ਸਮਿਆਂ ਦੇ ਸੱਚ ਦੀ ਦਾਸਤਾਨ
ਡਾ. ਅਮਰ ਕੋਮਲ
ਪੰਜਾਬੀ ਦੇ ਨਬਿੰਧ ਲੇਖਣ ਦੇ ਖੇਤਰ ਵਿੱਚ ਸੁਧਾਰਵਾਦੀ ਦ੍ਰਿਸ਼ਟੀ ਵਾਲੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਸੁਧਾਰ ਲਈ ਤਬਦੀਲੀ ਲਿਆਉਣ ਵਾਲੇ ਸਿਦਕੀ ਲੇਖਕ ਵੀ ਹੋਏ ਹਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਸਮਾਜਿਕ, ਵਿੱਦਿਅਕ ਅਤੇ ਪ੍ਰਸ਼ਾਸਕੀ ਖੇਤਰ ਵਿੱਚ ਪਰਿਵਰਤਨ ਲਿਆਉਣ ਲਈ ਪ੍ਰਬੰਧਕੀ ਤਬਦੀਲੀ ਕਰਵਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੋਵੇਗੀ। ਅਜਿਹੇ ਵਿਅਕਤੀਆਂ ਵਿੱਚ ਵਿਸ਼ੇਸ਼ ਨਾਂ ਬਲਵੰਤ ਸਿੰਘ ਖੇੜਾ ਦਾ ਹੈ ਜਿਸ ਨੇ ਪੰਜਾਬ ਦੇ ਪ੍ਰਾਇਮਰੀ ਮਹਿਕਮੇ ਨੂੰ ਸਮੁੱਚੇ ਸਰਕਾਰੀ ਵਿੱਦਿਅਕ ਮਹਿਕਮੇ ਤੋਂ ਬਿਲਕੁਲ ਸਮੁੱਚੇ ਰੂਪ ਵਿੱਚ, ਵੱਖਰੇ ਵਿਭਾਗ ਤੇ ਵੱਖਰੇ ਪ੍ਰਬੰਧਕੀ ਢਾਂਚੇ ਦੇ ਰੂਪ ਵਿੱਚ ਵੱਖ ਕਰਵਾਉਣ ਦੀ ਲੜਾਈ ਜਿੱਤੀ।
ਲੇਖ ਸੰਗ੍ਰਹਿ ‘ਸਮਿਆਂ ਦੇ ਸਨਮੁੱਖ’ (ਕੀਮਤ: 200 ਰੁਪਏ; ਆਸ਼ਨਾਂ ਪਬਲੀਕੇਸ਼ਨ, ਜਲੰਧਰ ਰੋਡ, ਪਿੱਪਲਾਂ ਵਾਲਾ; ਹੁਸ਼ਿਆਰਪੁਰ) ਵਿੱਚ ਇਸ ਕਾਰਜ ਦੀ ਸਫਲਤਾ ਦੇ ਵਿਸ਼ੇ ਤੋਂ ਇਲਾਵਾ ਦੋ ਦਰਜਨ ਦੇ ਲਗਭਗ ਹੋਰ ਲੇਖ ਹਨ ਜਿਨ੍ਹਾਂ ਵਿੱਚ ਲੇਖਕ ਬਲਵੰਤ ਸਿੰਘ ਖੇੜਾ ਨੇ ਆਪਣੀ ਮੁੱਢਲੀ ਬੇਨਤੀ ਕਰਦਿਆਂ ਉਨ੍ਹਾਂ ਮਹੱਤਵਪੂਰਨ ਮਸਲਿਆਂ ਉਪਰ ਆਪਣੇ ਵਿਚਾਰ ਪੇਸ਼ ਕੀਤੇ ਹਨ ਜਿਹੜੇ ਪੰਜਾਬੀਆਂ ਲਈ ਅਤਿ-ਜ਼ਰੂਰੀ ਹਨ।
ਇਹ ਪੁਸਤਕ ਆਪਣੇ ਆਪ ਸਮੇਂ ਦੀ ਲੋੜ ਅਨੁਸਾਰ ਅਜਿਹੀਆਂ ਤਬਦੀਲੀਆਂ ਦੀ ਪਛਾਣ ਕਰਵਾਉਂਦੀ ਹੈ ਜਿਨ੍ਹਾਂ ਦੇ ਹੋਣ ਨਾਲ ਪ੍ਰਬੰਧਨ, ਵਿੱਦਿਅਕ, ਸਮਾਜਿਕ, ਆਰਥਿਕ ਖੇਤਰ ਵਿੱਚ ਵਧੇਰੇ ਲੋਕ ਹਿੱਤਾਂ ਲਈ ਲਾਭ ਹੋ ਸਕਦਾ ਹੈ। ਮਹਾਤਮਾ ਗਾਂਧੀ ਦੇ ਚੌਖੰਭਾ ਰਾਜ ਦੀਆਂ ਨੀਹਾਂ ਉਪਰ ਹਰ ਪਿੰਡ ਨੂੰ ਸੁਤੰਤਰ, ਆਤਮ-ਨਿਰਭਰ ਤੇ ਸੁਸ਼ਾਸਨ ਦਾ ਮਾਡਲ ਬਣਾਉਣ ਦਾ ਸੁਪਨਾ ਲਿਆ ਗਿਆ ਸੀ। ਇਸੇ ਦ੍ਰਿਸ਼ਟੀਕੋਣ ਨੂੰ ਮੂਲ ਆਧਾਰ ਬਣਾ ਕੇ ਇਸ ਪੁਸਤਕ ਦੇ ਲੇਖਕ ਬਲਵੰਤ ਸਿੰਘ ਖੇੜਾ ਨੇ ਆਪਣੇ ਜੀਵਨ ਵਿੱਚ ਸਿੱਖਿਆ ਵਿਭਾਗ ਦੀ ਪ੍ਰਾਇਮਰੀ ਸਕੂਲ ਦੀ ਨੌਕਰੀ ਕਰਦਿਆਂ, ਲੋਕ ਹਿੱਤਾਂ ਦੀ ਰਖਵਾਲੀ ਕਰਦਿਆਂ, ਪ੍ਰਾਇਮਰੀ ਸਕੂਲਾਂ ਨੂੰ ਵੱਖਰਾ ਵਿਭਾਗ ਬਣਾ ਕੇ ਚਲਾਉਣ ਦੀ ਮੁਹਿੰਮ ਚਲਾਈ ਤੇ ਇਸ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਲੋਕ-ਹਿੱਤਾਂ ਲਈ ਪੰਜਾਬ ਵਿੱਚ ਪਾਣੀ ਬਚਾਉਣ ਦੀ ਮੁਹਿੰਮ ਚਲਾਈ। ਲੋਕਾਂ ਨੂੰ ਸਮਝਾਇਆ ਕਿ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਸਿਆਸੀ ਨਿਘਾਰ ਆ ਚੁੱਕਾ ਹੈ। ਦੇਸ਼ ਨੂੰ ਨਿਘਾਰ ਵਿੱਚੋਂ ਕੱਢਣ ਲਈ ਪੁਨਰਗਠਨ ਕਮਿਸ਼ਨ ਬਣਾਇਆ ਜਾਵੇ। ਉਹ ਚਾਹੁੰਦੇ ਸਨ ਕਿ ਮਹੰਤਾਂ ਤੋਂ ਗੁਰੂਘਰਾਂ ਨੂੰ ਮੁਕਤ ਕਰਵਾਇਆ ਜਾਵੇ। ਅਸਲੀ ਤੇ ਨਕਲੀ ਅਕਾਲੀਆਂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਨੇ ਪੰਜਾਬ ਵਿੱਚ ਵਰਤਮਾਨ ਸਿੱਖਿਆ ਵਿਧੀ ਵਿੱਚ ਸੁਧਾਰ ਕਰਨ ਲਈ ਅਨੇਕਾਂ ਸੁਝਾਅ ਪੇਸ਼ ਕੀਤੇ। ਪੁਸਤਕ ਅੰਤ ਵਿੱਚ ਗਿਆਨੀ ਪਰਦੁਮਨ ਸਿੰਘ ਚਮਨ ਵੱਲੋਂ ਸਿੱਖਿਆ ਨੂੰ ਸੁਧਾਰਨ ਲਈ ਵਡਮੁੱਲੇ ਸੁਝਾਅ ਦਿੱਤੇ ਗਏ ਹਨ।
ਬਲਵੰਤ ਸਿੰਘ ਖੇੜਾ ਭਾਵੇਂ ਸਾਨੂੰ ਵਿਛੋੜਾ ਦੇ ਗਏ ਹਨ; ਫਿਰ ਵੀ ਇਸ ਪੁਸਤਕ ਦੇ ਵਿਸ਼ੇ ਅਤੇ ਚੜ੍ਹਦੀ ਕਲਾ ਦੇ ਵਿਚਾਰ ਬਹੁਤ ਜ਼ਰੂਰੀ ਹਨ। ਪੁਸਤਕ ਦੀ ਸੰਪਾਦਨਾ ਮਦਨ ਵੀਰਾ ਨੇ ਕੀਤਾ ਹੈ।
ਸੰਪਰਕ: 84378-73565