ਮਸਲਿਆਂ ਦੇ ਹੱਲ ਲਈ ਰਾਜ ਸਭਾ ਮੈਂਬਰ ਨੂੰ ਮਿਲੇ ਅਧਿਆਪਕ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਦਸੰਬਰ
ਚੰਡੀਗੜ੍ਹ ਦੇ ਜੁਆਇੰਟ ਟੀਚਰਜ਼ ਐਸੋਸੀਏਸ਼ਨ ਦਾ ਇਕ ਵਫ਼ਦ ਅੱਜ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਿਆ ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਜੇਟੀਏ ਦੇ ਕਨਵੀਨਰ ਡਾ. ਰਮੇਸ਼ ਚੰਦ ਸ਼ਰਮਾ, ਚੇਅਰਮੈਨ ਰਣਵੀਰ ਝੋਰੜ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਅਤੇ ਜਨਰਲ ਸਕੱਤਰ ਅਜੈ ਸ਼ਰਮਾ ਨੇ ਕਿਹਾ ਕਿ ਉਹ ਅਧਿਆਪਕ ਮਸਲਿਆਂ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ, ਇਸ ਕਰ ਕੇ ਉਹ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਮਿਲੇ ਸਨ ਤਾਂ ਕਿ ਅਧਿਆਪਕਾਂ ਦੀ ਆਵਾਜ਼ ਪ੍ਰਧਾਨ ਮੰਤਰੀ ਤਕ ਪਹੁੰਚਾਈ ਜਾ ਸਕੇ। ਉਹ ਪੋਕਸੋ ਐਕਟ ਵਿੱਚ ਸੋਧ, ਪੰਜਾਬ ਸਿਵਲ ਸਰਵਿਸ ਰੂਲ ਤੇ ਕੇਂਦਰੀ ਨਿਯਮਾਂ ਵਿਚ ਇਕ ਦੀ ਚੋਣ ਕਰਨ, 2004 ਤੋਂ ਪਹਿਲਾਂ ਨੌਕਰੀ ਕਰ ਰਹੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਅਤੇ ਗੈਸਟ ਲੈਕਚਰਾਰਾਂ ਨੂੰ ਨੌਕਰੀ ਦੀ ਸੁਰੱਖਿਆ ਅਤੇ ਡੈਪੂਟੇਸ਼ਨ ’ਤੇ ਅਧਿਆਪਕਾਂ ਨੂੰ ਬਕਾਇਆ ਮਹਿੰਗਾਈ ਭੱਤਾ ਆਦਿ ਦੇਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਸਿੱਖਿਆ ਸਕੱਤਰ ਨਾਲ ਵੀ ਵਿਚਾਰੀਆਂ ਹਨ। ਦੂਜੇ ਪਾਸੇ ਸ੍ਰੀ ਸੰਧੂ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਧਿਆਪਕਾਂ ਦੇ ਮਸਲੇ ਹੱਲ ਕਰਵਾਉਣਗੇ ਤੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਨਗੇ।
ਕੈਪਸ਼ਨ: ਚੰਡੀਗੜ੍ਹ ਵਿਚ ਸਤਨਾਮ ਸੰਧੂ ਨਾਲ ਮੁਲਾਕਾਤ ਕਰਦੇ ਹੋਏ ਅਧਿਆਪਕ