ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿੱਸਾ ਲਿਆਕਤ ਅਲੀ ਚੱਠਾ ਦੀ ‘ਨਾਲਾਇਕੀ’ ਦਾ...

07:53 AM Feb 26, 2024 IST
ਲਿਆਕਤ ਅਲੀ ਚੱਠਾ

ਰਾਵਲਪਿੰਡੀ ਡਿਵੀਜ਼ਨ ਦੇ ਸਾਬਕਾ ਕਮਿਸ਼ਨਰ ਲਿਆਕਤ ਅਲੀ ਚੱਠਾ ਵੱਲੋਂ ਆਪਣੇ ਬਿਆਨਾਂ ਤੋਂ ਮੁੱਕਰਨ ਦਾ ਮਾਮਲਾ ਪਾਕਿਸਤਾਨ ਵਿੱਚ ਆਮ ਚੋਣਾਂ ਨਾਲ ਜੁੜੀ ਨਾਟਕੀ ਘਟਨਾਵਲੀ ਦੀ ਸਨਸਨੀਖ਼ੇਜ਼ ਕੜੀ ਸਾਬਤ ਹੋ ਰਿਹਾ ਹੈ। ਚੱਠਾ ਨੇ ਚੋਣ ਨਤੀਜਿਆਂ ਵਿੱਚ ਹੇਰਾਫੇਰੀ ਤੇ ਘਪਲੇਬਾਜ਼ੀ ਦੇ ਦੋਸ਼ ਲਾਉਂਦਿਆਂ ਪਾਕਿਸਤਾਨੀ ਅਵਾਮ, ਖ਼ਾਸ ਕਰਕੇ ਰਾਵਲਪਿੰਡੀ ਡਿਵੀਜ਼ਨ ਦੇ ਵੋਟਰਾਂ ਤੋਂ ਮੁਆਫ਼ੀ ਮੰਗੀ ਸੀ ਕਿ ਉਹ ਨਾ ਸਿਰਫ਼ ਵੋਟਾਂ ਪੁਆਉਣ ਤੇ ਇਨ੍ਹਾਂ ਦੀ ਗਿਣਤੀ ਦੌਰਾਨ ਘਪਲੇਬਾਜ਼ੀ ਤੇ ਧੱਕੇਸ਼ਾਹੀਆਂ ਰੋਕਣ ਵਿੱਚ ਨਾਕਾਮ ਰਿਹਾ ਸਗੋਂ ਗ਼ਲਤ ਨਤੀਜੇ ਐਲਾਨਣ ਵਿੱਚ ਵੀ ਸਹਿਭਾਗੀ ਬਣਿਆ। ਉਸ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਆਪਣਾ ਅਹੁਦਾ ਤਿਆਗ ਰਿਹਾ ਹੈ ਅਤੇ ਸੱਚਾਈ ਦੇ ਰਾਹ ਚੱਲਣ ਹਿੱਤ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (ਪੀ.ਏ.ਐੱਸ.) ਤੋਂ ਵੀ ਅਸਤੀਫ਼ਾ ਦੇ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਤਾਂ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਹੀ
ਅਸਤੀਫ਼ਾ ਦੇਣਾ ਚਾਹੁੰਦਾ ਸੀ ਪਰ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ, ਕਾਜ਼ੀ ਫ਼ੈਜ਼ ਈਸਾ ਦੇ ਦਬਾਅ ਕਾਰਨ ਆਪਣੀ ਜ਼ਮੀਰ ’ਤੇ ਪਹਿਰਾ ਨਹੀਂ ਸੀ ਦੇ ਸਕਿਆ।
ਚੱਠਾ ਦੇ ਅਜਿਹੇ ‘ਇੰਕਸ਼ਾਫ਼ਾਂ’ ਨੇ ਪਾਕਿਸਤਾਨੀ ਰਾਜਸੀ ਖਲਬਲੀ ਵਧਾਉਣ ਤੋਂ ਇਲਾਵਾ ਚੋਣਾਂ ਦੌਰਾਨ ਵਿਆਪਕ ਪੈਮਾਨੇ ’ਤੇ ਹੇਰਾਫੇਰੀਆਂ ਹੋਣ ਦਾ ਪ੍ਰਭਾਵ ਪਕੇਰਾ ਕੀਤਾ ਸੀ। ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਰਾਵਲਪਿੰਡੀ ਵਿੱਚ ਉਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਫ਼ੌਰਨ ਬਾਅਦ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਗਾਇਬ ਕਰ ਦਿੱਤਾ। ਅਜਿਹੇ ਸਨਸਨੀਖ਼ੇਜ਼ ਘਟਨਾਕ੍ਰਮ ਤੋਂ ਦੋ ਦਿਨ ਬਾਅਦ ਉਸ ਵੱਲੋਂ ਕਥਿਤ ਤੌਰ ’ਤੇ ਲਿਖਿਆ ਇੱਕ ਖ਼ਤ ਚੋਣ ਕਮਿਸ਼ਨ ਕੋਲ ਪੁੱਜਾ ਅਤੇ ਇਸ ਦੀਆਂ ਨਕਲਾਂ ਸੁਪਰੀਮ ਕੋਰਟ ਕੋਲ ਵੀ ਪੁੱਜੀਆਂ। ਇਸ ਵਿੱਚ ਉਸ ਨੇ ਨਵਾਂ ਦਾਅਵਾ ਕੀਤਾ ਕਿ ਉਸ ਨੇ ਪ੍ਰੈੱਸ ਕਾਨਫਰੰਸ, ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਪਾਰਟੀ (ਪੀ.ਟੀ.ਆਈ.) ਦੇ ਕੁਝ ਉੱਚ ਆਗੂਆਂ ਵੱਲੋਂ ਬਣਾਏ ਦਬਾਅ ਤੇ ਲੋਭ-ਲਾਲਚ ਕਾਰਨ ਕੀਤੀ ਸੀ। ਪਰ ਇਸ ਕਦਮ ਤੋਂ ਤੁਰੰਤ ਬਾਅਦ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਨੇ ਗ਼ਲਤ ਕੰਮ ਕੀਤਾ ਹੈ। ਇਸ ਅਹਿਸਾਸ ਤੋਂ ਉਪਜੇ ਮਾਨਸਿਕ ਬੋਝ ਕਾਰਨ ਉਹ ਆਪਣੇ ਵੱਲੋਂ ਲਾਏ ਸਾਰੇ ਦੋਸ਼ ਵਾਪਸ ਲੈਂਦਾ ਹੈ ਅਤੇ ਪੀ.ਟੀ.ਆਈ. ਨਾਲ ਆਪਣੀ ਸਾਂਝ ਖ਼ਤਮ ਕਰ ਰਿਹਾ ਹੈ। ਇਸ ਖ਼ਤ ਦੇ ਅਸਲੀ ਨਾ ਹੋਣ ਦੇ ਸ਼ੁਬਹੇ ਉੱਭਰਨ ਤੋਂ ਅਗਲੇ ਹੀ ਦਿਨ (ਸ਼ੁੱਕਰਵਾਰ) ਨੂੰ ਉਹ ਚੋਣ ਕਮਿਸ਼ਨ ਵੱਲੋਂ ਬਣਾਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਅੱਗੇ ਪੇਸ਼ ਹੋਇਆ ਅਤੇ ਉਪਰੋਕਤ ਖ਼ਤ ਦੀ ਇਬਾਰਤ ਸਹੀ ਹੋਣ ਦੀ ਤਸਦੀਕ ਕੀਤੀ। ਨਾਲ ਹੀ ਉਸ ਨੇ ਮੁਲਕ ਦੇ ਲੋਕਾਂ ਤੋਂ ਮੁਆਫ਼ੀ ਮੰਗੀ ਕਿ ਉਸ ਨੇ ਸਮੁੱਚੀ ਕੌਮ ਨੂੰ ਗੁੰਮਰਾਹ ਕੀਤਾ ਹੈ। ਇਸ ਪੇਸ਼ੀ ਤੋਂ ਤੁਰੰਤ ਮਗਰੋਂ ਉਹ ਮੀਡੀਆ ਸਾਹਮਣੇ ਵੀ ਆਇਆ ਅਤੇ ਪੀ.ਟੀ.ਆਈ. ਦਾ ਨਾਮ ਲਏ ਬਿਨਾਂ ਕਹਿਣ ਲੱਗਾ ਕਿ ਉਸ ਪਾਰਟੀ ਨੇ ਉਸ ਉਪਰ ਦਬਾਅ ਬਣਾਉਣ ਵਾਸਤੇ ‘‘ਮੇਰੇ ਕਰੀਬੀ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮਦਦ ਲਈ ਅਤੇ ਮੈਨੂੰ ਵੱਡਾ ਅਹੁਦਾ ਦੇਣ ਦਾ ਲਾਲਚ ਦਿੱਤਾ।’’
ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਚੱਠਾ ਦੇ ਪ੍ਰਗਟਾਵਿਆਂ ਤੋਂ ਬਾਅਦ ਚੋਣ ਕਮਿਸ਼ਨ ਦੀ ਜਾਂਚ ਕਮੇਟੀ ਨੇ ਚੱਠਾ ਨੂੰ ਕਮੇਟੀ ਮੈਂਬਰਾਂ ਅੱਗੇ ਪੇਸ਼ ਹੋ ਕੇ ਆਪਣਾ ਬਿਆਨ ਰਿਕਾਰਡ ਕਰਵਾਉਣ ਦਾ ਨੋਟਿਸ ਭੇਜਿਆ ਸੀ। ਪਾਕਿਸਤਾਨੀ ਚੋਣ ਨਿਯਮਾਵਲੀ ਅਤੇ ਫ਼ੌਜਦਾਰੀ ਦੰਡ ਜ਼ਾਬਤਾ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਭੇਜੇ ਗਏ ਇਸ ਨੋਟਿਸ ਦੇ ਜਵਾਬ ਵਿੱਚ ਚੱਠਾ ਨੂੰ ਹਾਜ਼ਰੀ ਭਰਨੀ ਹੀ ਪੈਣੀ ਸੀ। ਉਸ ਤੋਂ ਇਲਾਵਾ ਰਾਵਲਪਿੰਡੀ ਡਿਵੀਜ਼ਨ ਦੇ ਛੇ ਜ਼ਿਲ੍ਹਾ ਰਿਟਰਨਿੰਗ ਅਫਸਰਾਂ ਤੇ ਰਿਟਰਨਿੰਗ ਅਫਸਰਾਂ ਦੇ ਬਿਆਨ ਵੀ ਕਮੇਟੀ ਨੇ ਦਰਜ ਕੀਤੇ। ਇਨ੍ਹਾਂ ਸਾਰਿਆਂ ਨੇ ਚੱਠਾ ਵੱਲੋਂ ਲਗਾਏ ਇਨਤਖ਼ਾਬੀ ਹੇਰਾਫੇਰੀਆਂ ਦੇ ਦੋਸ਼ ਰੱਦ ਕੀਤੇ। ਚੱਠਾ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਸੀ ਕਿ ਉਸ ਨੇ ਕੌਮੀ ਤੇ ਸੂਬਾਈ ਅਸੈਂਬਲੀ ਦੇ ਸਾਰੇ ਹਲਕਿਆਂ ਦੇ ਨਤੀਜੇ ਨਸ਼ਰ ਨਾ ਕਰਨ ਦੀ ਹਦਾਇਤ ਰਿਟਰਨਿੰਗ ਅਫਸਰਾਂ ਨੂੰ ਕੀਤੀ ਸੀ, ਪਰ ਉਨ੍ਹਾਂ ਨੇ ਹੁਕਮ-ਅਦੂਲੀ ਕੀਤੀ। ਇਸ ਦੋਸ਼ ਨੂੰ ਮੁੱਢੋਂ ਖਾਰਿਜ ਕਰਦਿਆਂ ਸਾਰੇ ਚੋਣ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਡਿਵੀਜ਼ਨਲ ਕਮਿਸ਼ਨਰ ਨੇ ਨਤੀਜੇ ਰੋਕ ਲੈਣ ਦਾ ਕੋਈ ਹੁਕਮ ਹੀ ਨਹੀਂ ਜਾਰੀ ਕੀਤਾ ਤਾਂ ਇਸ ਦੀ ਨਾਫ਼ੁਰਮਾਨੀ ਕਿਵੇਂ ਹੋ ਸਕਦੀ ਸੀ?
ਸਮੁੱਚੇ ਘਟਨਾਕ੍ਰਮ ਉੱਤੇ ਟਿੱਪਣੀ ਕਰਦਿਆਂ ਅਖ਼ਬਾਰ ਆਪਣੇ ਅਦਾਰੀਏ (ਸੰਪਾਦਕੀ) ਵਿੱਚ ਲਿਖਦਾ ਹੈ: ‘‘ਚੱਠਾ ਦੇ ਸਨਸਨੀਖੇਜ਼ ਇੰਕਸ਼ਾਫ਼ਾਤ ਤੇ ਉਸ ਤੋਂ ਬਾਅਦ ਮੁਕੰਮਲ ਤੌਰ ’ਤੇ ਮੁੱਕਰ ਜਾਣਾ ਨਿਹਾਇਤ ਸੰਗੀਨ ਮਾਮਲਾ ਹੈ। ਇਸ ਦੀ ਗਹਿਰਾਈ ਨਾਲ ਤੇ ਪਾਰਦਰਸ਼ੀ ਤੌਰ ’ਤੇ ਪੜਤਾਲ ਹੋਣੀ ਚਾਹੀਦੀ ਹੈ। ਪਾਕਿਸਤਾਨੀ ਜਮਹੂਰੀਅਤ ਪਹਿਲਾਂ ਹੀ ਜਮਹੂਰੀ ਮੁਲਕਾਂ ਵਿੱਚ ਮਜ਼ਾਕ ਦਾ ਪਾਤਰ ਬਣੀ ਹੋਈ ਹੈ। ਇਸ ਦੀ ਹੋਰ ਵੀ ਦੁਰਦਸ਼ਾ ਹੁਣ ਇਸ ਦੇ ਖ਼ੈਰਖਾਹਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ।’’ ਅਜਿਹੇ ਹੀ ਵਿਚਾਰ ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਆਪਣੇ 24 ਫਰਵਰੀ ਦੇ ਅਦਾਰੀਏ ਵਿੱਚ ਪ੍ਰਗਟਾਏ। ਇਸੇ ਤਰ੍ਹਾਂ ‘ਪਾਕਿਸਤਾਨ ਆਬਜ਼ਰਵਰ’ ਨੇ ਵੀ ਮੰਗ ਕੀਤੀ ਹੈ ਕਿ ਵਿਧਾਨਕ ਅਦਾਰਿਆਂ ਦੀ ‘‘ਸਨਸਨੀਖੇਜ਼ ਦਾਅਵਿਆਂ ਤੇ ਤੋਹਮਤਾਂ ਰਾਹੀਂ ਬੇਹੁਰਮਤੀ ਸਖ਼ਤੀ ਨਾਲ ਰੋਕੀ ਜਾਣੀ ਚਾਹੀਦੀ ਹੈ।’’ ‘ਡਾਅਨ’ ਨੇ ਤਾਂ ਚੱਠਾ ਉਪਰ ਪੰਜ ਸਾਲ ਪਹਿਲਾਂ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਉਨ੍ਹਾਂ ਦੀ ਪੜਤਾਲ ਠੰਢੇ ਬਸਤੇ ਵਿੱਚ ਪਾਏ ਜਾਣ ਵਰਗੇ ਮਾਮਲਿਆਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦੇ ਜਾਣ ਦੀ ਵਕਾਲਤ ਕੀਤੀ ਹੈ। ਅਖ਼ਬਾਰ ਨੇ ਲਿਖਿਆ ਹੈ ਕਿ ‘‘ਚੱਠਾ ਵਿਵਾਦਿਤ ਅਫਸਰ ਹੈ ਅਤੇ ਇਨ੍ਹਾਂ ਦਾਅਵਿਆਂ ਵਿਚ ਦਮ ਹੈ ਕਿ ਪੰਜਾਬ ਦੀ ਪਿਛਲੀ ਪੀ.ਟੀ.ਆਈ. ਸਰਕਾਰ ਨੇ ਉਸ ਨੂੰ ਬਹੁਤ ਪਲੋਸ ਕੇ ਰੱਖਿਆ ਸੀ, ਫਿਰ ਵੀ ਇਹ ਪੜਤਾਲ ਤਾਂ ਹੋਣੀ ਹੀ ਚਾਹੀਦੀ ਹੈ ਕਿ ਉਸ ਦੇ ਵਿਵਾਦਗ੍ਰਸਤ ਰਿਕਾਰਡ ਦੇ ਬਾਵਜੂਦ ਸੱਤ ਮਹੀਨੇ ਪਹਿਲਾਂ ਉਸ ਨੂੰ ਰਾਵਲਪਿੰਡੀ ਵਰਗੀ ‘ਸੈਂਸੇਟਿਵ’ ਡਿਵੀਜ਼ਨ ਦਾ ਕਮਿਸ਼ਨਰ ਕਿਉਂ ਨਿਯੁਕਤ ਕੀਤਾ ਗਿਆ?’’
ਸਦਰ-ਇ-ਪਾਿਕਸਤਾਨ ਦੀ ਚੋਣ
ਨਵੀਆਂ ਚੁਣੀਆਂ ਪੰਜਾਬ ਤੇ ਸਿੰਧ ਅਸੈਂਬਲੀਆਂ ਦੇ ਮੁਹਾਫ਼ਿਜ਼ਾਂ (ਸਪੀਕਰਾਂ) ਦੀ ਚੋਣ ਐਤਵਾਰ ਨੂੰ ਮੁਕੰਮਲ ਹੋਣ ਅਤੇ ਖ਼ੈਬਰ ਪਖ਼ਤੂਨਖਵਾ ਸੂਬੇ ਦਾ ਸਪੀਕਰ ਪਹਿਲਾਂ ਹੀ ਮੁੰਤਖਬਿ ਹੋ ਜਾਣ ਤੋਂ ਬਾਅਦ ਹੁਣ ਸਿਰਫ਼ ਬਲੋਚਿਸਤਾਨ ਵਿੱਚ ਇਹ ਅਮਲ ਪੂਰਾ ਕੀਤੇ ਜਾਣਾ ਬਾਕੀ ਹੈ। ਪੰਜਾਬ ਅਸੈਂਬਲੀ ਵਿੱਚ ਸਪੀਕਰ ਤੇ ਡਿਪਟੀ ਸਪੀਕਰ ਦੇ ਅਹੁਦੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐੱਨ.) ਦੇ ਹਿੱਸੇ ਆਏ। ਇਸ ਪਾਰਟੀ ਦੇ ਮਲਿਕ ਅਹਿਮਦ ਖ਼ਾਨ ਤੇ ਜ਼ਹੀਰ ਇਕਬਾਲ ਇਨ੍ਹਾਂ ਅਹੁਦਿਆਂ ’ਤੇ ਚੁਣੇ ਗਏ। ਚੋਣ ਗੁਪਤ ਮਤਦਾਨ ਰਾਹੀਂ ਹੋਈ। ਭੁਗਤੀਆਂ 322 ਵੋਟਾਂ ਵਿੱਚੋਂ ਮਲਿਕ ਅਹਿਮਦ ਖ਼ਾਨ ਨੂੰ ਮਿਲੀਆਂ 224 ਵੋਟਾਂ ਦਰਸਾਉਂਦੀਆਂ ਹਨ ਕਿ ਮੀਆਂ ਨਵਾਜ਼ ਸ਼ਰੀਫ਼ ਦੀ ਪਾਰਟੀ ਆਪਣੇ ਵਿਰੋਧੀਆਂ ਦੀਆਂ ਸਫਾਂ ਵਿੱਚ ਵੱਡੀ ਸੰਨ੍ਹ ਲਾਉਣ ਵਿੱਚ ਕਾਮਯਾਬ ਰਹੀ। ਸੂਬਾ ਸਿੰਧ ਵਿੱਚ ਅਜਿਹੀ ਕਾਮਯਾਬੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਹਿੱਸੇ ਆਈ। ਸਪੀਕਰ ਦੇ ਅਹੁਦੇ ਲਈ ਉਸ ਦੇ ਉਮੀਦਵਾਰ ਓਵਾਇਸ ਕਾਦਿਰ ਸ਼ਾਹ ਕੁੱਲ 147 ਵਿੱਚੋਂ 111 ਵੋਟਾਂ ਹਾਸਿਲ ਕਰਨ ਵਿੱਚ ਸਫਲ ਰਹੇ।
ਅਜਿਹੇ ਅਮਲ ਤੋਂ ਬਾਅਦ ਹੁਣ ਰਾਜਸੀ ਧਿਰਾਂ ਦਾ ਧਿਆਨ ਰਾਸ਼ਟਰਪਤੀ (ਸਦਰ-ਇ-ਪਾਕਿਸਤਾਨ) ਦੀ ਚੋਣ ਵੱਲ ਕੇਂਦਰਿਤ ਹੋਣਾ ਸੁਭਾਵਿਕ ਹੈ। ਇਸ ਚੋਣ ਲਈ 9 ਮਾਰਚ ਦੀ ਤਾਰੀਖ਼ ਤੈਅ ਕੀਤੀ ਗਈ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦਰਮਿਆਨ ਹੋਏ ਸਮਝੌਤੇ ਦੇ ਤਹਿਤ ਪੀ.ਪੀ.ਪੀ. ਦੇ ਸਰਪ੍ਰਸਤ ਆਸਿਫ਼ ਅਲੀ ਜ਼ਰਦਾਰੀ ਦਾ ਸਦਰ-ਇ-ਪਾਕਿਸਤਾਨ ਬਣਨਾ ਯਕੀਨੀ ਹੈ। ਜ਼ਰਦਾਰੀ ਸਤੰਬਰ 2008 ਤੋਂ 2013 ਤੱਕ ਪਾਕਿਸਤਾਨ ਦੇ ਸਦਰ ਰਹਿ ਚੁੱਕੇ ਹਨ। ਮੌਜੂਦਾ ਸਦਰ ਡਾ. ਆਰਿਫ਼ ਅਲਵੀ ਦੇ ਅਹੁਦੇ ਦੀ ਮਿਆਦ ਪਿਛਲੇ ਸਾਲ 9 ਸਤੰਬਰ ਨੂੰ ਖ਼ਤਮ ਹੋ ਗਈ ਸੀ, ਪਰ ਉਦੋਂ ਕੌਮੀ ਅਸੈਂਬਲੀ ਤੇ ਸੂਬਾਈ ਅਸੈਂਬਲੀਆਂ ਭੰਗ ਹੋਣ ਕਾਰਨ ਨਵੇਂ ਸਦਰ ਦੀ ਚੋਣ ਸੰਭਵ ਨਹੀਂ ਸੀ। ਪਾਕਿਸਤਾਨੀ ਸੰਵਿਧਾਨ ਦੀ ਧਾਰਾ 44(1) ਦੇ ਤਹਿਤ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਬਾਵਜੂਦ ਤਤਕਾਲੀ ਸਦਰ ਉਦੋਂ ਤਕ ਇਸ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ ਜਦੋਂ ਤੱਕ ਨਵੀਂ ਚੋਣ ਸੰਭਵ ਨਾ ਹੋ ਜਾਵੇ। ਡਾ. ਅਲਵੀ ਜਮਹੂਰੀ ਤੌਰ ’ਤੇ ਚੁਣੇ ਗਏ ਚੌਥੇ ਅਜਿਹੇ ਸਦਰ ਹਨ ਜਿਨ੍ਹਾਂ ਨੇ ਪੰਜ ਵਰ੍ਹਿਆਂ ਦਾ ਕਾਰਜਕਾਲ ਨਿਰਵਿਘਨ ਸਮਾਪਤ ਕੀਤਾ। ਉਨ੍ਹਾਂ ਤੋਂ ਪਹਿਲਾਂ ਇਹ ਐਜਾਜ਼ ਚੌਧਰੀ ਫ਼ਜ਼ਲ ਇਲਾਹੀ (1973-78), ਆਸਿਫ਼ ਅਲੀ ਜ਼ਰਦਾਰੀ (2008-13) ਤੇ ਮਮਨੂਨ ਹੁਸੈਨ (2013-18) ਦੇ ਹਿੱਸੇ ਆਇਆ ਸੀ।
ਜੋਸ਼ ਮਲੀਹਾਬਾਦੀ ਨਮਿਤ ਸਮਾਗਮ
ਨਾਮਵਰ ਉਰਦੂ ਸ਼ਾਇਰ ਤੇ ਦਾਨਿਸ਼ਵਰ ਜੋਸ਼ ਮਲੀਹਾਬਾਦੀ ਦੀ 42ਵੀਂ ਬਰਸੀ ਮੌਕੇ ਸ਼ੁੱਕਰਵਾਰ (23 ਫਰਵਰੀ) ਨੂੰ ਇੱਕ ਵੱਡਾ ਸਮਾਗਮ ਇਸਲਾਮਾਬਾਦ ਵਿੱਚ ਹੋਇਆ। ਇਹ 21ਵੀਂ ਵਾਰ ਸੀ ਜਦੋਂ ਇਸਲਾਮਾਬਾਦ ਵਿੱਚ ਜੋਸ਼ ਨੂੰ ਇਸ ਢੰਗ ਨਾਲ ਯਾਦ ਕੀਤਾ ਗਿਆ। ਮਲੀਹਾਬਾਦ (ਯੂ.ਪੀ.) ਵਿੱਚ ਜਨਮੇ ਜੋਸ਼ ਦਾ ਪੂਰਾ ਨਾਮ ਸ਼ਬੀਰ ਹੁਸੈਨ ਖ਼ਾਨ ਸੀ। ਉਨ੍ਹਾਂ ਨੇ ਆਪਣਾ ਪੇਸ਼ੇਵਾਰਾਨਾ ਜੀਵਨ ਹੈਦਰਾਬਾਦ ਰਿਆਸਤ ਵਿੱਚ ਦਾਰ-ਉਲ-ਤਰਜੁਮਾ ਉਸਮਾਨੀਆ ਵਿੱਚ ਨੌਕਰੀ ਨਾਲ ਸ਼ੁਰੂ ਕੀਤਾ। ਕਿਉਂਕਿ ਉਹ ਨਿਜ਼ਾਮ ਹੈਦਰਾਬਾਦ ਦੇ ਰਿਆਸਤੀ ਪ੍ਰਬੰਧ ਦੇ ਖਿਲਾਫ਼ ਬੋਲਦੇ ਤੇ ਲਿਖਦੇ ਸਨ, ਇਸ ਲਈ ਉਨ੍ਹਾਂ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਅਤੇ ਹੈਦਰਾਬਾਦ ਰਿਆਸਤ ਵਿੱਚੋਂ ਖਾਰਿਜ। ਪਨਾਹ ਦਿੱਲੀ ਵਿੱਚ ਮਿਲੀ। ਉੱਥੇ ਉਨ੍ਹਾਂ ਨੇ ‘ਕਾਲੀਮ’ ਰਸਾਲਾ ਸ਼ੁਰੂ ਕੀਤਾ। ਆਲ ਇੰਡੀਆ ਰੇਡੀਓ ਨਾਲ ਵੀ ਜੁੜੇ ਰਹੇ ਅਤੇ ‘ਆਜ ਕਲ੍ਹ’ ਰਸਾਲੇ ਦੇ ਸੰਪਾਦਕ ਵੀ। ਇਹ ਰਸਾਲਾ ਭਾਰਤ ਸਰਕਾਰ ਦਾ ਪ੍ਰਕਾਸ਼ਨ ਸੀ। 1954 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਆ ਗਿਆ, ਪਰ 1955 ਵਿੱਚ ਉਹ ਪਾਕਿਸਤਾਨ ਆ ਗਏ। ਇੱਥੇ ਉਹ ਅੰਜੁਮਨ-ਇ-ਤਰੱਕੀ-ਇ-ਉਰਦੂ ਨਾਲ 20 ਵਰ੍ਹੇ ਜੁੜੇ ਰਹੇ। ਇਸ ਅੰਜੁਮਨ ਨੇ ਉਰਦੂ ਡਿਕਸ਼ਨਰੀ ਤਿਆਰ ਕੀਤੀ ਜੋ ਹੁਣ ਵੀ ਬਹੁਤ ਮਕਬੂਲ ਹੈ। ਜੋਸ਼ ਨੇ ਆਪਣੀ ਅਦਬੀ ਜ਼ਿੰਦਗੀ ਦੌਰਾਨ 36 ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਜਿਨ੍ਹਾਂ ਵਿੱਚੋਂ ‘ਇਰਸ਼ਾਦਾਤ’, ‘ਜਜ਼ਬਾਤ-ਇ-ਫ਼ਿਤਰਤ’, ‘ਮੁਕੰਮਲਾਤ-ਇ-ਜੋਸ਼’ ਤੇ ‘ਯਾਦੋਂ ਕੀ ਬਾਰਾਤ’ ਪਾਕਿਸਤਾਨ ਵਿੱਚ ਖ਼ੂਬ ਮਸ਼ਹੂਰ ਹੋਈਆਂ। 2013 ਵਿੱਚ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ‘ਹਿਲਾਲ-ਇ-ਇਮਤਿਆਜ਼’ ਐਜਾਜ਼ ਨਾਲ ਨਵਾਜ਼ਿਆ। ਅਖ਼ਬਾਰ ‘ਦੁਨੀਆ’ ਦੀ ਰਿਪੋਰਟ ਮੁਤਾਬਿਕ ਬਰਸੀ ਸਮਾਗਮ ਦੌਰਾਨ ਸਾਬਕਾ ਪਾਕਿਸਤਾਨੀ ਸਫ਼ੀਰ ਸ਼ਾਹਿਦ ਮੀਰ ਤੇ ਕਈ ਹੋਰ ਨਾਮਵਰਾਂ ਨੇ ਜੋਸ਼ ਨੂੰ ਅਕੀਦਤ ਪੇਸ਼ ਕਰਦਿਆਂ ਉਨ੍ਹਾਂ ਦੇ ਹਾਸਰਸੀ ਸੁਭਾਅ ਨਾਲ ਜੁੜੇ ਕਈ ਕਿੱਸੇ ਬਿਆਨ ਕੀਤੇ। ਜਾਨਦਾਰ ਰਿਹਾ ਸਮਾਗਮ।
- ਪੰਜਾਬੀ ਟ੍ਰਿਬਿਊਨ ਫੀਚਰ

Advertisement

Advertisement
Advertisement