ਮਸਕ ਤੇ ਰਾਮਾਸਵਾਮੀ ਦੀ ਟੀਮ ਪੇਈਚਿੰਗ ਲਈ ਸਭ ਤੋਂ ਵੱਡਾ ਖ਼ਤਰਾ ਕਰਾਰ
ਪੇਈਚਿੰਗ, 24 ਨਵੰਬਰ
ਚੀਨੀ ਸਰਕਾਰ ਦੇ ਨੀਤੀਗਤ ਮਾਮਲਿਆਂ ਦੇ ਸਲਾਹਕਾਰ ਜ਼ੇਂਗ ਯੌਂਗਨਿਆਨ ਨੇ ਕਿਹਾ ਹੈ ਕਿ ਅਰਬਪਤੀ ਐਲਨ ਮਸਕ ਅਤੇ ਭਾਰਤੀ ਮੂਲ ਦੇ ਉੱਦਮੀ ਵਿਵੇਕ ਰਾਮਾਸਵਾਮੀ ਦੀ ਅਗਵਾਈ ਹੇਠਲੇ ਇਕ ਨਵੇਂ ਵਿਭਾਗ ਨਾਲ ਸਰਕਾਰ ’ਚ ਵੱਡੇ ਪੱਧਰ ’ਤੇ ਬਦਲਾਅ ਦੀ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੋਜਨਾ ਚੀਨ ਲਈ ਸਭ ਤੋਂ ਵੱਡਾ ਖ਼ਤਰਾ ਹੋਵੇਗੀ ਕਿਉਂਕਿ ਉਸ ਨੂੰ ਕਿਤੇ ਵਧ ਕਾਰਜਕੁਸ਼ਲ ਅਮਰੀਕੀ ਸਿਆਸੀ ਪ੍ਰਣਾਲੀ ਨਾਲ ਮੁਕਾਬਲਾ ਕਰਨਾ ਪਵੇਗਾ। ਹਾਂਗਕਾਂਗ ਦੇ ਸ਼ੇਨਜ਼ੇਨ ਕੈਂਪਸ ’ਚ ਚੀਨੀ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਪਾਲਿਸੀ ਦੇ ਡੀਨ ਜ਼ੇਂਗ ਨੇ ਸ਼ਨਿਚਰਵਾਰ ਨੂੰ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਅਫੇਅਰਜ਼ ਵੱਲੋਂ ਕਰਾਏ ਇਕ ਸਮਾਗਮ ’ਚ ਕਿਹਾ, ‘‘ਵਧੇਰੇ ਕਾਰਜਕੁਸ਼ਲ ਅਮਰੀਕੀ ਸਿਆਸੀ ਪ੍ਰਣਾਲੀ ਚੀਨ ਦੀ ਮੌਜੂਦਾ ਪ੍ਰਣਾਲੀ ’ਤੇ ਭਾਰੀ ਦਬਾਅ ਪਾਏਗੀ। ਬੇਸ਼ੱਕ ਦਬਾਅ ਸਿਰਫ਼ ਚੀਨ ਤੱਕ ਹੀ ਸੀਮਤ ਨਹੀਂ ਹੋਵੇਗਾ ਸਗੋਂ ਇਹ ਹੋਰ ਮੁਲਕਾਂ ਖਾਸ ਕਰਕੇ ਯੂਰਪ ਤੱਕ ਵੀ ਹੋਵੇਗਾ।’’ ਮਸਕ ਅਤੇ ਰਾਮਾਸਵਾਮੀ ਨੇ ਪਹਿਲਾਂ ਹੀ ਹਜ਼ਾਰਾਂ ਨੇਮਾਂ ਨੂੰ ਖ਼ਤਮ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਦੀ ਨਫ਼ਰੀ ਘੱਟ ਕਰਨ ਦੀ ਯੋਜਨਾ ਬਣਾ ਲਈ ਹੈ। ਜ਼ੇਂਗ ਨੇ ਕਿਹਾ ਕਿ ਜੇ ਟਰੰਪ ਸਰਕਾਰ ਸੁਧਾਰ ਦੀਆਂ ਆਪਣੀਆਂ ਕੋਸ਼ਿਸ਼ਾਂ ’ਚ ਸਫ਼ਲ ਹੁੰਦੀ ਹੈ ਤਾਂ ਅਮਰੀਕਾ ਇਕ ਨਵੀਂ, ਵਧੇਰੇ ਮੁਕਾਬਲੇਬਾਜ਼ੀ ਵਾਲੀ ਪ੍ਰਣਾਲੀ ਵਿਕਸਤ ਕਰੇਗਾ। ਉਨ੍ਹਾਂ ਇਸ ਨੂੰ ਅਮਰੀਕੀ ਵਿਸ਼ੇਸ਼ਤਾਵਾਂ ਵਾਲੇ ਸਰਕਾਰੀ ਪੂੰਜੀਵਾਦ ਦਾ ਇਕ ਰੂਪ ਦੱਸਿਆ। ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮੌਰਨਿੰਗ ਪੋਸਟ’ ਮੁਤਾਬਕ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮਸਕ ਜਿਹੇ ਲੋਕਾਂ ਵੱਲੋਂ ਜਿਨ੍ਹਾਂ ਸੰਸਥਾਗਤ ਸੁਧਾਰਾਂ ਨੂੰ ਤਰਜੀਹ ਦਿੱਤੀ ਗਈ ਹੈ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। -ਪੀਟੀਆਈ