ਕੋਲਕਾਤਾ ਕਾਂਡ ਦਾ ਸੁਪਰੀਮ ਕੋਰਟ ਨੇ ਲਿਆ ਨੋਟਿਸ
ਨਵੀਂ ਦਿੱਲੀ/ਕੋਲਕਾਤਾ, 18 ਅਗਸਤ
ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਹਸਪਤਾਲ ’ਚ ਟਰੇਨੀ ਡਾਕਟਰ ਦੇ ਕਥਿਤ ਜਬਰ-ਜਨਾਹ ਅਤੇ ਹੱਤਿਆ ਕੇਸ ਦਾ ਖੁਦ ਹੀ ਨੋਟਿਸ ਲੈਂਦਿਆਂ 20 ਅਗਸਤ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ 20 ਅਗਸਤ ਦੇ ਸੂਚੀਬੱਧ ਕੇਸਾਂ ’ਚ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ। ਕਲਕੱਤਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲੀਸ ਤੋਂ ਲੈ ਕੇ ਸੀਬੀਆਈ ਹਵਾਲੇ ਕਰ ਦਿੱਤੀ ਸੀ।
ਉਧਰ ਕੋਲਕਾਤਾ ’ਚ ਡਾਕਟਰਾਂ ਨੇ ਵਰ੍ਹਦੇ ਮੀਂਹ ’ਚ ਐਤਵਾਰ ਨੂੰ ਰੋਸ ਮਾਰਚ ਕੀਤਾ। ਵੱਖ ਵੱਖ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਨੇ ਹੱਥਾਂ ’ਚ ਪੋਸਟਰ ਅਤੇ ਬੈਨਰ ਫੜੇ ਹੋਏ ਸਨ ਅਤੇ ਉਹ 9 ਅਗਸਤ ਨੂੰ ਵਾਪਰੀ ਘਟਨਾ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰ ਰਹੇ ਸਨ। ਡਾਕਟਰਾਂ ਨੇ ਕਾਲਜ ਸਟਰੀਟ ਤੋਂ ਸ਼ਿਆਮ ਬਾਜ਼ਾਰ ਤੱਕ ਪੈਦਲ ਮਾਰਚ ਕੱਢਿਆ। ਉਨ੍ਹਾਂ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਛੇਤੀ ਮੁਕੰਮਲ ਕਰਨ ਦੀ ਵੀ ਮੰਗ ਕੀਤੀ।
ਇਸ ਦੌਰਾਨ ਕੋਲਕਾਤਾ ਪੁਲੀਸ ਨੇ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਨੇੜੇ 24 ਅਗਸਤ ਤੱਕ ਮੀਟਿੰਗਾਂ ਕਰਨ ਅਤੇ ਪੰਜ ਵਿਅਕਤੀਆਂ ਤੋਂ ਜ਼ਿਆਦਾ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਹਸਪਤਾਲ ਰੋਸ ਪ੍ਰਦਰਸ਼ਨਾਂ ਦਾ ਕੇਂਦਰ ਬਣ ਗਿਆ ਹੈ। ਕੋਲਕਾਤਾ ਪੁਲੀਸ ਨੇ ਹਸਪਤਾਲ ਦੇ ਆਲੇ-ਦੁਆਲੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 163(2) ਲਾਗੂ ਕਰ ਦਿੱਤੀ ਹੈ। ਇਹ ਹੁਕਮ ਹਸਪਤਾਲ ਤੋਂ ਲੈ ਕੇ ਸ਼ਿਆਮ ਬਾਜ਼ਾਰ ਫਾਈਵ ਪੁਆਇੰਟ ਕਰਾਸਿੰਗ ਤੱਕ ਲਾਗੂ ਰਹਿਣਗੇ। ਇਸੇ ਦੌਰਾਨ ਅੱਜ ਦੇਸ਼ ਭਰ ਵਿੱਚ ਡਾਕਟਰਾਂ ਤੇ ਹੋਰ ਮੈਡੀਕਲ ਅਮਲੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਉੱਧਰ, ਪੰਜਾਬ ਵਿੱਚ ਸੂਬਾ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਸਥਿਤ ਰਾਜਿੰਦਰਾ ਹਸਪਤਾਲ ’ਚ ਡਾਕਟਰਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।
ਸੀਬੀਆਈ ਵੱਲੋਂ ਸਾਬਕਾ ਪ੍ਰਿੰਸੀਪਲ ਤੋਂ ਲਗਾਤਾਰ ਤੀਜੇ ਦਿਨ ਪੁੱਛ-ਪੜਤਾਲ
ਕੋਲਕਾਤਾ: ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ’ਚ ਸੀਬੀਆਈ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਪੁੱਛ-ਪੜਤਾਲ ਕੀਤੀ ਗਈ। ਸੀਬੀਆਈ ਅਧਿਕਾਰੀਆਂ ਨੇ ਘੋਸ਼ ਨੂੰ ਘਟਨਾ ਤੋਂ ਪਹਿਲਾਂ ਅਤੇ ਬਾਅਦ ਦੀਆਂ ਫੋਨ ਕਾਲਾਂ ਦੇ ਵੇਰਵੇ ਦੇਣ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਮੋਬਾਈਲ ਫੋਨ ਸਰਵਿਸ ਪ੍ਰੋਵਾਈਡਰ ਨਾਲ ਸੰਪਰਕ ਕਰਕੇ ਘੋਸ਼ ਦੀਆਂ ਫੋਨ ਕਾਲਾਂ ਅਤੇ ਡੇਟਾ ਦੇ ਵੇਰਵੇ ਮੰਗੇ ਹਨ। ਸਾਬਕਾ ਪ੍ਰਿੰਸੀਪਲ ਤੋਂ ਜਾਂਚ ਏਜੰਸੀ ਨੇ ਸ਼ਨਿਚਰਵਾਰ ਨੂੰ 13 ਘੰਟੇ ਤੋਂ ਵਧ ਸਮੇਂ ਤੱਕ ਪੁੱਛ-ਪੜਤਾਲ ਕੀਤੀ ਸੀ। ਸੀਬੀਆਈ ਅਧਿਕਾਰੀ ਨੇ ਕਿਹਾ ਕਿ ਘੋਸ਼ ਨੂੰ ਪੁੱਛਿਆ ਗਿਆ ਹੈ ਕਿ ਡਾਕਟਰ ਦੀ ਮੌਤ ਤੋਂ ਪਹਿਲਾਂ ਉਸ ਨਾਲ ਸੰਪਰਕ ਕਿਉਂ ਕੀਤਾ ਗਿਆ ਸੀ ਅਤੇ ਉਸ ਦੇ ਮਾਪਿਆਂ ਨੂੰ ਕਰੀਬ ਤਿੰਨ ਘੰਟਿਆਂ ਤੱਕ ਉਡੀਕ ਕਿਉਂ ਕਰਵਾਈ ਗਈ ਸੀ। ਸਾਬਕਾ ਪ੍ਰਿੰਸੀਪਲ ਤੋਂ ਘਟਨਾ ਮਗਰੋਂ ਸੈਮੀਨਾਰ ਹਾਲ ਨੇੜਲੇ ਕਮਰਿਆਂ ਦੀ ਮੁਰੰਮਤ ਕਰਾਉਣ ਦੇ ਹੁਕਮ ਦੇਣ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਉਹ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਪਰਾਧ ਪਿੱਛੇ ਕੋਈ ਸੋਚੀ-ਸਮਝੀ ਸਾਜ਼ਿਸ਼ ਤਾਂ ਨਹੀਂ ਸੀ। ਸੀਬੀਆਈ ਵੱਲੋਂ ਹੁਣ ਤੱਕ 20 ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ ਜਿਨ੍ਹਾਂ ’ਚ ਕੋਲਕਾਤਾ ਪੁਲੀਸ ਦੇ ਦੋ ਕੁ ਅਧਿਕਾਰੀ ਵੀ ਸ਼ਾਮਲ ਹਨ। -ਪੀਟੀਆਈ
ਪਦਮ ਪੁਰਸਕਾਰ ਜੇਤੂ 70 ਡਾਕਟਰਾਂ ਨੇ ਵੱਖਰੇ ਕਾਨੂੰਨ ਲਈ ਮੋਦੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ: ਕੋਲਕਾਤਾ ਜਬਰ-ਜਨਾਹ ਅਤੇ ਹੱਤਿਆ ਕਾਂਡ ’ਤੇ ਰੋਸ ਪ੍ਰਗਟ ਕਰਦਿਆਂ 70 ਤੋਂ ਵੱਧ ਪਦਮ ਪੁਰਸਕਾਰ ਜੇਤੂ ਡਾਕਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿਹਤ-ਸੰਭਾਲ ਵਰਕਰਾਂ ਖ਼ਿਲਾਫ਼ ਹਿੰਸਾ ਨਾਲ ਸਿੱਝਣ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਕੇਂਦਰ ਸਿਹਤ-ਸੰਭਾਲ ਵਰਕਰਾਂ ਖ਼ਿਲਾਫ਼ ਹਿੰਸਾ ’ਚ ਸ਼ਾਮਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਲਈ ਫੌਰੀ ਆਰਡੀਨੈਂਸ ਲਿਆਏ। ਪੱਤਰ ਲਿਖਣ ਵਾਲਿਆਂ ’ਚ ਆਈਸੀਐੱਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਭਾਰਗਵ, ਏਮਸ ਦਿੱਲੀ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਅਤੇ ਲਿਵਰ ਤੇ ਬਾਇਲਿਆਰੀ ਸਾਇੰਸਿਜ਼ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਐੱਸਕੇ ਸਰੀਨ ਸ਼ਾਮਲ ਹਨ। ਪੱਤਰ ’ਚ ਪਦਮ ਪੁਰਸਕਾਰ ਜੇਤੂਆਂ ਨੇ ਪੀੜਤਾ ਦੇ ਪਰਿਵਾਰ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਦੇ ਫੌਰੀ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੀ ਘਿਣਾਉਣੀ ਹਰਕਤਾਂ ਨੇ ਡਾਕਟਰੀ ਪੇਸ਼ੇ ਦੀਆਂ ਨੀਹਾਂ ਹਿਲਾ ਦਿੱਤੀਆਂ ਹਨ। ਪੱਤਰ ’ਚ ਉਨ੍ਹਾਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਨੀਤੀਆਂ ਬਣਾਉਣ ਵਾਲਿਆਂ ਅਤੇ ਸਮਾਜ ਨੂੰ ਸੱਦਾ ਦਿੱਤਾ ਕਿ ਉਹ ਫੌਰੀ ਕੋਈ ਕਦਮ ਚੁੱਕਦਿਆਂ ਫ਼ੈਸਲਾਕੁਨ ਕਾਰਵਾਈ ਕਰਨ। ਉਨ੍ਹਾਂ ਹਸਪਤਾਲਾਂ ’ਚ ਸਾਰੇ ਮੈਡੀਕਲ ਅਮਲੇ ਲਈ ਸੁਰੱਖਿਅਤ ਮਾਹੌਲ ਬਣਾਉਣ ਦੀ ਵੀ ਅਪੀਲ ਕੀਤੀ ਹੈ। -ਪੀਟੀਆਈ