 26, 2024 IST
ਸੰਘਰਸ਼ ਲਈ ਪ੍ਰੇਰਨਾ ਦਿੰਦਾ ਨਾਵਲ
Advertisement

ਬਲਦੇਵ ਸਿੰਘ (ਸੜਕਨਾਮਾ)
ਇੱਕ ਪੁਸਤਕ - ਇੱਕ ਨਜ਼ਰ
ਅਤਰਜੀਤ ਦੀਆਂ ਕਹਾਣੀਆਂ ਤੋਂ ਮੈਂ ਲਿਖਣਾ ਸਿੱਖਿਆ। ਭਲੇ ਵੇਲਿਆਂ ਦੀ ਗੱਲ ਹੈ, ਅਤਰਜੀਤ ਕਲਕੱਤੇ ਐਕੂਪਰੈਸ਼ਰ ਰਾਹੀਂ ਆਪਣੀਆਂ ਨਸਾਂ ਦਾ ਇਲਾਜ ਕਰਵਾਉਣ ਆਇਆ ਸੀ। ਉਦੋਂ ਮੈਂ ਕਲਕੱਤੇ ਸਾਂ ਤੇ ਉਸ ਦੇ ਕਹਾਣੀ ਸੰਗ੍ਰਹਿ ‘ਮਾਸਖੋਰੇ’ ਦੀਆਂ ਕਹਾਣੀਆਂ ਪੜ੍ਹ ਕੇ ਹੈਰਾਨ ਸਾਂ, ਇਹ ਲੋਕਾਂ ਅਤੇ ਬੇਗਾਨੇ ਪਰਿਵਾਰਾਂ ਦੇ ਘਰਾਂ ਦੀਆਂ ਨੁੱਕਰਾਂ ਵਿੱਚ ਕਿਵੇਂ ਝਾਕ ਲੈਂਦਾ ਹੈ? ਉਸ ਸਮੇਂ ਮੈਂ ਲੇਖਣ ਵਾਲੇ ਪਾਸੇ ਆਉਣ ਲਈ ਡਾਵਾਂਡੋਲ ਜਿਹਾ ਹੀ ਸਾਂ।
ਹੁਣ ਤੱਕ ਅਤਰਜੀਤ 10 ਕਹਾਣੀ ਸੰਗ੍ਰਹਿ, ਦੋ ਨਾਵਲ, 6 ਸੰਪਾਦਿਤ ਪੁਸਤਕਾਂ, 8 ਬਾਲ ਸਾਹਿਤ ਪੁਸਤਕਾਂ, ਨਿਬੰਧ, ਖੋਜ, ਆਤਮਕਥਾ ‘ਅੱਕ ਦਾ ਦੁੱਧ’ ਲਿਖ ਕੇ ਸਾਹਿਤ ਜਗਤ ਵਿੱਚ ਭਰਪੂਰ ਯੋਗਦਾਨ ਪਾ ਚੁੱਕਿਆ ਹੈ। ਪੁਸਤਕ ‘ਅਬ ਜੂਝਣ ਕੋ ਦਾਉ’ (ਕੀਮਤ: 250 ਰੁਪਏ; ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਬਠਿੰਡਾ) ਉਸ ਦਾ ਦੂਜਾ ਨਾਵਲ ਹੈ ਜਿਸ ਨੂੰ ਉਸ ਨੇ ਖ਼ੁਦ ਇਤਿਹਾਸਕ ਨਾਵਲ ਮੰਨਿਆ ਹੈ।
ਨਾਵਲ ਛਪਣ ਤੋਂ ਪਹਿਲਾਂ ਅਤਰਜੀਤ ਨੇ ਸਾਹਿਤ ਜਗਤ ਦੇ ਵੱਡੇ ਦਾਨਿਸ਼ਵਰਾਂ, ਵਿਦਵਾਨਾਂ ਅਤੇ ਸਿਰਜਕਾਂ ਪਾਸੋਂ ਵਿਸ਼ਲੇਸ਼ਣ ਕਰਵਾਇਆ ਹੈ। ਉਸ ਦੇ ਕਹਿਣ ਅਨੁਸਾਰ ਇਨ੍ਹਾਂ ਤੋਂ ਨਿੱਗਰ ਸੁਝਾਅ ਵੀ ਲਏ ਹਨ। ਇਸ ਤਰ੍ਹਾਂ ਇਹ ਨਾਵਲ ਚੋਖੀ ਪੁਣਛਾਣ ਅਤੇ ਤਫ਼ਤੀਸ਼ ਵਿੱਚੋਂ ਲੰਘ ਕੇ ਪਾਠਕਾਂ ਦੇ ਹੱਥਾਂ ਤੱਕ ਪੁੱਜਿਆ ਹੈ। ਪਹਿਲੇ ਕਾਂਡ ਤੱਕ ਜਾਣ ਤੋਂ ਪਹਿਲਾਂ ਪਾਠਕ ਨੂੰ ਦੋ ਹੋਰ ਪੜਾਅ ਪਾਰ ਕਰਨੇ ਪੈਂਦੇ ਹਨ। ਨਾਵਲ ਲਈ ਮੁੱਖ ਸ਼ਬਦ ਪੰਜਾਬੀ ਸਾਹਿਤ ਦੇ ਵੱਡੇ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਲਿਖੇ ਹਨ ਤੇ ਅਤਰਜੀਤ ਦੀ ਸਾਹਿਤਕਾਰੀ ਬਾਰੇ ਹਰਿਆਣੇ ਦੇ ਪਿੰਡ ਕਰੀਰਵਾਲਾ ਦੇ ਸੁਵਰਨ ਸਿੰਘ ਵਿਰਕ ਨੇ ਲਿਖਿਆ ਹੈ।
ਨਾਵਲ ਦਾ ਆਰੰਭ ਸ਼ਾਹ ਮੁਹੰਮਦ ਦੇ ਜੰਗਨਾਮੇ ’ਚੋਂ ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਸਿਫ਼ਤਾਂ ਨਾਲ ਹੁੰਦਾ ਹੈ ਤੇ ਨਾਲ ਹੀ ਲੇਖਕ ਦੇ ਇਰਾਦੇ ਦਾ ਆਭਾਸ ਹੁੰਦਾ ਹੈ ਕਿ ਉਹ ਲੰਮੀ ਪਾਰੀ ਖੇਡਣ ਦੇ ਰੌਂਅ ਵਿੱਚ ਹੈ। ਪਾਠਕ ਨੂੰ ਲਗਪਗ ਪੌਣੇ ਦੋ ਜਾਂ ਦੋ ਸਦੀਆਂ ਵਿਚਦੀ ਗੁਜ਼ਰਨਾ ਪਏਗਾ। ਜਿਉਂ-ਜਿਉਂ ਮੈਂ ਨਾਵਲ ਪੜ੍ਹਦਾ ਗਿਆ, ਆਪਣੀ ਧਾਰਨਾ ਦੀ ਸਚਾਈ ਦੇ ਰੂ-ਬ-ਰੂ ਹੁੰਦਾ ਗਿਆ। ਲਗਪਗ ਇਨ੍ਹਾਂ ਦੋ ਸੌ ਵਰ੍ਹਿਆਂ ਵਿੱਚ ਭਾਰਤ ਅਤੇ ਖ਼ਾਸਕਰ ਪੰਜਾਬ ਵਿੱਚ ਕੀ ਵਾਪਰਿਆ। ਗੋਰਿਆਂ ਨੇ ਕਿੰਨੇ ਜ਼ੁਲਮ ਕੀਤੇ। ਸਿੰਘਾਂ ਅਤੇ ਡੋਗਰਿਆਂ ਨੇ ਗੱਦਾਰੀਆਂ ਨਾਲ ਖ਼ਾਲਸਾ ਰਾਜ ਕਿਵੇਂ ਗੁਆਇਆ। ਲੋਕ ਲਹਿਰਾਂ ਉੱਠੀਆਂ, ਸਿਆਸੀ ਉਥਲ-ਪੁਥਲ ਹੋਈ। ਤੱਤੀਆਂ ਹਵਾਵਾਂ ਪੰਜਾਬ ਵਿੱਚ ਵਗੀਆਂ। ਆਜ਼ਾਦੀ ਲਈ ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਆਖ਼ਰ ਅੱਜ ਦੇ ਕਿਸਾਨੀ ਘੋਲ ਤੱਕ ਆ ਕੇ ਨਾਵਲੀ ਬਿਰਤਾਂਤ ਸਾਹ ਲੈਂਦਾ ਹੈ। ਲੇਖਕ ਨੇ ਇਸ ਸਾਰੀ ਪ੍ਰਕਿਰਿਆ ਨੂੰ ਲੰਮੀ ਮੈਰਾਥਨ ਦੌੜ ਵਾਂਗ ਸਿਰਜਿਆ ਹੈ। ਅਜਿਹੇ ਨਾਵਲ ਨੂੰ ਪੜ੍ਹਨ ਨਾਲ ਪਾਠਕਾਂ ਦੇ ਸਬਰ ਦੀ ਪਰਖ ਵੀ ਹੋ ਜਾਂਦੀ ਹੈ ਕਿ ਉਹ ਅੰਤ ਤੱਕ ਦੌੜ ਵਿੱਚੋਂ ਬਾਹਰ ਨਹੀਂ ਹੁੰਦੇ ਜਾਂ ਛੇਤੀ ਘਰਕ ਜਾਂਦੇ ਹਨ।
ਇਤਿਹਾਸਕ ਨਾਵਲਾਂ ਬਾਰੇ ਨਿੱਜੀ ਤਜਰਬਾ ਹੈ। ਇਤਿਹਾਸਕ ਨਾਵਲ ਲਿਖਣਾ ਅੱਗ ਦੇ ਸਾਹਮਣੇ ਬੈਠ ਕੇ ਲਿਖਣ ਵਾਂਗ ਹੈ ਸਗੋਂ ਮੇਰੀ ਜਾਚੇ ਤਾਂ ਅੱਗ ਵਿੱਚ ਬੈਠ ਕੇ ਲਿਖਣ ਵਾਂਗ ਹੈ। ਲੇਖਕ ਨੇ ਪਾਠਕ ਨੂੰ ਚਾਰ, ਪੰਜ ਜਾਂ ਛੇ ਸੌ ਸਫ਼ੇ ਅੰਤ ਤੱਕ ਪੜ੍ਹਾਉਣੇ ਹੁੰਦੇ ਨੇ, ਇਹ ਲੇਖਕ ਲਈ ਵੀ ਚੁਣੌਤੀ ਹੁੰਦੀ ਹੈ। ਇੱਕ ਹੋਰ ਸਚਾਈ ਹੈ ਕਿ ਕੋਈ ਵੀ ਪੀਰ, ਪੈਗੰਬਰ ਜਾਂ ਲੇਖਕ ਕਦੇ ਵੀ ਸਮਾਜ ਦੇ ਹਰ ਵਰਗ ਨੂੰ ਖ਼ੁਸ਼ ਨਹੀਂ ਕਰ ਸਕਿਆ।
ਅਤਰਜੀਤ ਨੇ ਇਸ ਨਾਵਲ ਵਿੱਚ ਕਈ ਤਜਰਬੇ ਕੀਤੇ ਲੱਗਦੇ ਹਨ। ਵਿੱਚ-ਵਿੱਚ ਇਤਿਹਾਸ, ਲਹਿਰਾਂ, ਲਹਿਰਾਂ ਦੇ ਕਾਰਕੁੰਨਾਂ ਤੇ ਅੰਦੋਲਨਾਂ ਦੀ ਸਿੱਧੀ ਦਖ਼ਲਅੰਦਾਜ਼ੀ ਹੈ। ਸ਼ਾਇਦ ਇਹ ਭਵਿੱਖੀ ਨਾਵਲ ਦੀ ਲੀਹ ਬਣ ਜਾਵੇ ਤੇ ਅਜਿਹੇ ਪ੍ਰਯੋਗ ਹੋਰ ਲੇਖਕ ਵੀ ਕਰਨ ਲੱਗਣ।
ਗਲਪੀ ਪਿੰਡ ‘ਸੱਗੂਵਾਲ’ ਦੇ ਪ੍ਰਤੀਕ ਨਾਲ ਲੇਖਕ ਸਮੁੱਚੇ ਪੰਜਾਬ ਅਤੇ ਭਾਰਤ ਵਿਚਲੇ ਅੰਦੋਲਨਾਂ ਵਿਚੋਂ ਦੀ ਖਹਿ ਕੇ ਲੰਘਦਾ ਤੇ ਘੋਖਵੀਂ ਦ੍ਰਿਸ਼ਟੀ ਨਾਲ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਅੰਦੋਲਨਾਂ ਦੀ ਬੇਬਾਕੀ ਨਾਲ ਚੀਰ-ਫਾੜ ਕਰਦਾ ਹੈ। ਇੰਦਰਾ ਗਾਂਧੀ ਦੇ ਕਤਲ ਵੇਲੇ ਮੈਂ ਕਲਕੱਤੇ ਸਾਂ ਤੇ ਉਸ ਵੇਲੇ ਦਾ ਭੈਅ ਭਰਿਆ ਮਾਹੌਲ ਮੈਂ ਵੀ ਹੰਢਾਇਆ ਹੈ।
ਫਿਰ ਨਾਵਲਕਾਰ ਕਿਸਾਨ ਅੰਦੋਲਨ ਦੀ ਫ਼ਤਹਿ ਬਾਰੇ ਲਿਖਦਾ ਹੈ। ਅੰਤਿਕਾ ਵਿੱਚ ਲੇਖਕ ਦੱਸਦਾ ਹੈ ਕਿਵੇਂ ਯੂਨੀਵਰਸਿਟੀਆਂ ਦੇ ਸਕਾਲਰਾਂ, ਵਿਦਵਾਨਾਂ ਦੇ ਗਿਆਨ ਉੱਪਰ ਅੰਦੋਲਨਾਂ ਵਿੱਚ ਗੁੜ੍ਹ ਕੇ ਆਏ ਆਗੂ ਭਾਰੀ ਪੈਂਦੇ ਹਨ। ਅਜਿਹਾ ਨਾਵਲ ਲਿਖਣ ਲਈ ਕਰੜੀ ਤਪੱਸਿਆ ਦੀ ਲੋੜ ਹੈ ਤੇ ਅਤਰਜੀਤ ਨੇ ਇਹ ਕਰ ਵਿਖਾਇਆ ਹੈ।
ਸੰਪਰਕ: 98147-83069

Advertisement

Advertisement
Advertisement
Author Image

joginder kumar

View all posts

Advertisement