ਪੀਟੀਆਈ ਦੇ ਰੋਸ ਮੁਜ਼ਾਹਰੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ
ਇਸਲਾਮਾਬਾਦ, 24 ਨਵੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀਟੀਆਈ) ਵੱਲੋਂ ਇਸਲਾਮਾਬਾਦ ਵਿੱਚ ਪ੍ਰਦਰਸ਼ਨ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਸਰਕਾਰ ਨੇ ਅੱਜ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਇਮਰਾਨ ਨੇ ਜਨਤਾ ਨੂੰ ‘ਗੁਲਾਮੀ ਦੀਆਂ ਬੇੜੀਆਂ ਤੋੜਨ’ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
ਪਾਕਿਸਤਾਨ ਸਰਕਾਰ ਨੇ ਰੋਸ ਮੁਜ਼ਾਹਰਾ ਰੋਕਣ ਲਈ ਕੌਮੀ ਰਾਜਧਾਨੀ ਵੱਲ ਜਾਣ ਵਾਲੇ ਰਾਜਮਾਰਗ ਬੀਤੇ ਦਿਨ ਹੀ ਬੰਦ ਕਰ ਦਿੱਤੇ ਸਨ। ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਅੰਸ਼ਕ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਜਨਤਕ ਟਰਾਂਸਪੋਰਟ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਅਹਿਮ ਸੜਕਾਂ ਕੰਟਰੇਨਰ ਲਗਾ ਕੇ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਗਏ ਹਨ। ਪੀਟੀਆਈ ਲੀਡਰਸ਼ਿਪ ਨੇ ਸਰਬ ਸਹਿਮਤੀ ਨਾਲ ਫ਼ੈਸਲਾ ਲਿਆ ਹੈ ਕਿ ਯੋਜਨਾ ਅਨੁਸਾਰ ਅੱਜ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਇਸ ਨੂੰ ਨਾ ਤਾਂ ਮੁਲਤਵੀ ਕੀਤਾ ਜਾਵੇਗਾ ਤੇ ਨਾ ਹੀ ਟੀਚਾ ਹਾਸਲ ਹੋਣ ਤੋਂ ਪਹਿਲਾਂ ਇਸ ਨੂੰ ਖਤਮ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਪੀਟੀਆਈ ਆਗੂਆਂ ਨੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਪ੍ਰਦਰਸ਼ਨ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਗਿਆ। ਖ਼ਬਰ ’ਚ ਦੱਸਿਆ ਗਿਆ ਹੈ ਕਿ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਕਿਹਾ ਕਿ ਉਹ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਦਾ ਨਿਰੀਖਣ ਕਰਨ ਤੇ ਇਸਲਾਮਾਬਾਦ ਤੱਕ ਪਾਰਟੀ ਦੇ ਮਾਰਚ ਦੀ ਅਗਵਾਈ ਕਰਨ ਲਈ ਬਾਅਦ ਦੁਪਹਿਰ ਤਿੰਨ ਵਜੇ ਸਵਾਬੀ ਪੁੱਜਣਗੇ। ਮੁੱਖ ਮੰਤਰੀ ਨੇ ਮਾਰਚ ’ਚ ਸ਼ਾਮਲ ਹੋਣ ਦੇ ਚਾਹਵਾਨ ਪਾਰਟੀ ਕਾਰਕੁਨਾਂ ਨੂੰ ਬਾਅਦ ਦੁਪਹਿਰ ਤਿੰਨ ਵਜੇ ਸਵਾਬੀ ਪੁੱਜਣ ਦਾ ਨਿਰਦੇਸ਼ ਦਿੱਤਾ ਹੈ। ਇਸੇ ਦੌਰਾਨ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਦੀ ਅਗਵਾਈ ਹੇਠ ਇੱਕ ਕਾਫਲਾ ਪੇਸ਼ਾਵਰ ਤੋਂ ਇਸਲਾਮਾਬਾਦ ਲਈ ਰਵਾਨਾ ਹੋਇਆ ਹੈ। -ਪੀਟੀਆਈ