For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:20 AM Jul 27, 2024 IST
ਛੋਟਾ ਪਰਦਾ
Advertisement

ਧਰਮਪਾਲ

Advertisement

‘ਆਪਕਾ ਅਪਨਾ ਜ਼ਾਕਿਰ’ ਨਾਲ ਜੁੜੀ ਸ਼ਵੇਤਾ ਤਿਵਾਰੀ

ਸ਼ਵੇਤਾ ਤਿਵਾਰੀ

ਮਸ਼ਹੂਰ ਕਾਮੇਡੀਅਨ ਜ਼ਾਕਿਰ ਖਾਨ ਆਪਣੇ ਨਵੇਂ ਸ਼ੋਅ ‘ਆਪਕਾ ਅਪਨਾ ਜ਼ਾਕਿਰ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਇਹ ਸ਼ੋਅ ਜਲਦੀ ਹੀ ਪ੍ਰਸਾਰਿਤ ਹੋਣ ਜਾ ਰਿਹਾ ਹੈ। ਜ਼ਾਕਿਰ ਖਾਨ ਜ਼ਿੰਦਗੀ ਦੇ ਰੋਜ਼ਾਨਾ ਦੇ ਉਤਰਾਅ-ਚੜ੍ਹਾਅ ’ਤੇ ਆਪਣੀ ਵਿਲੱਖਣ ਧਾਰਨਾ ਦਿਖਾਉਂਦਾ ਹੈ, ਜਿਸ ਨਾਲ ਰੋਜ਼ਾਨਾ ਜ਼ਿੰਦਗੀ ਨੂੰ ਵੀ ਮਜ਼ਾਕੀਆ ਬਣਾਇਆ ਜਾ ਸਕਦਾ ਹੈ। ਜ਼ਾਕਿਰ ਦੇ ਨਾਲ ਸ਼ੋਅ ਵਿੱਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਦਿਖਾਈ ਦੇਣਗੇ ਜੋ ਦਰਸ਼ਕਾਂ ਨੂੰ ਹਾਸੇ ਦੀ ਡੋਜ਼ ਦੇਣਗੇ। ਜ਼ਾਕਿਰ ਦੀਆਂ ਸਹਿ-ਅਦਾਕਾਰਾਂ ਵਿੱਚੋਂ ਇੱਕ ਸ਼ਵੇਤਾ ਤਿਵਾਰੀ ਵੀ ਜੋ ਇਸ ਵਿੱਚ ਇੱਕ ਆਰਕਸ਼ਕ ਲੜਕੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।
ਸ਼ਵੇਤਾ ਇਸ ਕਿਰਦਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਨਵੇਂ ਕਿਰਦਾਰ ਬਾਰੇ ਗੱਲ ਕਰਦੇ ਹੋਏ ਸ਼ਵੇਤਾ ਨੇ ਕਿਹਾ, ‘‘ਮੈਂ ਲੰਬੇ ਸਮੇਂ ਬਾਅਦ ਅਜਿਹਾ ਸ਼ੋਅ ਕਰਨ ਲਈ ਉਤਸ਼ਾਹਿਤ ਹਾਂ, ਜਿਸ ’ਚ ਦਰਸ਼ਕਾਂ ਨੂੰ ਮੇਰਾ ਨਵਾਂ ਪੱਖ ਦੇਖਣ ਦਾ ਮੌਕਾ ਮਿਲੇਗਾ। ਕਾਮੇਡੀ ਇਸ ਸਮੇਂ ਇੱਕ ਸ਼ੈਲੀ ਦੇ ਰੂਪ ਵਿੱਚ ਵਿਕਸਤ ਹੋ ਰਹੀ ਹੈ ਅਤੇ ਮੈਨੂੰ ਹਮੇਸ਼ਾ ਬਦਲਾਅ ਦੇ ਕੇਂਦਰ ਵਿੱਚ ਰਹਿਣਾ ਪਸੰਦ ਹੈ। ਜਦੋਂ ਮੈਨੂੰ ‘ਆਪਕਾ ਅਪਨਾ ਜ਼ਾਕਿਰ’ ਲਈ ਸੰਪਰਕ ਕੀਤਾ ਗਿਆ ਤਾਂ ਮੈਂ ਤੁਰੰਤ ਹਾਂ ਕਹਿ ਦਿੱਤੀ। ਹਰ ਐਪੀਸੋਡ ਵਿੱਚ ਜ਼ਾਕਿਰ ਦੀ ਵਿਲੱਖਣ ਕਹਾਣੀ ਸੁਣਾਉਣ ਦੀ ਸ਼ੈਲੀ ਦਿਖਾਈ ਜਾਵੇਗੀ, ਜਿੱਥੇ ਉਹ ਆਪਣੇ ਜੀਵਨ ਅਤੇ ਉਨ੍ਹਾਂ ਲੋਕਾਂ ਦੇ ਜੀਵਨ ਦੀਆਂ ਕਹਾਣੀਆਂ ਸੁਣਾਏਗਾ ਜਿਨ੍ਹਾਂ ਨੂੰ ਉਹ ਰੋਜ਼ਾਨਾ ਦੇ ਜੀਵਨ ਵਿੱਚ ਮਿਲਦਾ ਹੈ। ਸਿਆਣਪ ਨਾਲ ਭਰੀਆਂ, ਇਹ ਕਹਾਣੀਆਂ ਦਰਸ਼ਕਾਂ ਨੂੰ ਗਹਿਰੇ ਰੂਪ ਨਾਲ ਪ੍ਰਭਾਵਿਤ ਕਰਦੀਆਂ ਹਨ। ਉਹ ਦਰਸ਼ਕਾਂ ਨੂੰ ਨਾ ਸਿਰਫ਼ ਹਸਾਉਣਗੀਆਂ ਸਗੋਂ ਉਨ੍ਹਾਂ ਨੂੰ ਆਪਣੇ ਅਨੁਭਵਾਂ ਨੂੰ ਯਾਦ ਕਰਨ ਲਈ ਵੀ ਪ੍ਰੇਰਿਤ ਕਰਨਗੀਆਂ। ਮੈਂ ਸ਼ੋਅ ’ਚ ‘ਇਟ’ (ਆਕਰਸ਼ਕ) ਗਰਲ ਬਣੀ ਹਾਂ। ਇੱਕ ਪੈਨਲਿਸਟ ਦੇ ਰੂਪ ਵਿੱਚ ਉਹ ਇੱਕ ਟ੍ਰੈਂਡਸੈਟਰ ਹੈ ਜੋ ਹਮੇਸ਼ਾ ਜਾਣਦੀ ਹੈ ਕਿ ਕੀ ਰੁਝਾਨ ਚੱਲ ਰਿਹਾ ਹੈ। ਇਹ ਮੇਰਾ ਹੁਣ ਤੱਕ ਦਾ ਬਹੁਤ ਵਧੀਆ ਅਨੁਭਵ ਰਿਹਾ ਹੈ।’’

ਮੁੱਖ ਭੂਮਿਕਾ ਨਿਭਾਏਗਾ ਅਲੀ ਫਜ਼ਲ

ਅਲੀ ਫਜ਼ਲ

ਪਿਆਰੇ ਕਿਰਦਾਰ ‘ਗੁੱਡੂ ਪੰਡਿਤ’ ਦੀ ਸਫਲਤਾ ਤੋਂ ਬਾਅਦ ਅਲੀ ਫਜ਼ਲ ਸੀਰੀਜ਼ ‘ਰਕਤ ਬ੍ਰਹਿਮੰਡ’ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸ ਦੀ ਕਾਸਟ ਵਿੱਚ ਆਦਿੱਤਿਆ ਰਾਏ ਕਪੂਰ ਅਤੇ ਵਾਮਿਕਾ ਗੱਬੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਪੀਰੀਅਡ ਡਰਾਮਾ ‘ਰਕਤ ਬ੍ਰਹਿਮੰਡ’ ਦਾ ਨਿਰਦੇਸ਼ਨ ਦੂਰਦਰਸ਼ੀ ਜੋੜੀ ਰਾਜ ਅਤੇ ਡੀਕੇ ਦੁਆਰਾ ਕੀਤਾ ਗਿਆ ਹੈ, ਜਦੋਂ ਕਿ ਸੀਰੀਜ਼ ਦਾ ਨਿਰਦੇਸ਼ਨ ਅਨਿਲ ਬਰਵੇ ਕਰੇਗਾ।
ਸ਼ੋਅ ਦੇ ਸੂਤਰਾਂ ਅਨੁਸਾਰ “ਇਹ ਪ੍ਰਾਜੈਕਟ ਰਾਜ ਅਤੇ ਡੀਕੇ ਦਾ ਸ਼ਾਨਦਾਰ ਦ੍ਰਿਸ਼ਟੀਕੋਣ ਪ੍ਰਦਰਸ਼ਿਤ ਕਰੇਗਾ। ਇਹ ਨਿਸ਼ਚਤ ਤੌਰ ’ਤੇ ਕਲਪਨਾ ਸ਼ੈਲੀ ਵਿੱਚ ਇੱਕ ਕਦਮ ਅੱਗੇ ਹੈ। ਸੀਰੀਜ਼ ਲਈ ਸਾਰੇ ਕਲਾਕਾਰਾਂ ਦੀ ਚੋਣ ਕਰ ਲਈ ਗਈ ਹੈ ਅਤੇ ਇਸ ਦੀ ਸ਼ੂਟਿੰਗ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਹੈ। ਅਲੀ ਅਗਸਤ ਤੱਕ ਇਸ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਕਰੇਗਾ ਅਤੇ ਆਪਣੇ ਹੋਰ ਪ੍ਰਾਜੈਕਟਾਂ ਨੂੰ ਵੀ ਪੂਰਾ ਕਰੇਗਾ। ਇਹ ਸ਼ੋਅ ਅਲੀ ਫਜ਼ਲ ਦੇ ਕਰੀਅਰ ਲਈ ਚੰਗਾ ਹੋ ਸਕਦਾ ਹੈ। ਸ਼ੋਅ ਦੀ ਧਾਰਨਾ ਅਲੀ ਨੂੰ ਸੀਰੀਜ਼ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨ ਲਈ ਕਾਫ਼ੀ ਸੀ। ਇਹ ਸੱਚਮੁੱਚ ਇੰਨਾ ਦਿਲਚਸਪ ਹੈ ਜੋ ਉਸ ਨੇ ਪਹਿਲਾਂ ਕਦੇ ਨਹੀਂ ਕੀਤਾ।’’

ਫਿਟਨੈੱਸ ਪ੍ਰਤੀ ਸੁਚੇਤ ਸੀਰਤ ਕਪੂਰ

ਸੀਰਤ ਕਪੂਰ

ਸੀਰਤ ਕਪੂਰ ਜੋ ਪ੍ਰਤੀਕ ਸ਼ਰਮਾ ਦੇ ਸਟੂਡੀਓ ਐੱਲਐੱਸਡੀ ਦੇ ਸ਼ੋਅ ‘ਰੱਬ ਸੇ ਹੈ ਦੁਆ’ ਵਿੱਚ ਮੰਨਤ ਦੇ ਰੂਪ ਵਿੱਚ ਨਜ਼ਰ ਆਵੇਗੀ। ਉਹ ਸਮਝਦੀ ਹੈ ਕਿ ਉਸ ਦਾ ਸਰੀਰ ਉਦੋਂ ਹੀ ਵਧੀਆ ਕੰਮ ਕਰੇਗਾ ਜਦੋਂ ਉਹ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਹੋਵੇਗੀ। ਉਸ ਨੇ ਕਿਹਾ, ‘‘ਜਦੋਂ ਮੈਂ 12 ਘੰਟੇ ਸ਼ੂਟਿੰਗ ਕਰ ਰਹੀ ਹੁੰਦੀ ਹਾਂ ਤਾਂ ਮੇਰੇ ਲਈ ਸਹੀ ਕਸਰਤ ਕਰਨਾ ਬਹੁਤ ਮੁਸ਼ਕਲ ਹੈ, ਇਸ ਲਈ ਮੈਂ ਘੱਟੋ-ਘੱਟ ਸਵੇਰੇ ਯੋਗ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਜੇਕਰ ਮੈਂ ਸਰੀਰਕ ਤੌਰ ’ਤੇ ਫਿੱਟ ਅਤੇ ਸਿਹਤਮੰਦ ਹਾਂ ਤਾਂ ਹੀ ਮੈਂ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਦੀ ਹਾਂ। ਇਹੀ ਮੇਰੀ ਪ੍ਰੇਰਨਾ ਅਤੇ ਟੀਚਾ ਹੈ। ਕੁਸ਼ਲ ਹੋਣ ਲਈ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਹੋਣਾ ਚਾਹੀਦਾ ਹੈ।’’
ਸੀਰਤ ਪਤਲੇ ਸਰੀਰ ਦੀ ਬਜਾਏ ਫਿੱਟ ਸਰੀਰ ਨੂੰ ਤਰਜੀਹ ਦਿੰਦੀ ਹੈ। ਉਸ ਨੇ ਕਿਹਾ, ‘‘ਮੈਂ ਵਿਅਸਤ ਸ਼ਡਿਊਲ ਦੌਰਾਨ ਸਿਹਤਮੰਦ ਸਰੀਰ ਅਤੇ ਜੀਵਨਸ਼ੈਲੀ ਬਣਾਈ ਰੱਖਣ ਵਿੱਚ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਮੈਂ ਪ੍ਰਦਰਸ਼ਨ ਲਈ ਸਰੀਰ ਨੂੰ ਪਤਲਾ ਰੱਖਣ ਵਿੱਚ ਵਿਸ਼ਵਾਸ ਨਹੀਂ ਰੱਖਦੀ। ਮੇਰਾ ਮੁੱਖ ਧਿਆਨ ਇੱਕ ਸਿਹਤਮੰਦ ਅਤੇ ਫਿੱਟ ਸਰੀਰ ’ਤੇ ਹੈ ਜੋ ਮੈਨੂੰ ਹਰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਮੇਰੀ ਖੁਰਾਕ ਵਿੱਚ ਸਿਰਫ਼ ਘਰ ਦਾ ਭੋਜਨ ਹੀ ਸ਼ਾਮਲ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਚੀਜ਼ ਹੈ ਜੋ ਤੁਹਾਨੂੰ ਸਿਹਤਮੰਦ ਰੱਖ ਸਕਦੀ ਹੈ। ਮੇਰੀ ਮਾਂ ਮੇਰਾ ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਸ਼ਾਮ ਦਾ ਨਾਸ਼ਤਾ ਵੀ ਤਿਆਰ ਕਰਦੀ ਹੈ।’’ ਸੀਰਤ ਨੂੰ ਉਸ ਦੇ ਸਹਿ ਅਦਾਕਾਰਾਂ ਤੋਂ ਫਿਟ ਰਹਿਣ ਦੀ ਪ੍ਰੇਰਨਾ ਮਿਲਦੀ ਹੈ। ਉਹ ਕਹਿੰਦੀ ਹੈ, “ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਆਲੇ ਦੁਆਲੇ ਹਰ ਕੋਈ ਆਪਣੀ ਦੇਖਭਾਲ ਕਰਦਾ ਹੈ, ਤਾਂ ਤੁਸੀਂ ਬਹੁਤ ਕੁਝ ਸਿੱਖਦੇ ਹੋ। ਮੈਂ ਹਾਲ ਹੀ ਵਿੱਚ ਯੋਗ ਕਰਨਾ ਸ਼ੁਰੂ ਕੀਤਾ ਹੈ। ਇਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪੂਰੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਨਹੀਂ ਹੈ। ਮੈਡੀਟੇਸ਼ਨ ਵੀ ਬਹੁਤ ਮਦਦਗਾਰ ਹੈ।’’

ਮੁਦਿਤ ਦੀ ਟੀਵੀ ’ਤੇ ਵਾਪਸੀ

ਮੁਦਿਤ ਨਾਇਰ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਬਹੁਤ ਚਰਚਿਤ ਡਰਾਮਾ ‘ਕਾਵਿਆ ਏਕ ਜਜ਼ਬਾ ਏਕ ਜਨੂੰਨ’ ਤਿੰਨ ਸਾਲ ਦਾ ਲੀਪ ਲਵੇਗਾ, ਜੋ ਕਾਵਿਆ (ਸੁੰਬੁਲ ਤੌਕੀਰ ਖਾਨ) ਦੇ ਇੱਕ ਵੱਖਰੇ ਪੱਖ ਨੂੰ ਉਜਾਗਰ ਕਰੇਗਾ। ਕਾਵਿਆ, ਜਿਸ ਦੀ ਕਦੇ ਸਮਾਜਿਕ ਮੁੱਦਿਆਂ ਨਾਲ ਨਜਿੱਠਣ ਲਈ ਆਦਰਸ਼ਵਾਦੀ ਪਹੁੰਚ ਸੀ, ਉਹ ਲੀਪ ਤੋਂ ਬਾਅਦ ਆਪਣੇ ਟੀਚਿਆਂ ਬਾਰੇ ਸਪੱਸ਼ਟ ਨਹੀਂ ਹੈ। ਉਹ ਆਪਣੀ ਨੌਕਰੀ ਤੋਂ ਛੁੱਟੀ ਲੈ ਕੇ ਆਪਣੀ ਟਰੈਵਲ ਏਜੰਸੀ ਵਿੱਚ ਇੱਕ ਦੋਸਤ ਦੀ ਮਦਦ ਕਰਨ ਲਈ ਮੁੰਬਈ ਜਾਂਦੀ ਹੈ। ਜਦੋਂ ਉਹ ਆਪਣੇ ਮਾਤਾ-ਪਿਤਾ ਦੇ ਕਹਿਣ ’ਤੇ ਲਖਨਊ ਵਾਪਸ ਆਉਂਦੀ ਹੈ, ਤਾਂ ਵਿੱਕੀ ਨਾਂ ਦਾ ਇੱਕ ਟੈਕਸੀ ਡਰਾਈਵਰ ਉਸ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਅਤੇ ਅਣਜਾਣੇ ਵਿੱਚ ਉਸ ਨੂੰ ਜੀਵਨ ਦੇ ਸਬਕ ਦਿੰਦਾ ਹੈ। ਉਹ ਉਸ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
ਇਸ ਵਿੱਚ ਆਕਰਸ਼ਕ ਅਤੇ ਊਰਜਾਵਾਨ ਅਭਿਨੇਤਾ ਮੁਦਿਤ ਨਾਇਰ ਵਿੱਕੀ ਦੀ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆਵੇਗਾ ਜੋ ਵੱਖ-ਵੱਖ ਤਰੀਕਿਆਂ ਨਾਲ ਕਾਵਿਆ ਦੀ ਜ਼ਿੰਦਗੀ ’ਚ ਅਹਿਮ ਭੂਮਿਕਾ ਨਿਭਾਏਗਾ। ਵਿੱਕੀ ਆਪਣੀ ਛੋਟੀ ਭੈਣ ਅਤੇ ਦਾਦੀ ਨਾਲ ਰਹਿੰਦਾ ਹੈ। ਉਹ ਰੋਜ਼ੀ-ਰੋਟੀ ਕਮਾਉਣ ਲਈ ਆਪਣੇ ਚਾਚੇ ਦੀ ਟੈਕਸੀ ਚਲਾਉਂਦਾ ਹੈ। ਉਹ ਇੱਕ ਸਧਾਰਨ, ਬੇਪਰਵਾਹ ਅਤੇ ਵਿਹਾਰਕ ਵਿਅਕਤੀ ਹੈ ਜੋ ਭਵਿੱਖ ਬਾਰੇ ਸੋਚੇ ਬਿਨਾਂ ਵਰਤਮਾਨ ਵਿੱਚ ਰਹਿੰਦਾ ਹੈ ਅਤੇ ਕੱਲ੍ਹ ਦੀ ਚਿੰਤਾ ਕੀਤੇ ਬਿਨਾਂ ਸੌਣ ਨੂੰ ਤਰਜੀਹ ਦਿੰਦਾ ਹੈ। ਆਪਣੇ ਦੁਖਦਾਈ ਅਤੀਤ ਦੇ ਬਾਵਜੂਦ, ਉਹ ਉਸ ਦਰਦ ਦਾ ਬੋਝ ਨਹੀਂ ਚੁੱਕਦਾ ਅਤੇ ਅਕਸਰ ਗੰਭੀਰ ਅਤੇ ਡੂੰਘੇ ਵਿਚਾਰਾਂ ਨੂੰ ਆਸਾਨੀ ਨਾਲ ਪ੍ਰਗਟ ਕਰਦਾ ਹੈ।
‘ਕਾਵਿਆ-ਏਕ ਜਜ਼ਬਾ, ਏਕ ਜਨੂੰਨ’ ਨਾਲ ਲੰਬੇ ਸਮੇਂ ਬਾਅਦ ਟੈਲੀਵਿਜ਼ਨ ’ਤੇ ਵਾਪਸੀ ਕਰਨ ’ਤੇ ਮੁਦਿਤ ਨਾਇਰ ਨੇ ਕਿਹਾ, ‘‘ਮੈਂ ਨਿਰਮਾਤਾਵਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਅਜਿਹਾ ਦਿਲਚਸਪ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਨੇ ਮੈਨੂੰ ਟੈਲੀਵਿਜ਼ਨ ’ਤੇ ਵਾਪਸੀ ਕਰਨ ਲਈ ਮਜਬੂਰ ਕੀਤਾ। ਖ਼ੁਸ਼ਕਿਸਮਤ ਅਤੇ ਬੇਪਰਵਾਹ ਹੋਣ ਦੇ ਬਾਵਜੂਦ ਵਿੱਕੀ ਦਰਦ ਅਤੇ ਵਿਭਿੰਨ ਭਾਵਨਾਵਾਂ ਨੂੰ ਗਹਿਰਾਈ ਨਾਲ ਸਮਝਦਾ ਹੈ, ਜੋ ਉਸ ਨੂੰ ਇੱਕ ਵਿਲੱਖਣ ਪਾਤਰ ਬਣਾਉਂਦਾ ਹੈ।
ਉਹ ਕਾਵਿਆ ਦੀ ਲੀਪ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਿਹਾ ਹੈ। ਮੈਂ ਇਹ ਦੇਖਣ ਲਈ ਉਤਸੁਕ ਹਾਂ ਕਿ ਇਹ ਕਿਰਦਾਰ ਅੱਗੇ ਕਿਵੇਂ ਵਿਕਸਤ ਹੁੰਦਾ ਹੈ।’’

Advertisement
Author Image

sanam grng

View all posts

Advertisement
Advertisement
×