ਅੰਮ੍ਰਿਤਸਰ ਪਹੁੰਚ ਕੇ ਸਮਾਪਤ ਹੋਈ ‘ਆਪ’ ਦੀ ਸ਼ੁਕਰਾਨਾ ਯਾਤਰਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਨਵੰਬਰ
ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪਟਿਆਲਾ ਦੇ ਪ੍ਰਚੀਨ ਕਾਲੀ ਮਾਤਾ ਮੰਦਰ ਤੋਂ ਅੱਜ ਸ਼ੁਰੂ ਕੀਤੀ ਗਈ ਸ਼ੁਕਰਾਨਾ ਯਾਤਰਾ ਦੇਰ ਸ਼ਾਮ ਇੱਥੇ ਹਰਿਮੰਦਰ ਸਾਹਿਬ ਪੁੱਜੀ। ਇਥੇ ਉਨ੍ਹਾਂ ਆਪਣੇ ਸਾਥੀਆਂ ਸਣੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਹ ਸ਼ੁਕਰਾਨਾ ਯਾਤਰਾ ਅੱਜ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ’ਤੇ ਕੱਢੀ ਗਈ, ਜਿਸ ਵਿੱਚ ਨਵੇਂ ਬਣੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਜ਼ਿਮਨੀ ਚੋਣਾਂ ਵਿੱਚ ਮਿਲੀ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਦਿਆਂ ‘ਆਪ’ ਆਗੂਆਂ, ਵਾਲੰਟੀਅਰਾਂ ਅਤੇ ਵਰਕਰਾਂ ਨੂੰ ਪਾਰਟੀ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅੱਜ ਗੁਰੂ ਘਰ ਵਿੱਚ ਸ਼ੁਕਰਾਨਾ ਕਰਨ ਆਏ ਹਨ, ਜਿੱਥੇ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪਾਰਟੀ ਦੇ ਸਮੂਹ ਆਗੂ ਇੱਕ ਮੰਚ ’ਤੇ ਇਕੱਠੇ ਨਜ਼ਰ ਆਉਣਗੇ। ਮਿਊਂਸਿਪਲ ਕਮੇਟੀਆਂ ਦੀਆਂ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਇਕੱਠੇ ਹੋ ਕੇ ਚੋਣ ਲੜਨਗੇ ਕਿਉਂਕਿ ਏਕੇ ਵਿੱਚ ਹੀ ਬਰਕਤ ਹੈ ਅਤੇ ਏਕੇ ਨਾਲ ਹੀ ਚੋਣਾਂ ਜਿੱਤਣਗੇ। ਇਸ ਮੌਕੇ ‘ਆਪ’ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਹੋਰ ਆਗੂ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਯਾਤਰਾ ਦੇ ਗੋਲਡਨ ਗੇਟ ਵਿੱਚ ਪੁੱਜਣ ’ਤੇ ਆਗੂਆਂ ਦਾ ਸਵਾਗਤ ਕੀਤਾ ਗਿਆ। ਅਮਨ ਅਰੋੜਾ ਖੁੱਲ੍ਹੇ ਵਾਹਨ ’ਤੇ ਸਵਾਰ ਸਨ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਈਟੀਓ, ਵਿਧਾਇਕ ਜੀਵਨ ਜੋਤ ਕੌਰ ਹਾਜ਼ਰ ਸਨ।
ਪਟਿਆਲਾ ਤੋਂ ਚੱਲੀ ਸੀ ਸ਼ੁਕਰਾਨਾ ਯਾਤਰਾ
ਪਟਿਆਲਾ (ਸਰਬਜੀਤ ਸਿੰਘ ਭੰਗੂ):
‘ਆਪ’ ਦੇ ਸਥਾਪਨਾ ਦਿਵਸ ’ਤੇ ਜ਼ਿਮਨੀ ਚੋਣਾਂ ਦੌਰਾਨ ਹੋਈ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਨ ਸਬੰਧੀ ‘ਆਪ’ ਵੱਲੋਂ ਅੱਜ ‘ਸ਼ੁਕਰਾਨਾ’ ਬੈਨਰ ਹੇਠ ਕੱਢੀ ਗਈ ਸੂਬਾਈ ਯਾਤਰਾ ਦਾ ਆਗਾਜ਼ ਇੱਥੋਂ ਦੇ ਪ੍ਰ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਤੋਂ ਹੋਇਆ। ਇਹ ਯਾਤਰਾ ਨਵੇਂ ਬਣੇ ਸੂਬਾਈ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਲੋਕ ਮਿਲਣੀ ਸਣੇ ਮਿਸ਼ਨ 2027 ਲਈ ‘ਆਪ’ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ। ਪਹਿਲਾਂ ਮੇਜ਼ਬਾਨ ਵਿਧਾਇਕ ਵਜੋਂ ਅਜੀਤਪਾਲ ਕੋਹਲੀ ਸਣੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਜ਼ਿਲ੍ਹਾ ਪ੍ਰਧਾਨ ਮੇਘਚੰਦ ਸ਼ੇਰਮਾਜਰਾ ਅਤੇ ਲੋਕ ਸਭਾ ਹਲਕੇ ਦੇ ਇੰਚਾਰਜ ਇਦਰਜੀਤ ਸੰਧੂ ਨੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਦਾ ਸਵਾਗਤ ਕੀਤਾ। ਇਸ ਯਾਤਰਾ ਦੀ ਅਗਵਾਈ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਸੀ ਕਿ ਇਹ ਯਾਤਰਾ ਸੂਬਾ ਵਾਸੀਆਂ ਦੇ ਸਮਰਥਨ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਹਾਈਕਮਾਨ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ‘ਆਪ’ ਦੇ ਸੂਬਾਈ ਪ੍ਰਧਾਨ ਦੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਸੂਬਾਈ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਹਰਜੋਤ ਬੈਂਸ ਹਾਜ਼ਰ ਸਨ।