ਯੂਏਈ ’ਚ ਲਾਪਤਾ ਹੋਏ ਇਜ਼ਰਾਇਲੀ ਧਰਮ ਗੁਰੂ ਦੀ ਲਾਸ਼ ਮਿਲੀ
ਤਲ ਅਵੀਵ, 24 ਨਵੰਬਰ
ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਲਾਪਤਾ ਹੋਏ ਇਜ਼ਰਾਇਲੀ-ਮੌਲਡੋਵੀ ਰੱਬੀ (ਧਰਮ ਗੁਰੂ) ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ। ਇਜ਼ਰਾਈਲ ਨੇ ਇਸ ਘਟਨਾ ਨੂੰ ਯਹੂਦੀ ਵਿਰੋਧੀ ਘਿਨਾਉਣੀ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਧਰਮ ਗੁਰੂ ਦੀ ਮੌਤ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਹਰਸੰਭਵ ਕੋਸ਼ਿਸ਼ ਕਰੇਗਾ। ਦੁਬਈ ’ਚ ਇਕ ਦੁਕਾਨ ਦੇ ਮਾਲਕ ਜ਼ਵੀ ਕੋਗਾਨ ਵੀਰਵਾਰ ਨੂੰ ਲਾਪਤਾ ਹੋ ਗਏ ਸਨ। ਸਾਲ 2020 ’ਚ ਅਬਰਾਹਮ ਸਮਝੌਤੇ ਰਾਹੀਂ ਇਜ਼ਰਾਈਲ ਅਤੇ ਯੂਏਈ ਵਿਚਕਾਰ ਕੂਟਨੀਤਕ ਸਬੰਧ ਸਥਾਪਤ ਹੋਣ ਮਗਰੋਂ ਇਜ਼ਰਾਇਲੀ ਵਪਾਰ ਅਤੇ ਸੈਰ-ਸਪਾਟੇ ਲਈ ਦੁਬਈ ਦਾ ਰੁਖ਼ ਕਰ ਰਹੇ ਹਨ। ਯੂਏਈ ਸਰਕਾਰ ਨੇ ਹਾਲੇ ਇਸ ਘਟਨਾਕ੍ਰਮ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।
ਕੋਗਾਨ ਦੀ ਪਤਨੀ ਰਿਵਕੀ ਇਕ ਅਮਰੀਕੀ ਨਾਗਰਿਕ ਹੈ ਜੋ ਉਨ੍ਹਾਂ ਨਾਲ ਸੰਯੁਕਤ ਅਰਬ ਅਮੀਰਾਤ ’ਚ ਰਹਿੰਦੀ ਸੀ। ਉਹ ਧਰਮ ਗੁਰੂ ਗੈਵਰੀਅਲ ਹੌਲਟਜ਼ਬਰਗ ਦੀ ਭਾਣਜੀ ਹੈ ਜੋ 2008 ਦੇ ਮੁੰਬਈ ਹਮਲਿਆਂ ’ਚ ਮਾਰੇ ਗਏ ਸਨ। -ਏਪੀ