For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਅਗਲੇ ਹਫ਼ਤੇ

06:47 AM Nov 02, 2024 IST
ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਅਗਲੇ ਹਫ਼ਤੇ
Advertisement

* ਮੁੱਖ ਮੰਤਰੀ ਕਰੀਬ 10 ਹਜ਼ਾਰ ਸਰਪੰਚਾਂ ਨੂੰ ਚੁਕਾਉਣਗੇ ਸਹੁੰ
* ਦੋ ਪੜਾਵਾਂ ’ਚ ਹੋਵੇਗਾ ਸਮਾਗਮ
* ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹੇ ਬਾਹਰ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 1 ਨਵੰਬਰ
ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਦਾ ਸੂਬਾ ਪੱਧਰੀ ‘ਸਹੁੰ ਚੁੱਕ ਸਮਾਗਮ’ ਨਵੰਬਰ ਦੇ ਦੂਸਰੇ ਹਫ਼ਤੇ ’ਚ ਹੋਵੇਗਾ। ਇਹ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਚ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ 10,031 ਸਰਪੰਚਾਂ ਨੂੰ ਹਲਫ਼ ਦਿਵਾਉਣਗੇ। ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹਿਆਂ ਮੁਕਤਸਰ ਸਾਹਿਬ, ਬਰਨਾਲਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਸਰਪੰਚਾਂ ਨੂੰ ਇਨ੍ਹਾਂ ਸਮਾਗਮਾਂ ਤੋਂ ਬਾਹਰ ਰੱਖਿਆ ਗਿਆ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਵੇਂ ਚੁਣੇ ਪੰਚਾਂ ਅਤੇ ਸਰਪੰਚਾਂ ਨੂੰ ਦੋ ਪੜਾਵਾਂ ਵਿਚ ਸਹੁੰ ਚੁਕਾਈ ਜਾਣੀ ਹੈ। ਪਹਿਲੇ ਪੜਾਅ ’ਚ ਸਿਰਫ਼ ਸਰਪੰਚਾਂ ਨੂੰ ਪਿੰਡ ਸਰਾਭਾ ਵਿਚ ਸਹੁੰ ਚੁਕਾਏ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸਮਾਗਮਾਂ ਲਈ ਕਰੀਬ 50 ਹਜ਼ਾਰ ਦੀ ਸਮਰੱਥਾ ਵਾਲਾ ਪੰਡਾਲ ਤਿਆਰ ਕੀਤਾ ਜਾਵੇਗਾ। ਸਰਪੰਚ ਆਪੋ-ਆਪਣੇ ਵਾਹਨ ’ਤੇ ਸਮਾਗਮਾਂ ਵਿਚ ਪੁੱਜਣਗੇ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਰ ਸਰਪੰਚ ਨਾਲ ਉਸ ਦੇ ਨਾਲ ਪੁੱਜਣ ਵਾਲੇ ਪਰਿਵਾਰਕ ਮੈਂਬਰ ਵੀ ਪ੍ਰਤੀ ਪਿੰਡ ਪੰਜ-ਪੰਜ ਹੋਣਗੇ।
ਨਵੇਂ ਚੁਣੇ ਪੰਚਾਂ ਨੂੰ ਦੂਸਰੇ ਪੜਾਅ ਵਿਚ ਜ਼ਿਲ੍ਹਾਵਾਰ ‘ਸਹੁੰ ਚੁੱਕ ਸਮਾਗਮ’ ਕਰਕੇ ਸਹੁੰ ਚੁਕਾਈ ਜਾਵੇਗੀ ਅਤੇ ਇਨ੍ਹਾਂ ਸਮਾਗਮਾਂ ਵਿਚ ਕੈਬਨਿਟ ਵਜ਼ੀਰਾਂ ਦੀ ਡਿਊਟੀ ਲੱਗ ਸਕਦੀ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਇਨ੍ਹਾਂ ਸਮਾਗਮਾਂ ਦੀ ਤਿਆਰੀ ਲਈ ਪ੍ਰਬੰਧਾਂ ਵਿਚ ਤਾਇਨਾਤ ਕੀਤਾ ਗਿਆ ਹੈ। ਭਲਕੇ ਸ਼ਨਿੱਚਰਵਾਰ ਨੂੰ ਮਹਿਕਮੇ ਦੇ ਪ੍ਰਸ਼ਾਸਕੀ ਸਕੱਤਰ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨਾਲ ਵਰਚੂਅਲ ਮੀਟਿੰਗ ਵੀ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਇਨ੍ਹਾਂ ਸਮਾਗਮਾਂ ਦਾ ਇੰਤਜ਼ਾਮ ਕਰ ਰਹੇ ਹਨ। ਜ਼ਿਮਨੀ ਚੋਣਾਂ ਵਾਲੇ ਚਾਰ ਜ਼ਿਲ੍ਹਿਆਂ ਦੇ ਕਰੀਬ 3200 ਸਰਪੰਚਾਂ ਨੂੰ ਬਾਅਦ ਵਿਚ ਸਹੁੰ ਚੁਕਾਈ ਜਾਵੇਗੀ। ਗਿੱਦੜਬਾਹਾ ਬਲਾਕ ਦੇ ਕਰੀਬ 20 ਪਿੰਡਾਂ ਦੇ ਸਰਪੰਚਾਂ ਦੀ ਚੋਣ ਹਾਲੇ ਹੋਣੀ ਬਾਕੀ ਹੈ। ਇਨ੍ਹਾਂ ਸਮਾਗਮਾਂ ਵਿਚ ਸਰਬਸੰਮਤੀ ਨਾਲ ਚੁਣੇ ਸਰਪੰਚ ਵੀ ਪੁੱਜਣਗੇ। ਪੰਜਾਬ ਸਰਕਾਰ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਸਹੁੰ ਚੁੱਕ ਸਮਾਗਮਾਂ ਨੂੰ ਹਾਲੇ ਸਰਕਾਰੀ ਪੱਧਰ ’ਤੇ ਅੰਤਿਮ ਛੋਹ ਦਿੱਤੀ ਜਾਣੀ ਬਾਕੀ ਹੈ ਅਤੇ ਸਮਾਰੋਹਾਂ ਦੀ ਤਰੀਕ ਅਤੇ ਸਮਾਰੋਹਾਂ ਦੇ ਸਥਾਨ ਵਿਚ ਥੋੜ੍ਹੀ-ਬਹੁਤੀ ਤਬਦੀਲੀ ਵੀ ਹੋ ਸਕਦੀ ਹੈ। ਇਨ੍ਹਾਂ ਸਮਾਰੋਹਾਂ ਵਿਚ ਦਿੱਲੀ ਤੋਂ ਵੀ ਸਿਆਸੀ ਆਗੂਆਂ ਦੇ ਪੁੱਜਣ ਦੀ ਸੰਭਾਵਨਾ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਾਨਸਾ ਨੇ 29 ਅਕਤੂਬਰ ਨੂੰ ਜਾਰੀ ਪੱਤਰ ਨੰਬਰ 3984-88 ’ਚ ਮਹਿਕਮੇ ਦੇ ਡਾਇਰੈਕਟਰ ਵੱਲੋਂ 29 ਅਕਤੂਬਰ ਨੂੰ ਹੀ ਕੀਤੀ ਵਰਚੂਅਲ ਮੀਟਿੰਗ ਦੇ ਹਵਾਲੇ ਨਾਲ ਲਿਖਿਆ ਕਿ ਇਹ ਸਹੁੰ ਚੁੱਕ ਸਮਾਗਮ 8 ਨਵੰਬਰ ਨੂੰ ਪਿੰਡ ਸਰਾਭਾ ਵਿਚ ਹੋਵੇਗਾ। ਪਿਛਲੀ ਕਾਂਗਰਸ ਸਰਕਾਰ ਵੇਲੇ 11-12 ਜਨਵਰੀ 2019 ਨੂੰ ਜ਼ਿਲ੍ਹਾ ਪੱਧਰ ’ਤੇ ਸਹੁੰ ਚੁੱਕ ਸਮਾਗਮ ਕਰਵਾਏ ਗਏ ਸਨ ਅਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪਟਿਆਲਾ ’ਚ ਸਹੁੰ ਚੁਕਾਈ ਸੀ। ਉਸ ਵੇਲੇ 13,262 ਸਰਪੰਚਾਂ, 83,831 ਪੰਚਾਂ, 2,899 ਸਮਿਤੀ ਮੈਂਬਰਾਂ ਅਤੇ 353 ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਹਲਫ਼ ਦਿਵਾਇਆ ਗਿਆ ਸੀ।

Advertisement

ਸਮਾਗਮ ਲਈ 15 ਕਰੋੜ ਦਾ ਬਜਟ

ਪੰਜਾਬ ਸਰਕਾਰ ਵੱਲੋਂ ਸਹੁੰ ਚੁੱਕ ਸਮਾਗਮਾਂ ਲਈ ਕਰੀਬ 15 ਕਰੋੜ ਦਾ ਬਜਟ ਰੱਖਿਆ ਗਿਆ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਹਾਲੇ ਬਾਕੀ ਹੈ। ਮਹਿਕਮੇ ਵੱਲੋਂ ਸਰਪੰਚਾਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਕੈਪਟਨ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੌਰਾਨ ਪੰਜ ਕਰੋੜ ਦਾ ਬਜਟ ਰੱਖਿਆ ਗਿਆ ਸੀ। ਉਸ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਨੇ ਅਗਸਤ 2013 ਵਿਚ ਸਹੁੰ ਚੁੱਕ ਸਮਾਗਮਾਂ ’ਤੇ ਪ੍ਰਤੀ ਮੈਂਬਰ 200 ਤੋਂ 250 ਰੁਪਏ ਖ਼ਰਚ ਕੀਤੇ ਸਨ। ਉਦੋਂ ਹਰ ਸਰਪੰਚ ਨੂੰ ਇੱਕ ਇੱਕ ਪੌਦਾ ਵੀ ਦਿੱਤਾ ਗਿਆ ਸੀ।

Advertisement
Author Image

joginder kumar

View all posts

Advertisement