ਅਧਿਆਪਕ ਮੋਰਚੇ ਨੇ ਸੰਘਰਸ਼ ਦੀ ਵਿਉਂਤਬੰਦੀ ਉਲੀਕੀ
ਖੇਤਰੀ ਪ੍ਰਤੀਨਿਧ
ਬਰਨਾਲਾ, 26 ਨਵੰਬਰ
ਪਹਿਲੀ ਦਸੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਖ਼ਿਲਾਫ਼ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਉਨ੍ਹਾਂ ਦੇ ਪਿੰਡ ਉਲੀਕੇ ਰੋਸ ਪ੍ਰਦਰਸ਼ਨ ਦੀ ਤਿਆਰੀ ਹਿਤ ਸਥਾਨਕ ਸਕੂਲ ਆਫ਼ ਐਮੀਨੈਂਸ ਵਿੱਚ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਬਰਨਾਲਾ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬਾ ਕਨਵੀਨਰ ਗੁਰਜੰਟ ਸਿੰਘ ਵਾਲੀਆ, ਹਰਵਿੰਦਰ ਸਿੰਘ ਬਿਲਗਾ ਅਤੇ ਸੂਬਾਈ ਆਗੂ ਅਜੀਤਪਾਲ ਸਿੰਘ ਜੱਸੋਵਾਲ ਨੇ ਵਿਸ਼ੇਸ ਸ਼ਿਰਕਤ ਕੀਤੀ। ਆਗੂਆਂ ਕਿਹਾ ਕਿ ਸਿੱਖਿਆ ਮੰਤਰੀ ਨੇ ਮੰਗਾਂ ਸਬੰਧੀ ਕੋਈ ਨੋਟਿਸ ਨਹੀਂ ਲਿਆ। ਸਗੋਂ ਸੀ ਐਂਡ ਵੀ ਕਾਡਰ ਦੇ ਪੀਟੀ ਆਈ’ਜ਼/ਆਰਟ ਐਂਡ ਕਰਾਫਟ ਟੀਚਰਜ਼ ਤੋਂ ਰਿਕਵਰੀ ਦਾ ਪੱਤਰ ਮੁੜ ਜਾਰੀ ਕੀਤਾ ਗਿਆ ਹੈ। ਸੀ ਈ ਪੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਤੋਂ ਹਟਾ ਕੇ ਫਰਜ਼ੀ ਰਿਕਾਰਡ ਬਣਾਉਣ ਲਈ ਉਲਝਾਇਆ ਜਾ ਰਿਹਾ ਹੈ। ਦੂਜੇ ਪਾਸੇ ਇਹ ਫਰਜ਼ੀ ਰਿਕਾਰਡ ਚੈੱਕ ਕਰਨ ਲਈ ਟੀਮਾਂ ਅਧਿਆਪਕਾਂ ਨੂੰ ਵੀ ਅਲੱਗ ਪ੍ਰੇਸ਼ਾਨ ਕਰ ਰਹੀਆਂ ਹਨ ਜਿਸ ਕਾਰਨ ਅਧਿਆਪਕ ਵਰਗ ਵਿੱਚ ਵਿੱਚ ਭਾਰੀ ਰੋਸ ਹੈ। ਮੰਗਾਂ ਪ੍ਰਤੀ ਵਿਭਾਗ ਸੁਹਿਰਦ ਨਹੀਂ ਹੈ, ਜਿਸ ਕਾਰਨ ਪਹਿਲੀ ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਡੀ ਗਿਣਤੀ ਵਿੱਚ ਅਧਿਆਪਕ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ।