ਲੋਕ ਸਭਾ ਚੋਣਾਂ: ਵੋਟਾਂ ਪਾਉਣ ਪੁੱਜੀਆਂ ਬੌਲੀਵੁੱਡ ਦੀਆਂ ਹਸਤੀਆਂ
ਮੁੰਬਈ:
ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਬੌਲੀਵੁੱਡ ਦੀਆਂ ਉੱਘੀਆਂ ਹਸਤੀਆਂ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮਿਰ ਖਾਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਦੀਪਿਕਾ ਪਾਦੂਕੋਨ, ਅਨਿਲ ਕਪੂਰ ਤੇ ਹੋਰਾਂ ਨੇ ਮੁੰਬਈ ਵਿੱਚ ਅੱਜ ਆਪੋ-ਆਪਣੀ ਵੋਟ ਪਾਈ। ਮੁੰਬਈ ਦੇ ਛੇ ਹਲਕਿਆਂ ਸਣੇ ਮਹਾਰਾਸ਼ਟਰ ਦੇ 13 ਲੋਕ ਸਭਾ ਹਲਕਿਆਂ ਵਿੱਚ ਸਵੇਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਇਸ ਮੌਕੇ ਅਮਿਤਾਭ ਬੱਚਨ (81) ਨੇ ਆਪਣੀ ਪਤਨੀ ਜਯਾ (76) ਨਾਲ ਜੁਹੂ ਦੇ ਇੱਕ ਪੋਲਿੰਗ ਬੂਥ ਵਿੱਚ ਵੋਟ ਪਾਈ। ਇਸ ਦੌਰਾਨ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਵੀ ਵੋਟ ਪਾਉਣ ਲਈ ਆਈ। ਉਹ ਹਾਲ ਹੀ ਵਿੱਚ ਕਾਨ ਫਿਲਮ ਫੈਸਟੀਵਲ ਤੋਂ ਪਰਤੀ ਹੈ। ਇਸ ਤੋਂ ਇਲਾਵਾ ਆਮਿਰ ਖਾਨ ਨੇ ਆਪਣੀ ਸਾਬਕਾ ਪਤਨੀ ਕਿਰਨ ਰਾਓ ਨਾਲ ਬਾਂਦਰਾ ਵਿੱਚ ਵੋਟਾਂ ਪਾਈਆਂ। ਇਸ ਮੌਕੇ ਸਾਰਿਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜ਼ਰੂਰ ਪਾਉਣ ਅਤੇ ਇਸ ਲੋਕਤੰਤਰ ਦਾ ਹਿੱਸਾ ਬਣਨ। ਇਸ ਦੌਰਾਨ ਸੁਪਰਸਟਾਰ ਸ਼ਾਹਰੁਖ ਖਾਨ, ਆਪਣੇ ਲੜਕੇ ਆਰੀਅਨ, ਆਪਣੀ ਧੀ ਸੁਹਾਨਾ ਅਤੇ ਛੋਟੇ ਬੇਟੇ ਅਬਰਾਹਮ ਨਾਲ ਬਾਂਦਰਾ ਵਿੱਚ ਵੋਟ ਪਾਉਣ ਪੁੱਜੇ। ਇਸ ਤੋਂ ਇਲਾਵਾ ਸੁਪਰਸਟਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਅਤੇ ਮਾਂ ਸਲਮਾ ਨੇ ਵੀ ਬਾਂਦਰਾ ਦੇ ਇੱਕ ਪੋਲਿੰਗ ਬੂਥ ’ਤੇ ਵੋਟ ਪਾਉਣ ਤੋਂ ਬਾਅਦ ਫੋਟੋਆਂ ਖਿਚਵਾਈਆਂ। ਵਰੁਣ ਧਵਨ ਅਤੇ ਸ਼ਾਹਿਦ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੋਟ ਪਾਉਣ ਤੋਂ ਬਾਅਦ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਸ ਤੋਂ ਇਲਾਵਾ ਰਣਵੀਰ ਸਿੰਘ, ਦੀਪਿਕਾ ਪਾਦੂਕੋਨ, ਅਕਸ਼ੈ ਕੁਮਾਰ ਅਤੇ ਤੱਬੂ ਨੇ ਵੀ ਵੋਟ ਪਾਈ। ਇਸ ਦੌਰਾਨ ਫਰਹਾਨ ਅਖ਼ਤਰ ਵੀ ਵੋਟ ਪਾਉਣ ਲਈ ਪੁੱਜਿਆ।