ਸਾਈਕਲਾਂ ਵਾਲੇ ਦਾ ਕਿੱਸਾ
ਰਣਜੀਤ ਲਹਿਰਾ
ਸੰਗਰੂਰ ਜ਼ਿਲ੍ਹੇ ਦੇ ਪਿੰਡ ਲਹਿਰਾਗਾਗਾ ਨੇੜਲੇ ਪਿੰਡ ਫਤਿਹਗੜ੍ਹ ਦੇ ਇੱਕ ਮੁਜ਼ਾਰੇ ਪਰਿਵਾਰ ਵਿਚ 26 ਜੁਲਾਈ 1938 ਨੂੰ ਜਨਮਿਆ ਹਰੀ ਸਿੰਘ ਤਰਕ ਜਮਹੂਰੀ ਹੱਕਾਂ ਦੀ ਲਹਿਰ ਦਾ ਨਿਧੜਕ ਜਰਨੈਲ ਸੀ। ਉਹ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਪਹਿਲੇ ਆਗੂਆਂ ਵਿਚੋਂ ਇੱਕ ਸੀ। ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੀ ਕੁੱਲ ਹਿੰਦ ਤਾਲਮੇਲ ਕਮੇਟੀ ਦੇ ਸਰਗਰਮ ਆਗੂ ਦੇ ਰੂਪ ਵਿਚ ਸਾਥੀ ਤਰਕ ਨੇ ਦੇਸ਼ ਦੇ ਹਰ ਕੋਨੇ ਵਿਚ ਜਾ ਕੇ ਜਮਹੂਰੀ ਲਹਿਰਾਂ ਦਾ ਸਮਰਥਨ ਵੀ ਕੀਤਾ ਅਤੇ ਹਕੂਮਤਾਂ ਵੱਲੋਂ ਜਮਹੂਰੀ ਹੱਕਾਂ ਦੀਆਂ ਧੱਜੀਆਂ ਉਡਾਉਣ ਦੇ ਪਾਜ ਵੀ ਉਘਾੜੇ।
ਹੱਕ, ਸੱਚ, ਇਨਸਾਫ਼ ਲਈ ਲੜਨ ਅਤੇ ਨਵਾਂ ਨਰੋਆ ਸਮਾਜ ਸਿਰਜਣ ਲਈ ਜੂਝ-ਮਰਨ ਦੀ ਗੁੜਤੀ ਉਹਨੂੰ ਬਚਪਨ ਵਿਚ ਹੀ ਮੁਜ਼ਾਰਾ ਲਹਿਰ ਦੇ ਕਾਮਰੇਡਾਂ ਤੋਂ ਮਿਲ ਗਈ ਸੀ ਜਿਹੜੇ ਉਨ੍ਹਾਂ ਦੇ ਘਰ ਆ ਕੇ ਠਹਿਰਦੇ ਰਹਿੰਦੇ ਸਨ। ਬਾਲ ਹਰੀ ਸਿੰਘ ਉਨ੍ਹਾਂ ਦੀ ਆਓ ਭਗਤ ਦੇ ਨਾਲ ਨਾਲ ਉਨ੍ਹਾਂ ਦੇ ਸੁਖਨ ਸੁਨੇਹੇ ਇੱਕ ਤੋਂ ਦੂਜੀ ਥਾਂ ਪਹੁੰਚਾਉਣ ਦਾ ਕੰਮ ਵੀ ਕਰਦਾ ਹੁੰਦਾ ਸੀ। ਬਚਪਨ ਵਿਚ ਮਿਲੀ ਇਸ ਗੁੜਤੀ ਦੀ ਲਾਜ ਹਰੀ ਸਿੰਘ ਤਰਕ ਨੇ ਆਖ਼ਰੀ ਸੁਆਸਾਂ ਤੱਕ ਰੱਖੀ। ਤਰਕ ਬਹੁ-ਪੱਖੀ ਸ਼ਖਸੀਅਤ ਸੀ। ਜਨਤਕ-ਜਮਹੂਰੀ ਆਗੂ ਦੇ ਨਾਲ ਨਾਲ ਉਹ ਲੇਖਕ, ਸੰਪਾਦਕ, ਕਵੀ, ਆਲੋਚਕ ਤੇ ਪ੍ਰਭਾਵਸ਼ਾਲੀ ਬੁਲਾਰਾ ਵੀ ਸੀ। ਇਹ ਤਰਕ ਹੀ ਸੀ ਜਿਸ ਦੀ ਬਦੌਲਤ 1970ਵਿਆਂ ਤੇ 80ਵਿਆਂ ਵਿਚ ਸਾਡਾ ਪਿੰਡ ਵਰਗਾ ਕਸਬਾ ਲਹਿਰਾਗਾਗਾ ਨਾ ਸਿਰਫ਼ ‘ਪ੍ਰਧਾਨਾਂ ਦਾ ਲਹਿਰਾ’ ਦੇ ਰੂਪ ਵਿਚ ਜਾਣਿਆ ਜਾਂਦਾ ਰਿਹਾ ਸਗੋਂ ਦੇਸ਼-ਵਿਦੇਸ਼ ’ਚ ਵੱਸਦੇ ਜਮਹੂਰੀ ਹਲਕਿਆਂ ’ਚ ਵੀ ਲਹਿਰੇ ਦਾ ਜ਼ਿਕਰ ਮਾਣ ਨਾਲ ਹੁੰਦਾ ਰਿਹਾ।
ਉਦੋਂ ਮੈਂ ਅੱਠਾਂ-ਦਸਾਂ ਕੁ ਸਾਲਾਂ ਦਾ ਸੀ ਜਦੋਂ 1970-71 ਵਿਚ ਹਰੀ ਸਿੰਘ ਤਰਕ ਆਪਣੇ ਪਰਿਵਾਰ ਸਮੇਤ ਕਿਰਾਏਦਾਰ ਦੇ ਰੂਪ ਵਿਚ ਰਹਿਣ ਲਈ ਸਾਡੇ ਮੁਹੱਲੇ ਵਿਚ ਆਇਆ ਸੀ। ਜਿਸ ਮਕਾਨ ਵਿਚ ਉਹ ਰਹਿੰਦਾ ਸੀ, ਉਹ ਮਕਾਨ ਗੁਰਦੇਵ ਸਿੰਘ ਸਾਈਕਲਾਂ ਵਾਲੇ ਦਾ ਬਾਹਰਲਾ ਘਰ ਸੀ। ਬਾਹਲਾ ਤਾਂ ਨਹੀਂ, ਉਸ ਘਰ ਤੇ ਉਸ ਵਿਚ ਖੇਡੀਆਂ ਖੇਡਾਂ ਦਾ ਕੁਝ ਕੁਝ ਨਕਸ਼ਾ ਅੱਜ ਵੀ ਮੇਰੇ ਜਿ਼ਹਨ ਵਿਚ ਉੱਕਰਿਆ ਹੋਇਆ ਹੈ। ਉਨ੍ਹਾਂ ਨੂੰ ਉਸ ਮਕਾਨ ਵਿਚ ਆਇਆਂ ਅਜੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਇੱਕ ਦਿਨ ਪੁਲੀਸ ਨੇ ਉਨ੍ਹਾਂ ਨੂੰ ਆਣ ਦਬੋਚਿਆ।
ਮਾਮਲਾ ਨੇੜਲੇ ਪਿੰਡ ਚੰਗਾਲੀਵਾਲਾ ਵਿਚ ਨਕਸਲਬਾੜੀਆਂ ਦੇ ਇੱਕ ਗਰੁੱਪ ਵੱਲੋਂ ਇੱਕ ਸਰਦਾਰ ਨੂੰ ਪੁਲੀਸ ਟਾਊਟ ਦੱਸ ਕੇ ਲਹਿਰੇ ਤੇ ਚੰਗਾਲੀਵਾਲੇ ਦੇ ਰਾਹ ਵਿਚ ਗੋਲੀਆਂ ਮਾਰ ਕੇ ਮਾਰ ਦੇਣ ਨਾਲ ਜੁੜਿਆ ਸੀ। ਉਸ ਕਤਲ ਦੇ ਸਿਲਸਿਲੇ ਵਿਚ ਪੁਲੀਸ ਨੇ ਇਕੱਲੇ ਹਰੀ ਸਿੰਘ ਤਰਕ ਨੂੰ ਹੀ ਨਹੀਂ; ਮਾਸਟਰ ਬਲਵੰਤ ਸਿੰਘ, ਖੇਮ ਰਾਜ ਸਬਜੀਵਾਲਾ ਤੇ ਮੇਰੇ ਬਾਪੂ ਨੂੰ ਵੀ ਫੜ ਕੇ ਲਹਿਰੇ ਥਾਣੇ ਡੱਕਿਆ ਹੋਇਆ ਸੀ। ਥਾਣੇ ਵਿਚ ਬੰਦ ਬਾਪੂ ਦੀ ਰੋਟੀ ਲੈ ਕੇ ਜਾਣ ਦੀ ਡਿਊਟੀ ਘਰਦਿਆਂ ਨੇ ਮੇਰੇ ਜਿ਼ੰਮੇ ਲਾਈ ਹੋਈ ਸੀ; ਲਿਹਾਜ਼ਾ ਹਵਾਲਾਤ ਵਿਚ ਤੜੇ ਉਨ੍ਹਾਂ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮੈਨੂੰ ਮਿਲਦਾ ਰਿਹਾ ਸੀ। ਮੇਰੇ ਬਾਪੂ ਨੂੰ ਤਾਂ ਪੁਲੀਸ ਨੇ ਸਾਡੇ ਘਰ ਰਹਿ ਕੇ ਸੁਨਾਮ ਕਾਲਜ ਵਿਚ ਪੜ੍ਹਦੇ ਮੇਰੇ ਮਾਮੇ ਲਾਭ ਸਿੰਘ ਕਰ ਕੇ ਫੜਿਆ ਸੀ ਪਰ ਤਰਕ ਹੋਰਾਂ ਨੂੰ ਨਕਸਲੀ ਆਗੂ ਸ਼ਮਸ਼ੇਰ ਸਿੰਘ ਸ਼ੇਰੀ ਨਾਲ ਸਬੰਧਾਂ ਕਰ ਕੇ ਫੜਿਆ ਸੀ; ਪੁਲੀਸ ਉਨ੍ਹਾਂ ਦੇ ਹੱਡਾਂ ਵਿਚੋਂ ਸ਼ੇਰੀ ਕੱਢਣਾ ਚਾਹੁੰਦੀ ਸੀ।
ਖੈਰ! ਹਰੀ ਸਿੰਘ ਤਰਕ ਗੁਰਦੇਵ ਸਿੰਘ ਦੇ ਉਸ ਮਕਾਨ ਵਿਚ 1983 ਤੱਕ ਕਰੀਬ 13 ਸਾਲ ਰਿਹਾ ਪਰ ਉਸ ਮਕਾਨ ਦਾ ਵੀ ਇੱਕ ਰਾਜ਼ ਸੀ... ਤੇ ਉਹ ਰਾਜ਼ ਹਰੀ ਸਿੰਘ ਤਰਕ ਤੇ ਗੁਰਦੇਵ ਸਿੰਘ ਸਾਈਕਲਾਂ ਵਾਲੇ ਤੋਂ ਬਿਨਾ ਕਿਸੇ ਨੂੰ ਨਹੀਂ ਸੀ ਪਤਾ। ਇਹ ਰਾਜ਼ ਕਰੀਬ 37 ਸਾਲ ਬਾਅਦ 22 ਅਪਰੈਲ 2007 ਵਿਚ ਸੜਕ ਦੁਰਘਟਨਾ ਵਿਚ ਹਰੀ ਸਿੰਘ ਤਰਕ ਦੇ ਸਦੀਵੀ ਵਿਛੋੜੇ ਤੋਂ ਬਾਅਦ ਖੁੱਲ੍ਹਿਆ। ਤਰਕ ਦੇ ਵਿਛੋੜੇ ਤੋਂ ਬਾਅਦ ਉਨ੍ਹਾਂ ਨਾਲ ਜੁੜੀਆਂ ਯਾਦਾਂ ਬਾਰੇ ‘ਦਸਤਕ’ ਦਾ ਵਿਸ਼ੇਸ਼ ਅੰਕ ਕੱਢਣ ਦੀ ਤਿਆਰੀ ਦੌਰਾਨ ਜਗਦੀਸ਼ ਪਾਪੜਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨੇ 13 ਸਾਲਾਂ ਦੌਰਾਨ ਕਦੇ ਵੀ ਹਰੀ ਸਿੰਘ ਤਰਕ ਤੋਂ ਮਕਾਨ ਦੇ ਕਿਰਾਏ ਦਾ ਰੁਪੱਈਆ ਵੀ ਨਹੀਂ ਸੀ ਲਿਆ। ਗੁਰਦੇਵ ਸਿੰਘ ਨੇ ਆਪਣੀ ਪਤਨੀ ਨੂੰ ਕਹਿ ਰੱਖਿਆ ਸੀ ਕਿ ਹਰੀ ਸਿੰਘ ਤੀਹ ਰੁਪਏ ਮਹੀਨਾ ਕਿਰਾਇਆ ਦਿੰਦਾ ਹੈ ਤੇ ਉਹ ਹਰ ਮਹੀਨੇ ਆਪਣੀ ਦੁਕਾਨ ਦੀ ਕਮਾਈ ਵਿਚੋਂ ਅੱਡਰੇ ਰੱਖੇ ਤੀਹ ਰੁਪਏ ਘਰਵਾਲ਼ੀ ਦੇ ਹੱਥ `ਤੇ ਰੱਖ ਦਿੰਦਾ ਕਿ ਇਹ ਹਰੀ ਸਿੰਘ ਦੇ ਕਿਰਾਏ ਦੇ ਹਨ। ਉਹਨੇ ਦੱਸਿਆ, “ਹਰੀ ਸਿੰਘ ਉਹਦਾ ਭਰਾਵਾਂ ਵਰਗਾ ਯਾਰ ਸੀ ਤੇ ਉਹਦੀ ਘਰੇਲੂ ਹਾਲਤ ਠੀਕ ਨਹੀਂ ਸੀ। ਅਜਿਹੀ ਹਾਲਤ ਵਿਚ ਜੇ ਇੱਕ ਮਿੱਤਰ ਦੂਜੇ ਦੀ ਮਦਦ ਨਾ ਕਰੂ ਤਾਂ ਹੋਰ ਕੌਣ ਕਰੂ? ਨਾਲੇ ਉਹ ਤਾਂ ਸਾਰੀ ਦੁਨੀਆ ਦਾ ਭਾਰ ਚੁੱਕੀ ਫਿਰਦਾ ਸੀ, ਕੀ ਮੈਂ ਉਹਦੇ ਲਈ ਇੰਨਾ ਵੀ ਨਹੀਂ ਕਰ ਸਕਦਾ ਸੀ। ਇਹ ਗੱਲ ਮੈਂ ਕਿਸੇ ਨੂੰ ਵੀ ਇਸ ਲਈ ਨਹੀਂ ਦੱਸੀ ਕਿ ਜੇ ਕਿਸੇ ਨੇ ਹਰੀ ਸਿੰਘ ਨੂੰ ਕਹਿ ਦਿੱਤਾ ਤਾਂ ਉਹ ਕਿਤੇ ਮਹਿਸੂਸ ਨਾ ਕਰ ਜਾਵੇ।” ਗੁਰਦੇਵ ਸਿੰਘ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਅੱਜ ਵੀ ਕਹਿੰਦਾ ਹੈ ਕਿ ਹਰੀ ਸਿੰਘ ਦੀ ਬਦੌਲਤ ਉਹਦੇ ਘਰ ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਦੇ ਪੈਰ ਪਏ... ਜੇ ਤਰਕ ਨਾ ਹੁੰਦਾ ਤਾਂ ਕੀ ਅਜਿਹਾ ਹੋ ਸਕਣਾ ਸੀ?
ਗੁਰਦੇਵ ਸਿੰਘ ਸਾਈਕਲਾਂ ਵਾਲਾ ਭਾਵੇਂ ਸਿੱਧੇ ਤੌਰ `ਤੇ ਕਿਸੇ ਜਥੇਬੰਦੀ ਜਾਂ ਲਹਿਰ ਨਾਲ ਜੁੜਿਆ ਹੋਇਆ ਨਹੀਂ ਸੀ ਪਰ ਉਹਨੇ ਜਿਸ ਰੂਪ ਵਿਚ ਅਤੇ ਜਿਸ ਵਕਤ ਹਰੀ ਸਿੰਘ ਤਰਕ ਦੀ ਮਦਦ ਕੀਤੀ, ਉਹਨੂੰ ਸੁਣ ਕੇ ਸਾਡਾ ਸਾਰਿਆਂ ਦਾ ਇਸ ਗੱਲ ਵਿਚ ਯਕੀਨ ਹੋਰ ਪੱਕਾ ਹੋਇਆ ਕਿ ਜਿਹੜੇ ਲੋਕਾਂ ਲਈ ਕੁਝ ਕਰਦੇ ਹਨ, ਲੋਕ ਉਨ੍ਹਾਂ ਨੂੰ ਕਦੇ ਵੀ ਆਪਣੇ ਹਾਲ `ਤੇ ਨਹੀਂ ਛੱਡਦੇ। ਬਿਨਾ ਕੋਈ ਢੋਲ ਵਜਾਏ ਚੁੱਪਚਾਪ ਜਿੰਨਾ ਕੁ ਹੋ ਸਕਦਾ, ਕਰਦੇ ਹਨ।
ਸੰਪਰਕ: 94175-88616