‘ਇੰਡੀਅਨ 2’ ਦੀ ਟੀਮ ਨੇ ਸਿਧਾਰਥ ਦੇ ਜਨਮ ਦਿਨ ਨੂੰ ਰੋਮਾਂਚਕ ਤਰੀਕੇ ਨਾਲ ਮਨਾਇਆ
ਮੁੰਬਈ: ਫ਼ਿਲਮ ‘ਇੰਡੀਅਨ 2’ ਦੇ ਨਿਰਮਾਤਾਵਾਂ ਕਮਲ ਹਸਨ ਅਤੇ ਸ਼ੰਕਰ ਨੇ ਅਦਾਕਾਰ ਸਿਧਾਰਥ ਦੇ ਜਨਮ ਦਿਨ ’ਤੇ ਫ਼ਿਲਮ ਦਾ ਇਕ ਵਿਸ਼ੇਸ਼ ਪੋਸਟਰ ਰਿਲੀਜ਼ ਕੀਤਾ ਹੈ। ਫ਼ਿਲਮ ‘ਇੰਡੀਅਨ 2’ ਦਾ ਪਹਿਲਾ ਪੋਸਟਰ 2020 ਵਿੱਚ ਪੋਂਗਲ ਤਿਉਹਾਰ ਮੌਕੇ ਰਿਲੀਜ਼ ਹੋਇਆ ਸੀ। ਨਵਾਂ ਪੋਸਟਰ ਜਾਰੀ ਕਰਦਿਆਂ ਨਿਰਮਾਤਾਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਕੈਪਸ਼ਨ ਵੀ ਸਾਂਝੀ ਕੀਤੀ ਹੈ। ਇਸ ਵਿੱਚ ਲਿਖਿਆ ਹੈ, ‘‘ਟੀਮ ਇੰਡੀਅਨ-2 ਵੱਲੋਂ ਉੱਘੇ ਅਦਾਕਾਰ ਸਿਧਾਰਥ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਤੁਸੀਂ ਹਮੇਸ਼ਾ ਚੰਗਾ ਕਿਰਦਾਰ ਅਤੇ ਭੂਮਿਕਾਵਾਂ ਨਿਭਾਉਂਦੇ ਰਹੋ। ਤੁਹਾਡੀ ਸਫ਼ਲਤਾ ਵਿੱਚ ਇੱਕ ਹੋਰ ਨਵਾਂ ਸਾਲ ਜੁੜ ਗਿਆ ਹੈ।’’ ‘ਇੰਡੀਅਨ-2’ 1996 ਵਿੱਚ ਆਈ ਫ਼ਿਲਮ ‘ਇੰਡੀਅਨ’ ਦਾ ਦੂਜਾ ਭਾਗ ਹੈ। ਫ਼ਿਲਮ ਵਿੱਚ ਕਮਲ ਇੱਕ ਉੱਘੇ ਸੈਨਾਪਤੀ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਪੋਸਟਰ ਵਿੱਚ ਉੱਘੇ ਸੈਨਾਪਤੀ (ਕਮਲ ਹਸਨ) ਹਥਕੜੀ ਲੱਗੇ ਹੱਥਾਂ ਵਿੱਚ ਆਪਣੀ ਟਰੇਡਮਾਰਕ ਮੁੜੀ ਹੋਈ ਉਂਗਲੀ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਰਕੁਲ ਪ੍ਰੀਤ ਸਿੰਘ ਅਤੇ ਕਾਜਲ ਅਗਰਵਾਲ ਵੀ ਫ਼ਿਲਮ ਦਾ ਹਿੱਸਾ ਹਨ। ‘ਇੰਡੀਅਨ 2’ ਵਿੱਚ ਅਨਿਰੁਧ ਰਵੀਚੰਦਰ ਦਾ ਸੰਗੀਤ ਹੈ ਅਤੇ ਇਸ ਵਿੱਚ ਲੇਖਕ ਜੈਮੋਹਨ, ਕਾਬਿਲਾਨ ਵੈਰਾਮੁਥੂ ਅਤੇ ਲਕਸ਼ਮੀ ਸਰਵਨਕੁਮਾਰ ਹਨ। ਜ਼ਿਕਰਯੋਗ ਹੈ ਕਿ ਕਮਲ ਹਸਨ ਨੂੰ ਆਖਰੀ ਵਾਰ ਵੱਡੇ ਪਰਦੇ ’ਤੇ 2022 ਵਿੱਚ ਫ਼ਿਲਮ ‘ਵਿਕਰਮ’ ਵਿੱਚ ਦੇਖਿਆ ਗਿਆ ਸੀ। ਉਸ ਦੀ ਅਗਲੀ ਫ਼ਿਲਮ ਜੂਨ 2024 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਏਐੱਨਆਈ