ਖੜਗੇ ਤੇ ਰਾਹੁਲ ਮੁਆਫੀ ਮੰਗਣ: ਤਾਵੜੇ
ਨਵੀਂ ਦਿੱਲੀ, 22 ਨਵੰਬਰ
ਭਾਜਪਾ ਆਗੂ ਵਿਨੋਦ ਤਾਵੜੇ ਨੇ ਅੱਜ ਇੱਥੇ ਕਿਹਾ ਕਿ ਮਹਾਰਾਸ਼ਟਰ ਵਿੱਚ ‘ਵੋਟਾਂ ਬਦਲੇ ਨਕਦੀ’ ਮਾਮਲੇ ਵਿੱਚ ‘ਝੂਠੇ ਅਤੇ ਬੇਬੁਨਿਆਦ’ ਦੋਸ਼ ਲਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਤਾਵੜੇ ਨੇ ਕਿਹਾ ਕਿ ਅਜਿਹਾ ਨਾ ਕਰਨ ’ਤੇ ਉਹ ਉਨ੍ਹਾਂ ’ਤੇ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਤਾਵੜੇ ’ਤੇ ਵੋਟਰਾਂ ਨੂੰ ਲੁਭਾਉਣ ਲਈ 5 ਕਰੋੜ ਰੁਪਏ ਵੰਡਣ ਦਾ ਦੋਸ਼ ਲਾਇਆ ਗਿਆ ਸੀ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਬੇਕਸੂਰ ਹੋਣ ਦਾ ਦਾਅਵਾ ਕਰਦਿਆਂ ਕਿਹਾ, ‘ਕਾਂਗਰਸ ਸਿਰਫ ਝੂਠ ਫੈਲਾਉਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਇਹ ਘਟਨਾ ਮੇਰੇ ਅਤੇ ਮੇਰੀ ਪਾਰਟੀ ਦਾ ਅਕਸ ਖਰਾਬ ਕਰਨ ਲਈ ਪਾਰਟੀ ਦੀ ਨੀਵੇਂ ਪੱਧਰ ਦੀ ਸਿਆਸਤ ਦਾ ਸਬੂਤ ਹੈ।’ ਖੜਗੇ, ਰਾਹੁਲ ਅਤੇ ਕਾਂਗਰਸ ਦੀ ਤਰਜਮਾਨ ਸੁਪ੍ਰੀਆ ਸ੍ਰੀਨੇਤ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਜਾਣਦੇ ਸਨ ਕਿ ਉਹ ‘ਪੂਰੀ ਤਰ੍ਹਾਂ ਝੂਠੀ ਕਹਾਣੀ’ ਦੇ ਆਧਾਰ ’ਤੇ ਦੋਸ਼ ਲਾ ਰਹੇ ਹਨ। ਨੋਟਿਸ ਵਿੱਚ ਉਨ੍ਹਾਂ 24 ਘੰਟਿਆਂ ਦੇ ਅੰਦਰ ਬਿਨਾਂ ਸ਼ਰਤ ਮੁਆਫੀ ਦੀ ਮੰਗ ਕੀਤੀ ਹੈ। -ਪੀਟੀਆਈ