For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਸੰਘਰਸ਼ ਨੇ ਲੀਹੋਂ ਲਾਹੀ ਆਵਾਜਾਈ

08:41 AM Feb 14, 2024 IST
ਕਿਸਾਨਾਂ ਦੇ ਸੰਘਰਸ਼ ਨੇ ਲੀਹੋਂ ਲਾਹੀ ਆਵਾਜਾਈ
ਗਾਜ਼ੀਪੁਰ ਬਾਰਡਰ ’ਤੇ ਪੁਲੀਸ ਰੋਕਾਂ ਕਾਰਨ ਲੱਗਾ ਹੋਇਆ ਜਾਮ। -ਫੋਟੋ: ਏਐਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਫਰਵਰੀ
ਦਿੱਲੀ ਚੱਲੋ ਪ੍ਰੋਗਰਾਮ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦੀਆਂ ਹੱਦਾਂ ’ਤੇ ਪੁਲੀਸ ਵੱਲੋਂ ਲਾਈਆਂ ਰੋਕਾਂ ਕਾਰਨ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਟਰੈਫਿਕ ਵਿਵਸਥਾ ਵਿਗੜ ਗਈ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਪੁਲੀਸ ਵੱਲੋਂ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਹੱਦ ’ਤੇ ਕੰਡਿਆਲੀ ਤਾਰਾਂ, ਕਈ ਪੱਧਰੀ ਬੈਰੀਕੇਡਿੰਗ, ਕੰਕਰੀਟ ਦੇ ਬਲਾਕ, ਕੰਟੇਨਰਾਂ ਦੀਆਂ ਕੰਧਾਂ ਅਤੇ ਸੜਕਾਂ ’ਤੇ ਨੁਕੀਲੇ ਕਿੱਲ ਗੱਡੇ ਗਏ ਹਨ। ਇਸ ਤੋਂ ਇਲਾਵਾ ਮੁੱਖ ਸੜਕਾਂ ’ਤੇ ਭਾਰੀ ਸੁਰੱਖਿਆ ਬਲ ਤਾਇਤਾਨ ਹਨ। ਪੁਲੀਸ ਵੱਲੋਂ ਗੁਆਂਢੀ ਸੂਬਿਆਂ ਨਾਲ ਲੱਗ ਦੀਆਂ ਦਿੱਲੀ ਦੀਆਂ ਹੱਦਾਂ ’ਤੇ ਰੋਕਾਂ ਕਾਰਨ ਅੱਜ ਦਿਨ ਭਰ ਮੁੱਖ ਮਾਰਗਾਂ ’ਤੇ ਜਾਮ ਲੱਗੇ ਰਹੇ ਅਤੇ ਲੋਕ ਕਈ ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ’ਤੇ ਪੁੱਜੇ।
ਜਾਣਕਾਰੀ ਅਨੁਸਾਰ ਸਵੇਰੇ ਸੱਤ ਵਜੇ ਤੋਂ ਹੀ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਹੱਦ ’ਤੇ ਕਈ ਪੱਧਰੀ ਬੈਰੀਕੇਡਿੰਗ ਤੇ ਪੁਲੀਸ ਜਾਂਚ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਇਹ ਸਿਲਸਿਲਾ ਦਿਨ ਭਰ ਜਾਰੀ ਰਿਹਾ। ਇਸ ਦੌਰਾਨ ਰਾਹਗੀਰਾਂ ਨੇ ਕਿਹਾ ਕਿ ਘਰੋਂ ਘੰਟਾ ਜਲਦੀ ਨਿਕਲਣ ਦੇ ਬਾਵਜੂਦ ਵੀ ਉਹ ਦੇਰੀ ਨਾਲ ਪਹੁੰਚੇ।
ਨਵੀਂ ਦਿੱਲੀ-ਗੁੜਗਾਓਂ ਸਰਹੌਲ ਐਕਸਪ੍ਰੈਸਵੇਅ ’ਤੇ ਵਾਹਨ ਜਾਮ ਵਿੱਚ ਫਸੇ ਰਹੇ। ਇਸ ਦੌਰਾਨ ਇਕ ਰਾਹਗੀਰ ਜੂਲੀ ਨੇ ਕਿਹਾ ਕਿ ਉਸ ਨੂੰ ਕਿਸਾਨਾਂ ਦੇ ਅੰਦੋਲਨ ਬਾਰੇ ਪਤਾ ਸੀ ਤੇ ਉਹ ਗੁਰੂਗ੍ਰਾਮ ਤੋਂ ਇਕ ਘੰਟਾ ਪਹਿਲਾਂ ਦਫ਼ਤਰ ਲਈ ਨਿਕਲੀ, ਪਰ ਜਾਮ ਕਾਰਨ ਉਹ ਕੁਝ ਘੰਟੇ ਦੇਰੀ ਨਾਲ ਪੁੱਜੀ। ਕਾਬਿਲੇਗੌਰ ਹੈ ਕਿ ਗਾਜ਼ੀਪੁਰ ਬਾਰਡਰ ’ਤੇ ਨੋਇਡਾ ਤੇ ਦਿੱਲੀ ਨੂੰ ਜੋੜਨ ਵਾਲੇ ਮੁੱਖ ਮਾਰਗ ’ਤੇ ਰੋਕਾਂ ਕਾਰਨ ਸਿਰਫ਼ ਦੋ ਵਾਹਨ ਹੀ ਨਿਕਲ ਲਏ ਰਹੇ ਸਨ। ਗਾਜ਼ੀਪੁਰ ਬਾਰਡਰ ’ਤੇ ਪੁਲੀਸ ਨੇ ਸਪੰਰਕ ਸੜਕਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਟਰੈਫਿਕ ਪੁਲੀਸ ਨੇ ਲੋਕਾਂ ਨੂੰ ਮੈਟਰੋ ਸੇਵਾਵਾਂ ਦੀ ਵਰਤਣ ਦੀ ਸਲਾਹ ਦਿੱਤੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਤੇ ਹਰਿਆਣਾ ਦੀ ਹੱਦ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ਕਾਰਨ ਦਿੱਲੀ ਪੁਲੀਸ ਨੇ ਟਿੱਕਰੀ ਬਾਰਡਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਟਿੱਕਰੀ ਹੱਦ ’ਤੇ ਦੋਵੇਂ ਰਾਹ ਸੀਮਿੰਟ ਦੇ ਪੰਜ ਫੁੱਟੇ ਬੈਰੀਕੇਡਾਂ ਨਾਲ ਬੰਦ ਕਰ ਦਿੱਤੇ ਹਨ।
ਇਸੇ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਨੂੰ ਜਾਣ ਵਾਲੇ ਰਾਹਾਂ ਉਪਰ ਚੌਕਸੀ ਵਧਾਈ ਗਈ ਤੇ ਕਿਲ੍ਹਾ ਬੰਦ ਕਰ ਦਿੱਤਾ ਗਿਆ। ਜਨਵਰੀ 2021 ਦੀ ਲਾਲ ਕਿਲ੍ਹੇ ਦੀ ਹਿੰਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਪੁੱਟਿਆ ਗਿਆ ਮੰਨਿਆ ਜਾ ਰਿਹਾ ਹੈ।
ਉਧਰ ਗੁਰੂਗ੍ਰਾਮ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਇੰਟਰਨੈੱਟ ਬੰਦ ਕਰਨ ਕਾਰਨ ਦੇਸੀ ਵਿਦੇਸ਼ੀ ਕੰਪਨੀਆਂ ਲਈ ਔਖ ਹੋ ਗਈ ਹੈ।

Advertisement

ਪੁਲੀਸ ਦੇ ਨਿਰਦੇਸ਼ਾਂ ’ਤੇ ਦਿੱਲੀ ਮੈਟਰੋ ਦੇ ਅੱਠ ਸਟੇਸ਼ਨਾਂ ਦੇ ਗੇਟ ਬੰਦ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਵੱਲ ਕਿਸਾਨਾਂ ਦੇ ਮਾਰਚ ਨੂੰ ਦੇਖਦੇ ਹੋਏ ਅੱਜ ਸਵੇਰੇ ਦਿੱਲੀ ਮੈਟਰੋ ਦੇ ਅੱਠ ਸਟੇਸ਼ਨਾਂ ਦੇ ਇੱਕ ਜਾਂ ਇੱਕ ਤੋਂ ਵੱਧ ਗੇਟ ਬੰਦ ਕਰ ਦਿੱਤੇ ਗਏ। ਹਾਲਾਂਕਿ ਇਹ ਸਟੇਸ਼ਨ ਬੰਦ ਨਹੀਂ ਹਨ ਅਤੇ ਯਾਤਰੀਆਂ ਨੂੰ ਦੂਜੇ ਗੇਟਾਂ ਰਾਹੀਂ ਦਾਖਲੇ ਅਤੇ ਬਾਹਰ ਜਾਣ ਦੀ ਆਗਿਆ ਦਿੱਤੀ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਸੁਰੱਖਿਆ ਪ੍ਰਬੰਧਾਂ ਲਈ ਗੇਟ ਬੰਦ ਕਰ ਦਿੱਤੇ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜੀਵ ਚੌਕ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਪਟੇਲ ਚੌਕ, ਉਦਯੋਗ ਭਵਨ, ਜਨਪਥ ਅਤੇ ਬਾਰਾਖੰਬਾ ਰੋਡ ’ਤੇ ਕਈ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਖਾਨ ਮਾਰਕੀਟ ਮੈਟਰੋ ਸਟੇਸ਼ਨ ਦਾ ਇੱਕ ਗੇਟ ਮੰਗਲਵਾਰ ਨੂੰ ਬੰਦ ਕਰ ਦਿੱਤਾ ਗਿਆ।

ਬਾਰ ਐਸੋਸੀਏਸ਼ਨ ਵੱਲੋਂ ਚੀਫ਼ ਜਸਟਿਸ ਨੂੰ ਪੱਤਰ

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਨੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ ਚੰਦਰਚੂੜ ਨੂੰ ਬੇਨਤੀ ਕੀਤੀ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਐਸੋਸੀਏਸ਼ਨ ਨੇ ਕਿਹਾ ਕਿ ਕਿਸਾਨਾਂ ਦੀ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨਾਲ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ। ਚੀਫ ਜਸਟਿਸ ਨੂੰ ਲਿਖੇ ਪੱਤਰ ਵਿਚ ਐਸਸੀਬੀਏ ਦੇ ਪ੍ਰਧਾਨ ਆਦਿਸ਼ ਸੀ ਅਗਰਵਾਲ ਨੇ ਕਿਹਾ ਕਿ ਦਿੱਲੀ ਵਿੱਚ ਜਬਰੀ ਦਾਖਲ ਹੋਣ ਵਾਲਿਆਂ ਖ਼ਿਲਾਫ਼ ਉਹ ਖੁਦ ਕਾਰਵਾਈ ਕਰਨ। ਇਸ ਤੋਂ ਪਹਿਲਾਂ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਉਹ ਉਨ੍ਹਾਂ ਵਕੀਲਾਂ ਨਾਲ ਸਹਿਯੋਗ ਕਰਨਗੇ ਜੋ ਪ੍ਰਦਰਸ਼ਨਾਂ ਕਾਰਨ ਆਵਾਜਾਈ ਵਿੱਚ ਫਸ ਗਏ ਹਨ।

ਪੁਲੀਸ ਵੱਲੋਂ ਫਰੀਦਾਬਾਦ ਵਿੱਚ ਵਾਹਨਾਂ ਦੀ ਚੈਕਿੰਗ

ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਇੱਥੇ ਪਲਵਲ ਦੇ ਸੀਕਰੀ, ਗਾਦਪੁਰੀ ਅਤੇ ਫਰੀਦਾਬਾਦ-ਦਿੱਲੀ ਸਰਹੱਦ ’ਤੇ ਸਰਾਏ, ਝੜਸੇਂਤਲੀ, ਖੋਰੀ ਅਤੇ ਮਾਂਗਰ ਪੁਆਇੰਟਾਂ ’ਤੇ ਪੁਲੀਸ ਬਲ ਤਾਇਨਾਤ ਹਨ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਆਰੀਆ ਨੇ ਹੱਦ ਤੋਂ ਆਉਣ-ਜਾਣ ਵਾਲੇ ਹਰ ਵਿਅਕਤੀ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਸਰਹੋਲ, ਰਾਜੋਕਰੀ, ਮਾਨੇਸਰ ਘਾਟੀ, ਪਚਗਾਓਂ ਅਤੇ ਕਾਪਾਸਹੇੜਾ ਹੱਦਾਂ ’ਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤੇ ਦਿੱਲੀ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਦੇ ਪਛਾਣ ਪੱਤਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਵਧਣ ਦਿੱਤਾ ਗਿਆ। ਚੈਕਿੰਗ ਕਾਰਨ ਸਰਹੌਲ ਬਾਰਡਰ ‘ਤੇ ਵੀ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ। ਇਸ ਕਾਰਨ ਸਵੇਰੇ ਦਫਤਰ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਗਾਜ਼ੀਆਬਾਦ ਕਮਿਸ਼ਨਰੇਟ ਪੁਲੀਸ ਨੇ ਮੰਗਲਵਾਰ ਸਵੇਰੇ ਚਾਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੀ। ਕਵੀ ਨਗਰ ਪੁਲੀਸ ਨੇ ਬੀਕੇਯੂ ਟਿਕੈਤ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਬਿਜੇਂਦਰ ਸਿੰਘ ਅਤੇ ਭਾਰਤੀ ਕਿਸਾਨ ਸੰਗਠਨ ਦੇ ਮਹਿੰਦਰ ਐਨਕਲੇਵ ਦੇ ਮਨੋਜ ਨਗਰ ਨੂੰ ਹਿਰਾਸਤ ਵਿੱਚ ਲਿਆ ਹੈ।

Advertisement
Author Image

sukhwinder singh

View all posts

Advertisement
Advertisement
×