ਫ਼ਿਲਮ ‘ਇੱਕੀਸ’ ਦੀ ਸ਼ੂਟਿੰਗ ਲਈ ਟੀਮ ਪਠਾਨਕੋਟ ਪੁੱਜੀ
ਐੱਨ ਪੀ ਧਵਨ
ਪਠਾਨਕੋਟ, 12 ਨਵੰਬਰ
ਭਾਰਤੀ ਫੌਜ ਦੇ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਦੀ ਬਹਾਦੁਰੀ ਨੂੰ ਦਰਸਾਉਂਦੀ ਫਿਲਮ ‘ਇੱਕੀਸ’ ਦੀ ਸ਼ੂਟਿੰਗ ਪਠਾਨਕੋਟ ਦੇ ਰਾਵੀ ਦਰਿਆ ਕੋਲ ਕਰਨ ਲਈ ਮੁੰਬਈ ਤੋਂ ਮੈਡੌਕ ਫਿਲਮਜ਼ ਪ੍ਰਾਈਵੇਟ ਕੰਪਨੀ ਦੀ ਟੀਮ ਇੱਥੇ ਪੁੱਜ ਗਈ ਹੈ। ਟੀਮ ਨੇ ਰਾਵੀ ਦਰਿਆ ਕਿਨਾਰੇ ਕਥਲੌਰ ਕੋਲ ਆਪਣਾ ਸਾਜ਼ੋ ਸਾਮਾਨ ਤੇ ਸਾਰਾ ਸੈੱਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ 14 ਤਰੀਕ ਨੂੰ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਹਫ਼ਤਾ ਭਰ ਚੱਲੇਗੀ।
ਸ਼ੂਟਿੰਗ ਲਈ ਟੀਮ ਨੇ ਹੋਰ ਸਥਾਨ ਦੀ ਚੋਣ ਕਰਨ ਲਈ ਕਥਲੌਰ ਵਿੱਚ ਜੰਗਲੀ ਜੀਵ ਵਿਭਾਗ ਦੀ ਸੈਂਕਚਰੀ ਦੇ ਪਿੱਛੇ ਦਾ ਖੇਤਰ ਵੀ ਦੇਖਿਆ। ਪਠਾਨਕੋਟ ਦੇ ਮਿਨੀ ਗੋਆ ਵਿੱਚ ਵੀ ਸ਼ੂਟਿੰਗ ਕੀਤੇ ਜਾਣ ਦਾ ਪਤਾ ਲੱਗਾ ਹੈ। ਸਾਲ 1971 ਦੇ ਭਾਰਤ-ਪਾਕਿਸਤਾਨ ਯੁੱਧ ਸਮੇਂ ਬਸੰਤਰ ਦਰਿਆ ’ਤੇ ਜੋ ਜੰਗ ਲੜੀ ਗਈ ਸੀ, ਉਸ ਵਿੱਚ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ ਦੇ 50 ਪੈਟਨ ਟੈਂਕਾਂ ਨੂੰ ਨਸ਼ਟ ਕਰ ਦਿੱਤਾ ਸੀ। ਇਹ ਯੁੱਧ 4 ਦਸੰਬਰ 1971 ਤੋਂ 16 ਦਸੰਬਰ 1971 ਤੱਕ ਲੜਿਆ ਗਿਆ ਸੀ। ਇਸ ਵਿੱਚ ਭਾਰਤੀ ਫ਼ੌਜ ਨੇ ਪਾਕਿਸਤਾਨ ਦਾ 800 ਵਰਗ ਕਿਲੋਮੀਟਰ ਦਾ ਖੇਤਰ ਕਬਜ਼ੇ ਵਿੱਚ ਲੈ ਲਿਆ ਸੀ। ਇਸ ਲੜਾਈ ਵਿੱਚ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਸ਼ਹੀਦ ਹੋ ਗਏ ਸਨ ਜਿਨ੍ਹਾਂ ਨੂੰ ਮਰਨ ਉਪਰੰਤ ਭਾਰਤ ਸਰਕਾਰ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਆ ਗਿਆ ਸੀ। ਫ਼ਿਲਮ ਵਿੱਚ ਅਰੁਣ ਧਵਨ ਅਰੁਣ ਖੇਤਰਪਾਲ ਦਾ ਰੋਲ ਨਿਭਾਵੇਗਾ ਜਦਕਿ ਅਮਿਤਾਭ ਬਚਨ ਦਾ ਦੋਹਤਾ ਅਗਸਤਿਆ ਨੰਦਾ ਅਤੇ ਜੈਦੀਪ ਅਹਿਲਾਵਤ ਵੀ ਕੰਮ ਕਰ ਰਿਹਾ ਹੈ। ਇਸ ਫ਼ਿਲਮ ਦੇ ਡਾਇਰੈਕਟਰ ਸ਼੍ਰੀਰਾਮ ਰਾਘਵਨ ਹਨ।