ਅਸਾਲਟ ਰਾਈਫਲ ਖੋਹ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਜ਼ਖ਼ਮੀ
* ਪੁਲੀਸ ਮੁਲਾਜ਼ਮ ਨੇ ਬਚਾਅ ਲਈ ਗੋਲੀ ਚਲਾਈ
* ਮੁਲਜ਼ਮ ਨੂੰ ਵਿਦੇਸ਼ੀ ਨਾਗਰਿਕਾਂ ਦੇ ਪਰਸ ਖੋਹਣ ਦੇ ਦੋਸ਼ ਹੇਠ ਕੀਤਾ ਗਿਆ ਸੀ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਨਵੰਬਰ
ਪੁਲੀਸ ਨੂੰ ਅੱਜ ਇੱਕ ਮੁਲਜ਼ਮ ’ਤੇ ਉਸ ਵੇਲੇ ਗੋਲੀ ਚਲਾਉਣੀ ਪਈ, ਜਦੋਂ ਉਸ ਨੇ ਪੁਲੀਸ ਮੁਲਾਜ਼ਮ ਦੀ ਅਸਾਲਟ ਰਾਈਫਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿੱਚ ਮੁਲਜ਼ਮ ਦੇ ਪੈਰ ’ਤੇ ਗੋਲੀ ਲੱਗੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਮੁਲਜ਼ਮ ਨੂੰ ਵਿਦੇਸ਼ੀ ਨਾਗਰਿਕਾਂ ਦੇ ਪਰਸ ਖੋਹਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਦੀ ਪਛਾਣ ਸੂਰਜ ਉਰਫ ਮਾਂਡੀ ਵਾਸੀ ਪਿੰਡ ਭਿੰਡੀ ਸੈਦਾਂ (ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਮੁਲਜ਼ਮ ਨੂੰ ਥਾਣਾ ਸਿਵਲ ਲਾਈਨ ਦੇ ਇਲਾਕੇ ਵੇਰਕਾ ਬਾਈਪਾਸ ਨੇੜੇ ਪਰਸ ਬਰਾਮਦਗੀ ਵਾਸਤੇ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਮੁਲਜ਼ਮ ਨੇ ਪੁਲੀਸ ਕਰਮਚਾਰੀ ਦੀ ਅਸਾਲਟ ਰਾਈਫਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏਐੱਸਆਈ ਜਸਕਰਨ ਸਿੰਘ ਨੇ ਬਚਾਅ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਚਲਾਈ, ਜੋ ਮੁਲਜ਼ਮ ਦੇ ਪੈਰ ’ਤੇ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਇੱਕ ਹੋਰ ਸਾਥੀ ਦੀ ਪਛਾਣ ਕੀਤੀ ਗਈ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਵਿਦੇਸ਼ੀ ਕਰੰਸੀ 300 ਪੌਂਡ, 600 ਯੂਰੋ ਅਤੇ 22,000 ਰੁਪਏ ਦੀ ਭਾਰਤੀ ਨਕਦੀ, ਪਾਸਪੋਰਟ, ਮੋਬਾਈਲ ਫੋਨ, ਏਟੀਐੱਮ ਕਾਰਡ, ਬਰਕਲੇ ਕਾਰਡ, ਰੈਵੋਲਟ ਕਾਰਡ ਅਤੇ ਮੌਰਿਸ਼ੀਸ ਦਾ ਨੈਸ਼ਨਲ ਆਈ ਕਾਰਡ ਤੇ ਹੋਰ ਸਾਮਾਨ ਸਣੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਇੱਕ ਘਟਨਾ ਵਿੱਚ ਇਸ ਮੁਲਜ਼ਮ ਵੱਲੋਂ ਇੰਗਲੈਂਡ ਤੋਂ ਆਈ ਰੇਖਾ ਅਤੇ ਉਸ ਦੀ ਬੇਟੀ ਅੰਜਲੀ ਕੋਲੋਂ ਉਸ ਦਾ ਪਰਸ ਖੋਹਿਆ ਗਿਆ ਸੀ। ਦੂਜੀ ਘਟਨਾ ਵਿੱਚ ਮੌਰਿਸ਼ੀਸ ਤੋਂ ਆਈ ਪ੍ਰੇਮਿਤਾ ਕੁਰੇਸ਼ੀ ਕੋਲੋਂ ਉਸ ਵੇਲੇ ਉਸ ਦਾ ਪਰਸ ਖੋਹ ਲਿਆ ਗਿਆ ਸੀ।