ਸੁਪਰੀਮ ਕੋਰਟ ਵੱਲੋਂ ਕੋਵਿਡ-19 ਵਿਰੋਧੀ ਟੀਕਿਆਂ ਦੇ ਮਾੜੇ ਪ੍ਰਭਾਵ ਦੇ ਦੋਸ਼ਾਂ ਵਾਲੀ ਜਨਹਿੱਤ ਪਟੀਸ਼ਨ ਖਾਰਜ
ਨਵੀਂ ਦਿੱਲੀ, 14 ਅਕਤੂਬਰ
ਸੁਪਰੀਮ ਕੋਰਟ ਨੇ ਕੋਵਿਡ-19 ਵਿਰੋਧੀ ਟੀਕੇ ਲਾਉਣ ਕਾਰਨ ਖੂਨ ਦੇ ਥੱਕੇ ਬਣਨ ਵਰਗੇ ਮਾੜੇ ਪ੍ਰਭਾਵ ਪੈਣ ਦੇ ਦੋਸ਼ ਲਾਉਣ ਵਾਲੀ ਜਨਹਿੱਤ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਜਨਹਿੱਤ ਪਟੀਸ਼ਨ ਸਿਰਫ਼ ਸਨਸਨੀ ਫੈਲਾਉਣ ਦੇ ਇਰਾਦੇ ਨਾਲ ਦਾਇਰ ਕੀਤੀ ਗਈ ਹੈ। ਬੈਂਚ ਨੇ ਕਿਹਾ, ‘ਇਸ ਮੁੱਦੇ ’ਤੇ ਕਾਰਵਾਈ ਲਈ ਮੁਕੱਦਮਾ ਦਾਇਰ ਕਰੋ। ਇਸ ਦਾ ਕੀ ਫਾਇਦਾ ਹੈ? ਇਹ ਵੀ ਸਮਝੋ ਕਿ ਜੇਕਰ ਤੁਸੀਂ ਟੀਕਾ ਨਾ ਲਗਵਾਉਂਦੇ ਤਾਂ ਇਸ ਦਾ ਕੀ ਮਾੜਾ ਪ੍ਰਭਾਵ ਹੋਵੇਗਾ। ਅਸੀਂ ਇਸ ਮੁੱਦੇ ’ਤੇ ਸੁਣਵਾਈ ਨਹੀਂ ਕਰਨਾ ਚਾਹੁੰਦੇ, ਇਹ ਸਿਰਫ਼ ਸਨਸਨੀ ਪੈਦਾ ਕਰਨ ਲਈ ਹੈ।’ ਪ੍ਰਿਆ ਮਿਸ਼ਰਾ ਤੇ ਹੋਰ ਪਟੀਸ਼ਨਰਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਕੁਝ ਮੈਡੀਕਲ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ-19 ਵਿਰੋਧੀ ਟੀਕੇ ਲਗਵਾਏ ਸਨ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਹੋ ਰਹੀਆਂ ਹਨ ਜਿਸ ਦਾ ਖੰਡਨ ਕੀਤਾ ਗਿਆ ਸੀ। ਇਹ ਮਾਮਲਾ ਕਈ ਹੋਰ ਮੁਲਕਾਂ ’ਚ ਵੀ ਉਭਰਿਆ ਸੀ ਪਰ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। -ਪੀਟੀਆਈ