ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖ਼ਾਬਾਂ ਦਾ ਤਲਿਸਮੀ ਸੰਸਾਰ

11:48 AM Apr 07, 2024 IST

ਡਾ. ਅਰਵਿੰਦਰ ਸਿੰਘ ਭੱਲਾ

Advertisement

ਨਾਮਵਰ ਉਰਦੂ ਸ਼ਾਇਰ ਅਹਿਮਦ ਫ਼ਰਾਜ਼ ਲਿਖਦਾ ਹੈ ਕਿ ‘‘ਖ਼ਾਬ ਮਰਤੇ ਨਹੀਂ, ਖ਼ਾਬ ਦਿਲ ਹੈਂ ਨ ਆਂਖੇਂ ਨ ਸਾਸੇਂ ਕਿ ਜੋ ਰੇਜ਼ਾ-ਰੇਜ਼ਾ ਹੂਏ ਤੋ ਬਿਖਰ ਜਾਏਂਗੇ, ਜਿਸਮ ਕੀ ਮੌਤ ਸੇ ਯੇ ਭੀ ਮਰ ਜਾਏਂਗੇ, ਖ਼ਾਬ ਮਰਤੇ ਨਹੀਂ, ਖ਼ਾਬ ਤੋ ਰੌਸ਼ਨੀ ਹੈਂ ਨਵਾ ਹੈਂ ਹਵਾ ਹੈਂ, ਜੋ ਕਾਲੇ ਪਹਾੜੋਂ ਸੇ ਰੁਕਤੇ ਨਹੀਂ, ਜ਼ੁਲਮ ਕੇ ਦੋਜ਼ਖ਼ੋਂ ਸੇ ਭੀ ਫੁੰਕਤੇ ਨਹੀਂ, ਰੌਸ਼ਨੀ ਔਰ ਨਵਾ ਔਰ ਹਵਾ ਕੇ ਅਲਮ ਮਕਤਲੋਂ ਮੇਂ ਪਹੁੰਚਕਰ ਭੀ ਝੁਕਤੇ ਨਹੀਂ, ਖ਼ਾਬ ਤੋ ਹਰਫ਼ ਹੈਂ, ਖ਼ਾਬ ਤੋ ਨੂਰ ਹੈਂ, ਖ਼ਾਬ ਸੁਕਰਾਤ ਹੈਂ, ਖ਼ਾਬ ਮੰਸੂਰ ਹੈਂ।’’ ਜੇਕਰ ਇਸ ਪਹਿਲੂ ਤੋਂ ਖ਼ਾਬਾਂ ਦੇ ਤਲਿਸਮ ਦੀ ਗੱਲ ਨੂੰ ਅੱਗੇ ਵਧਾਇਆ ਜਾਵੇ ਤਾਂ ਇਹ ਯਕੀਨੀ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਕਾਇਨਾਤ ਅੰਦਰ ਕੋਈ ਵੀ ਅਜਿਹਾ ਸ਼ਖ਼ਸ ਨਹੀਂ ਜਿਸ ਨੂੰ ਕਦੇ ਖ਼ਾਬਾਂ ਦੇ ਤਲਿਸਮ ਨੇ ਮੰਤਰ ਮੁਗਧ ਨਾ ਕੀਤਾ ਹੋਵੇ। ਉਮਰ ਦੇ ਵੱਖੋ-ਵੱਖਰੇ ਪੜਾਵਾਂ ਉੱਪਰ ਇਨਸਾਨ ਦੇ ਖ਼ਾਬ ਵੀ ਰੂਪ ਵਟਾਉਂਦੇ ਹਨ। ਇਨ੍ਹਾਂ ਦਾ ਜਾਦੂਈ ਸੰਸਾਰ ਹਰੇਕ ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦਾ ਹੈ। ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਖ਼ਾਬਾਂ ਦੇ ਤ੍ਰਿੰਝਣ, ਉਮੀਦਾਂ ਦੀ ਮਾਲ੍ਹ, ਸੱਧਰਾਂ ਦੇ ਕੱਤਣ ਅਤੇ ਇੰਤਜ਼ਾਰ ਦੇ ਤੱਕਲੇ ਵਿੱਚੋਂ ਹੀ ਤਾਂ ਜ਼ਿੰਦਗੀ ਆਪਣੇ ਮਾਅਨਿਆਂ ਅਤੇ ਮੁਸਤਕਬਿਲ ਨੂੰ ਤਲਾਸ਼ਦੀ ਹੈ। ਇਸ ਨੂੰ ਕਿਸੇ ਸੁਪਨਸਾਜ਼ ਦੀ ਬੁਨਿਆਦੀ ਫ਼ਿਤਰਤ ਹੀ ਕਹਿ ਲਵੋ ਜਾਂ ਉਸ ਦੀ ਕੋਈ ਮਜਬੂਰੀ ਕਿ ਉਹ ਆਪਣੇ ਖ਼ਾਬਾਂ ਦੇ ਤ੍ਰਿੰਝਣ ਵਿੱਚ ਬੈਠ ਕੇ ਆਪਣੀਆਂ ਸੱਧਰਾਂ ਅਤੇ ਹਸਰਤਾਂ ਨੂੰ ਤਾਉਮਰ ਹਰ ਪਲ ਕੱਤਦੇ ਰਹਿਣ ਵਿੱਚ ਹੀ ਰਾਹਤ, ਸਕੂਨ ਤੇ ਤਸਕੀਨ ਭਾਲਦਾ ਹੈ। ਖ਼ਾਬਾਂ ਦੇ ਸਫ਼ਰ ਦਾ ਪੈਂਡਾ ਤੈਅ ਕਰਨ ਵਾਲੇ ਹਰ ਸ਼ਖ਼ਸ ਦੀਆਂ ਅੱਖਾਂ ਵਿੱਚ ਆਪਣੀ ਮੰਜ਼ਿਲ ਨੂੰ ਪਾਉਣ ਦੀ ਹਸਰਤ ਲੁਕੀ ਹੁੰਦੀ ਹੈ; ਕਦੇ ਉਸ ਦੀਆਂ ਨਜ਼ਰਾਂ ਨੂੰ ਆਪਣੀ ਮੰਜ਼ਿਲ ਵੱਲ ਜਾਂਦੀਆਂ ਪਗਡੰਡੀਆਂ ਦੀ ਤਲਾਸ਼ ਰਹਿੰਦੀ ਹੈ ਅਤੇ ਕਦੇ ਆਪਣੇ ਦਿਲ ਦੀ ਹਰ ਧੜਕਣ ਨਾਲ ਆਪਣੀ ਮੰਜ਼ਿਲ ਦੇ ਸਿਰਨਾਵੇਂ ਨੂੰ ਢੂੰਡਣ ਦਾ ਉਸ ਦਾ ਜਜ਼ਬਾ ਹੌਲੀ-ਹੌਲੀ ਜਨੂਨ ਵਿੱਚ ਬਦਲ ਜਾਂਦਾ ਹੈ।
ਸੁਪਨਸਾਜ਼ ਨੂੰ ਆਪਣੇ ਖ਼ਾਬਾਂ ਦੇ ਕੈਨਵਸ ਉੱਤੇ ਇੰਦਰਧਨੁਸ਼ ਦੇ ਸਾਰੇ ਰੰਗ ਦਿਖਾਈ ਦਿੰਦੇ ਹਨ ਪਰ ਸੱਚ ਜਾਣਿਓ ਖ਼ਾਬਾਂ ਦੀ ਉਧੇੜਬੁਣ ਦਾ ਇਹ ਸਫ਼ਰ ਸੁਪਨਸਾਜ਼ ਲਈ ਕਦੇ ਵੀ ਸਹਿਜ ਤੇ ਸਰਲ ਨਹੀਂ ਹੁੰਦਾ ਹੈ। ਖ਼ਾਬਾਂ ਦਾ ਸਫ਼ਰ ਨਾ ਤਾਂ ਪਹਿਲਾਂ ਤੋਂ ਕਦੇ ਤੈਅਸ਼ੁਦਾ ਹੁੰਦਾ ਹੈ, ਨਾ ਖ਼ਾਬ ਕਦੇ ਅਸੂਲਾਂ ਤੇ ਤਕਾਜ਼ਿਆਂ ਦੇ ਪਾਬੰਦ ਹੁੰਦੇ ਹਨ ਅਤੇ ਨਾ ਹੀ ਖ਼ਾਬ ਕਿਸੇ ਦੇ ਤਰਕ ਦੇ ਪੈਮਾਨਿਆਂ ਦੇ ਮੁਥਾਜ ਹੁੰਦੇ ਹਨ। ਇਹ ਤਾਂ ਸਮੁੰਦਰ ਦੀ ਮੌਜ ਜਿਹੇ ਹੁੰਦੇ ਹਨ - ਵਸੀਹ ਅਤੇ ਬੇਪਰਵਾਹ। ਖ਼ਾਬ ਰੁਮਕਦੀਆਂ ਪੌਣਾਂ ਵਾਂਗ ਵੀ ਹੁੰਦੇ ਹਨ ਜੋ ਇਨਸਾਨ ਦੀ ਰੂਹ ਦੇ ਧੁਰ ਅੰਦਰ ਸਰੂਰ ਅਤੇ ਵਜਦ ਪੈਦਾ ਕਰਦੇ ਹਨ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਕੁਝ ਖ਼ਾਬ ਇਨਸਾਨ ਨੂੰ ਖ਼ਾਕ ਕਰ ਦਿੰਦੇ ਹਨ ਅਤੇ ਕੁਝ ਇਨਸਾਨ ਦੇ ਕਦਮਾਂ ਵਿੱਚ ਚੰਦ ਲਿਆ ਧਰਦੇ ਹਨ। ਇਨਸਾਨ ਤਾਉਮਰ ਕੁਝ ਖ਼ਾਬਾਂ ਨੂੰ ਦੇਖਣਾ ਲੋਚਦਾ ਹੈ, ਕੁਝ ਦੀ ਤਾਬੀਰ ਲਈ ਤਰਸਦਾ ਹੈ, ਕੁਝ ਦੇ ਟੁਕੜੇ-ਟੁਕੜੇ ਹੋਣ ਉਪਰੰਤ ਕਿਣਕਿਆਂ ਵਾਂਗ ਖ਼ੁਦ ਨੂੰ ਬਿਖਰਿਆ ਤੇ ਤੜਫ਼ਦਾ ਮਹਿਸੂਸ ਕਰਦਾ ਹੈ। ਕੁਝ ਹਸੀਨ ਖ਼ਾਬਾਂ ਨੂੰ ਦੇਖਦਿਆਂ ਅਚਾਨਕ ਅੱਧਵਾਟੇ ਨੀਂਦ ਖੁੱਲ੍ਹਦਿਆਂ ਇਨ੍ਹਾਂ ਦੇ ਅਧੂਰੇ ਰਹਿ ਜਾਣ ਉੱਪਰ ਖ਼ੁਦ ਨੂੰ ਠਗਿਆ ਜਿਹਾ ਮਹਿਸੂਸ ਵੀ ਕਰਦਾ ਹੈ ਅਤੇ ਕੁਝ ਦੇ ਸੱਚ ਹੋਣ ਉੱਪਰ ਖ਼ੁਦ ਨੂੰ ਇਸ ਕਾਇਨਾਤ ਦਾ ਸਭ ਤੋਂ ਵੱਧ ਖੁਸ਼ਕਿਸਮਤ ਇਨਸਾਨ ਸਮਝਦਾ ਹੈ।
ਇਨਸਾਨ ਦੇ ਖ਼ਾਬਾਂ ਦਾ ਸੰਸਾਰ ਬੜਾ ਨਿਰਾਲਾ, ਦਿਲਫ਼ਰੇਬ ਅਤੇ ਹੈਰਤਅੰਗੇਜ਼ ਹੁੰਦਾ ਹੈ। ਖ਼ਾਬ ਤਾਂ ਇਨਸਾਨ ਦੀਆਂ ਉਨ੍ਹਾਂ ਅਧੂਰੀਆਂ ਖ਼ਾਹਿਸ਼ਾਂ ਦੇ ਅਕਸ ਹੁੰਦੇ ਹਨ ਜੋ ਇਨਸਾਨ ਨੂੰ ਨਾ ਤਾਂ ਜਿਊਣ ਦਿੰਦੀਆਂ ਹਨ ਅਤੇ ਨਾ ਹੀ ਮਰਨ। ਹੌਲੀ-ਹੌਲੀ ਇਨਸਾਨ ਦੇ ਖ਼ਾਬ ਉਸ ਕੋਲੋਂ ਉਸ ਦੇ ਦਿਲ ਦਾ ਕਰਾਰ ਤੇ ਸਕੂਨ ਤੱਕ ਖੋਹ ਕੇ ਉਸ ਨੂੰ ਲੰਮੀਆਂ ਵਾਟਾਂ ਦਾ ਪਾਂਧੀ ਬਣਾ ਦਿੰਦੇ ਹਨ। ਖ਼ਾਬ ਆਪਣੇ-ਆਪ ਵਿੱਚ ਚਾਨਣ ਮੁਨਾਰਾ ਵੀ ਹੁੰਦੇ ਹਨ ਅਤੇ ਕੁਝ ਖ਼ਾਬ ਬੰਦ ਗਲੀਆਂ ਦੀ ਤਰ੍ਹਾਂ ਹੁੰਦੇ ਹਨ। ਕੁਝ ਖ਼ਾਬਾਂ ਦੀ ਬਿਆਨਗੋਈ ਤੋਂ ਵੀ ਮਨੁੱਖ ਝਿਜਕਦਾ ਹੈ ਅਤੇ ਕੁਝ ਦੇ ਸੱਚ ਹੋਣ ਤੋਂ ਬਾਅਦ ਵੀ ਇਨਸਾਨ ਚਾਹੁੰਦਾ ਹੈ ਕਿ ਸਾਰਾ ਬ੍ਰਹਿਮੰਡ ਉਸ ਕੋਲੋਂ ਉਸ ਦੇ ਖ਼ਾਬਾਂ ਦੀ ਤਫ਼ਸੀਲ ਪੁੱਛੇ। ਕੁਝ ਖ਼ਾਬਾਂ ਦਾ ਇਜ਼ਹਾਰ ਇਨਸਾਨ ਨੂੰ ਸਿਰਿਉਂ ਕੱਖੋਂ ਹੌਲੇ ਕਰ ਦਿੰਦਾ ਹੈ ਅਤੇ ਕੁਝ ਦਾ ਇਜ਼ਹਾਰ ਇਨਸਾਨ ਦੀ ਝੋਲੀ ਨੂੰ ਜ਼ਮਾਨੇ ਭਰ ਦੀਆਂ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ। ਕਦੇ-ਕਦੇ ਇਉਂ ਵੀ ਹੁੰਦਾ ਹੈ ਕਿ ਕੁਝ ਖ਼ਾਬ ਆਪਣੇ ਅਧੂਰੇਪਣ ਵਿੱਚ ਹੀ ਦਿਲਕਸ਼ ਮਹਿਸੂਸ ਹੁੰਦੇ ਹਨ ਅਤੇ ਕਈ ਵਾਰ ਕੁਝ ਖ਼ਾਬਾਂ ਦੀ ਤਾਬੀਰ ਤੁਹਾਨੂੰ ਕੋਈ ਹੋਰ ਨਵਾਂ ਖ਼ਾਬ ਦੇਖਣ ਦੇ ਸਫ਼ਰ ਉੱਤੇ ਤੋਰ ਦਿੰਦੀ ਹੈ। ਕੁਝ ਨੂੰ ਇਨਸਾਨ ਲੁਕੋ-ਲੁਕੋ ਕੇ ਪੁੱਤਾਂ ਵਾਂਗ ਪਾਲਦਾ ਹੈ ਅਤੇ ਉਨ੍ਹਾਂ ਦੇ ਪਰਵਾਨ ਚੜ੍ਹਨ ’ਤੇ ਖ਼ੁਦ ਨੂੰ ਸੁਰਖਰੂ ਹੋਇਆ ਮਹਿਸੂਸ ਕਰਦਾ ਹੈ। ਹਮੇਸ਼ਾ ਦੁਆ ਕਰੋ ਕਿ ਕੋਈ ਇਨਸਾਨ ਬੇਖ਼ਾਬ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਨਾ ਹੋਵੇ, ਹਰੇਕ ਦੇ ਕੁਝ ਸੁਪਨੇ ਜ਼ਰੂਰ ਸਾਕਾਰ ਰੂਪ ਧਾਰਨ ਕਰਨ, ਕੁਝ ਸੁਪਨਿਆਂ ਨੂੰ ਹੰਢਾਉਣਾ ਤੁਹਾਨੂੰ ਨਸੀਬ ਹੋਵੇ ਅਤੇ ਕਾਸ਼! ਉਹ ਰੱਬ ਤੁਹਾਨੂੰ ਇੰਨੀ ਕੁ ਤੌੌਫ਼ੀਕ ਜ਼ਰੂਰ ਦੇਵੇ ਕਿ ਦੂਜਿਆਂ ਦੇ ਖ਼ਾਬਾਂ ਦੀ ਤਾਬੀਰ ਦੇ ਰਾਹ ਵਿੱਚ ਸਹਾਈ ਹੋ ਸਕੋ।
ਉਹ ਲੋਕ ਕਦੇ ਵੀ ਸੁਪਨਸਾਜ਼, ਸ਼ਾਹਸਵਾਰ ਅਤੇ ਸਫ਼ਲ ਨਹੀਂ ਅਖਵਾ ਸਕਦੇ ਜੋ ਜ਼ਿੰਦਗੀ ਦੇ ਇਮਤਿਹਾਨ ਦੇਣੇ ਤੋਂ ਡਰਦਿਆਂ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰਨ ਨੂੰ ਤਰਜੀਹ ਦਿੰਦੇ ਹਨ। ਪਰਬਤਾਂ ਦੇ ਸਿਖ਼ਰ ਛੂਹਣਾ, ਸਮੁੰਦਰ ਦੀ ਗਹਿਰਾਈ ਮਾਪਣਾ ਅਤੇ ਅੰਬਰਾਂ ਵਿੱਚ ਪਰਵਾਜ਼ ਭਰਨ ਲਈ ਦ੍ਰਿੜ੍ਹ ਨਿਸ਼ਚਾ, ਬੁਲੰਦ ਹੌਸਲਾ ਅਤੇ ਉਸਾਰੂ ਸੋਚ ਲੋੜੀਂਦੀ ਹੈ। ਵਕਤ ਬੇਸ਼ੱਕ ਬਹੁਤ ਬਲਵਾਨ ਹੈ ਪਰ ਰੱਬ ਨੇ ਮਨੁੱਖ ਬਹੁਤ ਸਾਰੀਆਂ ਖ਼ੂਬੀਆਂ ਨਾਲ ਨਿਵਾਜਿਆ ਹੈ। ਜੇਕਰ ਲੋੜ ਹੈ ਤਾਂ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣਨ ਦੀ। ਜੇ ਇਨਸਾਨ ਹਰ ਇੱਕ ਤਰ੍ਹਾਂ ਦੇ ਹਾਲਾਤ ਵਿੱਚ ਜਿਊਣ ਅਤੇ ਸਹਿਜ ਸੁਭਾਅ ਤੁਰਦਿਆਂ ਆਪਣੀ ਮੰਜ਼ਿਲ ਵੱਲ ਵਧਣ ਦਾ ਹੁਨਰ ਸਿੱਖ ਲਵੇ ਤਾਂ ਅਜਿਹੀ ਕੋਈ ਮੰਜ਼ਿਲ ਨਹੀਂ ਜਿਸ ਨੂੰ ਪਾਉਣ ਦੇ ਆਪਣੇ ਖ਼ਾਬ ਨੂੰ ਹਕੀਕਤ ਵਿੱਚ ਨਾ ਬਦਲ ਸਕੇ। ਹਰੇਕ ਵਿਅਕਤੀ ਦੀ ਇਹ ਬੁਨਿਆਦੀ ਫ਼ਿਤਰਤ ਹੈ ਕਿ ਜੋ ਕੁਝ ਉਸ ਦੀ ਜ਼ਿੰਦਗੀ ਵਿੱਚ ਨਹੀਂ ਵਾਪਰਦਾ, ਉਸ ਦੀ ਤਲਾਸ਼ ਉਹ ਆਪਣੇ ਖ਼ਾਬਾਂ ਵਿੱਚ ਕਰਦਾ ਹੈ। ਉਹ ਆਪਣੇ ਖ਼ਾਬਾਂ ਦੀ ਤਾਬੀਰ ਲਈ ਸਾਰੀ ਉਮਰ ਤਰੱਦਦ ਕਰਦਾ ਹੈ। ਉਹ ਜਿਊਂਦਾ ਅਤੇ ਮਰਦਾ ਵੀ ਆਪਣੇ ਖ਼ਾਬਾਂ ਲਈ ਹੈ। ਇਹ ਉਸ ਅੰਦਰ ਜਿਊਣ ਦਾ ਚਾਅ ਪੈਦਾ ਕਰਦੇ ਅਤੇ ਉਸ ਵਿੱਚ ਨਿੱਤ ਨਵਾਂ ਜੋਸ਼ ਭਰਦੇ ਹਨ। ਬੇਸ਼ੱਕ, ਇਨਸਾਨ ਆਪਣੇ ਸਾਰੇ ਖ਼ਾਬਾਂ ਨੂੰ ਹਰ ਹੀਲੇ ਹਕੀਕਤ ਦਾ ਰੂਪ ਦੇਣਾ ਚਾਹੁੰਦਾ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ।
ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਨਾਗਵਾਰ ਤਜਰਬੇ, ਦੁਸ਼ਵਾਰੀਆਂ ਅਤੇ ਹਾਲਾਤ ਮਨੁੱਖ ਨੂੰ ਕਈ ਵਾਰ ਇੰਨੀ ਢਹਿੰਦੀਕਲਾ ਵੱਲ ਧੱਕ ਦਿੰਦੇ ਹਨ ਕਿ ਉਹ ਆਪਣੇ ਖ਼ਾਬਾਂ ਦੇ ਹੱਥੋਂ ਵੀ ਇੱਕ ਦਿਨ ਹਾਰ ਜਾਂਦਾ ਹੈ। ਜ਼ਿੰਦਗੀ ਕਈ ਵਾਰ ਕਈਆਂ ਲਈ ਇੰਨੀ ਜ਼ਿਆਦਾ ਤਕਲੀਫ਼ਦੇਹ ਅਤੇ ਅਜ਼ਮਾਇਸ਼ਾਂ ਭਰਪੂਰ ਹੋ ਜਾਂਦੀ ਹੈ ਕਿ ਇਨਸਾਨ ਆਪਣੀ ਜ਼ਿੰਦਗੀ ਤੋਂ ਵੀ ਤੰਗ ਆ ਜਾਂਦਾ ਹੈ। ਦਰਅਸਲ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਉਹ ਕੌੜਾ ਸੱਚ ਹੈ ਜਿਸ ਦੇ ਕੌੜੇਪਣ ਨੂੰ ਇਨਸਾਨ ਲਈ ਚੱਖਣਾ ਆਸਾਨ ਨਹੀਂ ਹੁੰਦਾ। ਜ਼ਿੰਦਗੀ ਕਈ ਵਾਰ ਖਾਰੇ ਪਾਣੀ ਦੀ ਅਜਿਹੀ ਝੀਲ ਬਣ ਜਾਂਦੀ ਹੈ ਜਿਵੇਂ ਤੁਹਾਡੇ ਸਾਹਮਣੇ ਦੂਰ-ਦੂਰ ਤੱਕ ਪਾਣੀ ਤੋਂ ਇਲਾਵਾ ਹੋਰ ਕੁਝ ਵੀ ਨਾ ਹੋਵੇ ਅਤੇ ਤੁਸੀਂ ਪਿਆਸ ਨਾਲ ਹੀ ਅਧਮੋਏ ਹੋ ਜਾਉ। ਜ਼ਿੰਦਗੀ ਕਈ ਵਾਰ ਕਿਸੇ ਚੌਰਾਹੇ ਉੱਪਰ ਆ ਕੇ ਇਉਂ ਖੜ੍ਹ ਜਾਂਦੀ ਹੈ ਜਿੱਥੋਂ ਤੁਹਾਨੂੰ ਅੱਗੇ ਵਧਣ ਲਈ ਕੋਈ ਢੁਕਵਾਂ ਰਾਹ ਨਹੀਂ ਦਿਸਦਾ। ਇਹ ਕਦੇ-ਕਦੇ ਸਿੱਧੀ, ਤਿਲਕਣੀ ਅਤੇ ਪਥਰੀਲੀ ਚਟਾਨ ਵਾਂਗ ਵੀ ਦਿਸਦੀ ਹੈ ਜਿਸ ਉੱਪਰ ਚੜ੍ਹਨਾ ਇਨਸਾਨ ਲਈ ਬੇਹੱਦ ਦੁਸ਼ਵਾਰ ਹੁੰਦਾ ਹੈ। ਯਾਦ ਰੱਖੋ! ਖ਼ਾਬਾਂ ਦੀ ਦੁਨੀਆ ਅਤੇ ਅਸਲ ਦੁਨੀਆ ਵਿੱਚ ਵੀ ਜ਼ਮੀਨ-ਆਸਮਾਨ ਦਾ ਫ਼ਰਕ ਹੁੰਦਾ ਹੈ। ਕਦੇ ਇਨਸਾਨ ਤਲਖ਼ ਹਕੀਕਤਾਂ ਦਾ ਬੜੀ ਹਿੰਮਤ ਨਾਲ ਸਾਹਮਣਾ ਕਰਦਿਆਂ ਹਰ ਮੁਹਾਜ਼ ਉੱਤੇ ਸਹਿਜੇ ਹੀ ਜਿੱਤ ਪ੍ਰਾਪਤ ਕਰ ਲੈਂਦਾ ਹੈ ਅਤੇ ਕਈ ਵਾਰ ਕਦਮ-ਕਦਮ ਉੱਪਰ ਅਜ਼ਮਾਇਸ਼ਾਂ ਦਾ ਸਾਹਮਣਾ ਕਰਦਿਆਂ ਉਸ ਦੇ ਖ਼ਾਬ ਚਕਨਾਚੂਰ ਹੋ ਜਾਂਦੇ ਹਨ।
ਜ਼ਿੰਦਗੀ ਵਿੱਚ ਇਹ ਫ਼ੈਸਲਾ ਕਰਨਾ ਵੀ ਬੇਹੱਦ ਕਠਿਨ ਹੁੰਦਾ ਹੈ ਕਿ ਇਨਸਾਨ ਨੇ ਆਪਣੇ ਖ਼ਾਬਾਂ ਦੀ ਤਾਬੀਰ ਦੇ ਰੂਪ ਵਿੱਚ ਜੋ ਹਾਸਲ ਕੀਤਾ ਹੁੰਦਾ ਹੈ, ਉਸ ਲਈ ਉਹ ਜ਼ਿਆਦਾ ਮਹੱਤਵਪੂਰਨ ਹੈ ਜਾਂ ਫਿਰ ਖ਼ਾਬਾਂ ਪਿੱਛੇ ਦੌੜਦਿਆਂ ਜਨੂੰਨ ਅਤੇ ਤੜਪ ਕਾਰਨ ਉਸ ਤੋਂ ਖੋਹਿਆ ਗਿਆ ਸਬਰ, ਸਕੂਨ, ਵਕਤ ਤੇ ਰਿਸ਼ਤੇ ਉਸ ਲਈ ਵੱਧ ਮਹੱਤਵਪੂਰਨ ਸਨ। ਅਸੀਂ ਅਕਸਰ ਸਾਰੀ ਉਮਰ ਉਸ ਪਲ ਦੀ ਉਡੀਕ ਵਿੱਚ ਗੁਜ਼ਾਰ ਦਿੰਦੇ ਹਾਂ ਜਿਸ ਪਲ ਸਾਡੇ ਖ਼ਾਬਾਂ ਦੀ ਤਾਬੀਰ ਹੋਵੇਗੀ। ਜਦੋਂ ਉਹ ਅਖੌਤੀ ਖ਼ੁਸ਼ਗਵਾਰ ਪਲ ਆਉਂਦਾ ਹੈ ਤਾਂ ਇਨਸਾਨ ਨੂੰ ਇਹ ਤਕਲੀਫ਼ਦੇਹ ਅਹਿਸਾਸ ਵੀ ਅੰਦਰੋਂ ਅੰਦਰ ਝੰਜੋੜਦਾ ਹੈ ਕਿ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਮਾਣਨ ਬਗੈਰ ਉਸ ਦੀ ਹਰ ਖ਼ੁਸ਼ੀ ਤੇ ਫ਼ਤਹਿ ਦਾ ਅਹਿਸਾਸ ਅਤੇ ਖ਼ਾਬ ਦੀ ਤਾਬੀਰ ਵੀ ਅਧੂਰੀ ਹੈ। ਖ਼ਾਬਾਂ ਦੀ ਤਾਬੀਰ ਹੋਣ ਤੋਂ ਬਾਅਦ ਵੀ ਖ਼ੁਦ ਨੂੰ ਉਹ ਖ਼ੁਸ਼ੀਆਂ ਦੇ ਪੱਖ ਤੋਂ ਕੰਗਾਲ ਅਤੇ ਜ਼ਿਹਨੀ ਤੌਰ ’ਤੇ ਬੇਚੈਨ ਪਾਉਂਦਾ ਹੈ। ਇਨਸਾਨ ਨੂੰ ਕਿਸੇ ਖ਼ਾਬ ਦੀ ਤਾਬੀਰ ਤੱਕ ਹੀ ਆਪਣੀ ਜ਼ਿੰਦਗੀ ਨੂੰ ਮਹਿਦੂਦ ਨਹੀਂ ਕਰਨਾ ਚਾਹੀਦਾ ਸਗੋਂ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਮਾਣਨ ਦਾ ਫ਼ਨ ਸਿੱਖਣ ਵੱਲ ਵੀ ਤਵੱਜੋ ਦੇਣੀ ਚਾਹੀਦੀ ਹੈ। ਇਉਂ ਇਨਸਾਨ ਆਪਣੇ ਹਰ ਖ਼ਾਬ ਦੀ ਤਾਬੀਰ ਹੋਣ ਵੇਲੇ ਮੁਕੰਮਲ ਖ਼ੁਸ਼ੀ, ਸੰਤੁਸ਼ਟੀ ਤੇ ਸਕੂਨ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕਰ ਸਕੇਗਾ।
ਸੰਪਰਕ: 94630-62603

Advertisement
Advertisement
Advertisement