ਜੈਤੋ ’ਚ ਕਿਸਾਨਾਂ ਤੇ ਪੁਲੀਸ ਦਰਮਿਆਨ ਤਲਖ਼ੀ ਵਧੀ
ਪੱਤਰ ਪ੍ਰੇਰਕ
ਜੈਤੋ, 7 ਜੂਨ
ਦਸ ਦਿਨਾਂ ਤੋਂ ਇਥੇ ਥਾਣੇ ਅੱਗੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਅੱਜ ਪੁਲੀਸ ਨਾਲ ਤਲਖ਼ੀ ਹੋਰ ਵਧ ਗਈ। ਜਥੇਬੰਦੀ ਦੇ ਕਾਰਕੁਨਾਂ ਨੇ ਅੱਜ ਸ਼ਹਿਰ ’ਚ ਰੋਸ ਮਾਰਚ ਕਰ ਕੇ ਡੀਐੱਸਪੀ ਜੈਤੋ ਦਾ ਪੁਤਲਾ ਸਾੜਿਆ। ਇਸ ਦੇ ਨਾਲ ਹੀ ਭਲਕੇ 8 ਜੂਨ ਨੂੰ ਕਿਸਾਨਾਂ ਨੇ ਸੰਘਰਸ਼ ਦੀ ਨਵੀਂ ਵਿਉਂਤਬੰਦੀ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਸੱਦ ਲਈ ਹੈ।
ਧਰਨੇ ’ਤੇ ਬੈਠੇ ਕਿਸਾਨਾਂ ਆਗੂਆਂ ’ਚੋਂ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ ਨੇ ਦੋਸ਼ ਲਾਇਆ ਕਿ ਲੰਘੀ 24 ਮਈ ਦੀ ਰਾਤ ਨੂੰ ਜੈਤੋ ਪੁਲੀਸ ਵੱਲੋਂ ਪਿੰਡ ਦਲ ਸਿੰਘ ਵਾਲਾ ’ਚ ਇਕ ਵਿਧਵਾ ਦੇ ਘਰ ਕਥਿਤ ਜਬਰੀ ਦਾਖ਼ਲ ਹੋ ਕੇ ਦਹਿਸ਼ਤ ਪਾਈ ਗਈ। ਇਸ ਮਾਮਲੇ ’ਚ ਸ਼ਾਮਲ ਪੁਲੀਸ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਕਿਸਾਨ ਜਥੇਬੰਦੀ ਵੱਲੋਂ ਥਾਣੇ ਅੱਗੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੱਕੇ ਮੋਰਚੇ ਦੇ ਅੱਜ ਦਸਵੇਂ ਦਿਨ ਡੀਐੱਸਪੀ ਜੈਤੋ ਵੱਲੋਂ ਐਕਸ਼ਨ ਕਮੇਟੀ ਨੂੰ ਗੱਲਬਾਤ ਲਈ ਬੁਲਾਇਆ ਗਿਆ। ਉਨ੍ਹਾਂ ਅਨੁਸਾਰ ਜਦੋਂ ਕਮੇਟੀ ਨੇ ਹੁਣ ਤੱਕ ਦੀ ਕਾਰਵਾਈ ਬਾਰੇ ਪੁਲੀਸ ਅਧਿਕਾਰੀ ਨੂੰ ਪੁੱਛਿਆ ਤਾਂ ਉਨ੍ਹਾਂ ਵੱਲੋਂ ਕਥਿਤ ਅੱਖੜ ਬੋਲਬਾਣੀ ਦੀ ਵਰਤੋਂ ਕੀਤੀ ਗਈ। ਇਸ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਦੋ ਘੰਟੇ ਲਈ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕਰਕੇ ਬਾਜਾਖਾਨਾ ਚੌਕ ਵਿੱਚ ਡੀਐੱਸਪੀ ਦਾ ਪੁਤਲਾ ਸਾੜਿਆ ਗਿਆ।