For the best experience, open
https://m.punjabitribuneonline.com
on your mobile browser.
Advertisement

ਏਅਰ ਇੰਡੀਆ ਐਕਸਪ੍ਰੈੱਸ ਦੇ ਚਾਲਕ ਦਲ ਵੱਲੋਂ ਹੜਤਾਲ ਖ਼ਤਮ

07:02 AM May 10, 2024 IST
ਏਅਰ ਇੰਡੀਆ ਐਕਸਪ੍ਰੈੱਸ ਦੇ ਚਾਲਕ ਦਲ ਵੱਲੋਂ ਹੜਤਾਲ ਖ਼ਤਮ
Advertisement

ਮੁੰਬਈ/ਨਵੀਂ ਦਿੱਲੀ: ਏਅਰ ਇੰਡੀਆ ਐਕਸਪ੍ਰੈੱਸ ਚਾਲਕ ਦਲ ਨੇ ਹੜਤਾਲ ਵਾਪਸ ਲੈਣ ਤੇ ਡਿਊਟੀ ’ਤੇ ਪਰਤਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਏਅਰਲਾਈਨ ਨੇ ਚਾਲਕ ਦਲ ਵੱਲੋੋਂ ਰੱਖੇ ਸਾਰੇ ਮਸਲਿਆਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਹੜਤਾਲ ਵਿਚ ਸ਼ਾਮਲ ਇਕ ਧੜੇ ਨੇ ਹੜਤਾਲ ਵਾਪਸ ਲੈ ਲਈ। ਇਹੀ ਨਹੀਂ ਏਅਰਲਾਈਨ ਨੇ ਚਾਲਕ ਦਲ ਦੇ 25 ਮੈਂਬਰਾਂ ਨੂੰ ਜਾਰੀ ਬਰਖਾਸਤਗੀ ਪੱਤਰ ਵਾਪਸ ਲੈਣ ਅਤੇ ਮੈਨੇਜਮੈਂਟ ਵੱਲੋਂ ਸੇਵਾ ਨੇਮਾਂ ਮੁਤਾਬਕ ਕੇਸਾਂ ਉੱਤੇ ਨਜ਼ਰਸਾਨੀ ਦੀ ਸਹਿਮਤੀ ਵੀ ਦਿੱਤੀ ਹੈ। ਕਾਬਿਲੇਗੌਰ ਹੈ ਕਿ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਚਾਲਕ ਦਲ ਦੇ ਮੈਂਬਰਾਂ ਵੱਲੋਂ ‘ਸਮੂਹਿਕ ਬਿਮਾਰੀ ਛੁੱਟੀ’ ਉੱਤੇ ਜਾਣ ਮਗਰੋਂ ਮੰਗਲਵਾਰ ਰਾਤ ਨੂੰ 170 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ। ਚਾਲਕ ਦਲ ਅਤੇ ਏਅਰਲਾਈਨ ਦੇ ਪ੍ਰਤੀਨਿਧਾਂ ਵਿਚਾਲੇ ਅੱਜ ਕੌਮੀ ਰਾਜਧਾਨੀ ਦੇ ਚੀਫ਼ ਲੇਬਰ ਕਮਿਸ਼ਨਰ (ਸੈਂਟਰਲ) ਦੇ ਦਫ਼ਤਰ ਵਿਚ ਹੋਈ ਗੱਲਬਾਤ ਮਗਰੋਂ ਹੜਤਾਲ ਵਾਪਸ ਲੈਣ ਬਾਰੇ ਸਹਿਮਤੀ ਬਣੀ। ਦੱਸਣਾ ਬਣਦਾ ਹੈ ਕਿ ਚਾਲਕ ਦਲ ਦੇ ਮੈਂਬਰਾਂ ਵੱਲੋਂ ‘ਸਮੂਹਿਕ ਬਿਮਾਰੀ ਛੁੱਟੀ’ ਉੱਤੇ ਜਾਣ ਕਰਕੇ ਸੌ ਤੋਂ ਵੱਧ ਉਡਾਣਾਂ ਰੱਦ ਹੋਣ ਤੋਂ ਇਕ ਦਿਨ ਮਗਰੋਂ ਏਅਰਲਾਈਨ ਦੇ ਅਮਲੇ ਦੇ 25 ਮੈਂਬਰਾਂ ਨੂੰ ਬਰਖਾਸਤਗੀ ਪੱਤਰ ਜਾਰੀ ਕੀਤੇ ਸਨ। ਚਾਲਕ ਦਲ ਦੇ ਮੈਂਬਰਾਂ ਨੇ ਏਅਰਲਾਈਨ ਵਿਚ ਕਥਿਤ ਬਦਇੰਤਜ਼ਾਮੀ ਖਿਲਾਫ਼ ਰੋਸ ਵਜੋਂ ਸਮੂਹਿਕ ਬਿਮਾਰੀ ਛੁੱਟੀ ਭੇਜੀ ਸੀ। ਏਅਰਲਾਈਨ ਨੇ ਅਮਲੇ ਦੀ ਘਾਟ ਕਰਕੇ ਅੱਜ ਦਿਨੇਂ ਆਪਣੀਆਂ 85 ਉਡਾਣਾਂ ਰੱਦ ਕਰ ਦਿੱਤੀਆਂ ਸਨ, ਜੋ ਰੋਜ਼ਾਨਾ ਦੀ ਕੁੱਲ ਸਮਰੱਥਾ ਦਾ ਕਰੀਬ 23 ਫੀਸਦ ਹੈ। ਏਅਰਲਾਈਨ ਨੇ ਕਿਹਾ ਸੀ ਕਿ ਉਡਾਣਾਂ ਰੱਦ ਹੋਣ ਕਰਕੇ ਯਾਤਰੀਆਂ ਨੂੰ ਹੋਣ ਵਾਲੀ ਤਕਲੀਫ਼ ਨੂੰ ਘੱਟ ਕਰਨ ਲਈ ਏਅਰ ਇੰਡੀਆ ਉਨ੍ਹਾਂ ਦੇ 20 ਰੂਟਾਂ ’ਤੇ ਸੇਵਾਵਾਂ ਜਾਰੀ ਰੱਖੇਗੀ। ਏਅਰਲਾਈਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਖੱਜਲ ਖੁਆਰ ਨਾ ਹੋਣਾ ਪਏ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਬੁੱਧਵਾਰ ਨੂੰ ਏਅਰ ਇੰਡੀਆ ਐਕਸਪ੍ਰੈੱਸ ਤੋਂ ਉਡਾਣਾਂ ਰੱਦ ਕਰਨ ਸਬੰਧੀ ਰਿਪੋਰਟ ਮੰਗਦਿਆਂ ਮਸਲਾ ਛੇਤੀ ਸੁਲਝਾਉਣ ਦੀ ਤਾਕੀਦ ਕੀਤੀ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×