ਸੰਦੀਪ ਕੌਰ ਦਾ ਕਾਵਿ-ਸੰਗ੍ਰਹਿ ‘ਕੰਧਾਂ ਦੇ ਓਹਲੇ’ ਲੋਕ ਅਰਪਣ
ਗੁਰਚਰਨ ਥਿੰਦ
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਇੱਥੇ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਮੀਟਿੰਗ ਦਾ ਅਗਾਜ਼ ਸਭ ਹਾਜ਼ਰੀਨ ਨੂੰ ਜੀ ਆਇਆਂ ਆਖ ਕੇ ਕੀਤਾ। ਇਸ ਦੌਰਾਨ ਸੰਦੀਪ ਕੌਰ ‘ਰੂਹਵ’ ਦਾ ਕਾਵਿ ਸੰਗ੍ਰਹਿ ‘ਕੰਧਾਂ ਦੇ ਓਹਲੇ’ ਲੋਕ ਅਰਪਣ ਕੀਤਾ ਗਿਆ।
ਸਭਾ ਦੇ ਮੈਂਬਰ ਜਗਦੇਵ ਸਿੰਘ ਸਿੱਧੂ ਨੇ ਕਾਵਿ-ਸੰਗ੍ਰਹਿ ਬਾਰੇ ਵਿਸਥਾਰਤ ਪੇਪਰ ਪੇਸ਼ ਕੀਤਾ। ਉਸ ਅਨੁਸਾਰ ਸੰਦੀਪ ਕੌਰ ‘ਰੂਹਵ’ ਦੀਆਂ ਕਵਿਤਾਵਾਂ ਵਿੱਚ ਉਡਾਣ ਵੀ ਹੈ ਤੇ ਡੂੰਘਾਈ ਵੀ। ਇਨ੍ਹਾਂ ਵਿੱਚ ਮਾਲਵੇ ਦੀ ਬੋਲੀ ਦੇ ਖ਼ੂਬਸੂਰਤ ਸ਼ਬਦਾਂ ਦੀ ਭਰਮਾਰ ਹੈ। ਕੁਝ ਕਵਿਤਾਵਾਂ ਦੇ ਹਵਾਲਿਆਂ ਨਾਲ ਉਸ ਨੇ ਦੱਸਿਆ ਕਿ ਇਹ ਪੰਜਾਬਣ ਕੁੜੀ ਦੇ ਮਨੋਭਾਵਾਂ, ਸ਼ਿਕਵਿਆਂ, ਸ਼ਿਕਾਇਤਾਂ, ਬਗਾਵਤਾਂ, ਨਿਹੋਰਿਆਂ ਦਾ ਪ੍ਰਗਟਾਵਾ ਹੈ। ਗੁਰਨਾਮ ਕੌਰ ਨੇ ਕਿਤਾਬ ਅੰਦਰ ਜਿਸ ਢੰਗ ਨਾਲ ਕਵਿਤਾਵਾਂ ਨੂੰ ਅੱਠ ਭਾਗਾਂ ਵਿੱਚ ਵੰਡਿਆ ਹੈ, ਉਸ ਦੇ ਹਰ ਭਾਗ ਦਾ ਸੰਖੇਪ ਵਿੱਚ ਵਰਨਣ ਕੀਤਾ। ਕਾਵਿ-ਸੰਗ੍ਰਹਿ ਵਿੱਚ ਇਸਤਰੀ ਮਨੋਵਿਗਿਆਨ ਨੂੰ ਬਿਆਨਦੀਆਂ ਕਵਿਤਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਅਗਲਾ ਪਰਚਾ ਕਵੀ ਤੇ ਆਲੋਚਕ ਬਲਜਿੰਦਰ ਸੰਘਾ ਨੇ ਪੜ੍ਹਿਆ। ਉਸ ਨੇ ਵਿਸ਼ੇਸ਼ ਤੌਰ ’ਤੇ ਪੁਸਤਕ ਦੇ ਪਿਛਲੇ ਤਿੰਨ ਭਾਗਾਂ, ‘ਝੱਲੀਆਂ ਜਿਹੀਆਂ ਕੁੜੀਆਂ’, ‘ਮਸਲੇ’ ਤੇ ‘ਤਾਣਾ-ਬਾਣਾ’ ’ਤੇ ਆਧਾਰਿਤ ਗੱਲ ਕੀਤੀ ਅਤੇ ਦੱਸਿਆ ਕਿ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨਾਰੀਵਾਦ ਵਿੱਚ ਔਰਤ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਹੋਰ ਵੱਖਰਾ ਰਾਹ ਪੈਦਾ ਕਰਦੀਆਂ ਹਨ। ਮਸਲਨ ‘ਮੇਰੇ ਮੋਢਿਆਂ ’ਤੇ ਘਰ ਦੀ ਇੱਜ਼ਤ ਦਾ ਭਾਰ ਸੀ... ਰੂੜੀਵਾਦੀ ਘੇਰੇ ਟੁੱਟ ਸਕਦੇ ਨੇ ਜਦੋਂ ਮਾਂ ਸਾਥ ਦੇਂਦੀ ਹੈ, ਭਰਾ ਨਾਲ ਖੜ੍ਹਦੇ ਹਨ।” ਸੰਸਾਰਵਾਦ ਤੇ ਮਾਰਕਸਵਾਦ ਦੀ ਧਾਰਾ ਦੇ ਸੰਦਰਭ ਵਿੱਚ ਕਵਿਤਾਵਾਂ ਦਾ ਮੁਲਾਂਕਣ ਕਰਦਿਆਂ ਉਸ ਨੇ ‘ਪਰਿਵਾਰਕ ਸਮਝੌਤਾਵਾਦ’ ਨੂੰ ਨਾਰੀਵਾਦ ਦੇ ਇੱਕ ਹੋਰ ਹੱਲ ਵਜੋਂ ਲਿਆ ਜਾਣਾ ਦਰਸਾਇਆ। ਗੁਰਦੀਸ਼ ਗਰੇਵਾਲ ਅਨੁਸਾਰ ਸੰਦੀਪ ਕੌਰ ‘ਰੂਹਵ’ ਵਿਲੱਖਣ ਸ਼ਾਇਰਾ ਹੈ ਜਿਸ ਨੇ ਆਪਣੀਆਂ ਪਗਡੰਡੀਆਂ ਆਪ ਬਣਾਈਆਂ ਹਨ। ਪੇਪਰਾਂ ਦੀ ਪੇਸ਼ਕਾਰੀ ਉਪਰੰਤ ਸਭਾ ਦੇ ਕਾਰਜਕਾਰੀ ਮੈਂਬਰਾਂ ਵੱਲੋਂ ਕਿਤਾਬ ਲੋਕ ਅਰਪਣ ਕੀਤੀ ਗਈ।
ਸੰਦੀਪ ਕੌਰ ‘ਰੂਹਵ’ ਨੇ ਆਪਣੇ ਸੰਬੋਧਨ ਵਿੱਚ ਲੇਖਕ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਕਿਆਸ ਹੀ ਨਹੀਂ ਸੀ ਕਿ ਮੇਰੀ ਪਹਿਲੀ ਕਿਤਾਬ ਦਾ ਲੋਕ ਅਰਪਣ ਐਨਾ ਭਾਵਪੂਰਤ ਹੋਵੇਗਾ। ਉਸ ਨੇ ਸਰੋਤਿਆਂ ਨਾਲ ‘ਝੱਲੀਆਂ ਜਿਹੀਆਂ ਕੁੜੀਆਂ ਨਾਂ ਦੀ ਕਵਿਤਾ ਸਾਂਝੀ ਕੀਤੀ। ਸੰਦੀਪ ਦੀ ਸੱਸ ਨੇ ਆਪਣੀ ਨੂੰਹ ਨੂੰ ਉਹਦੀ ਕਿਤਾਬ ਛਪਣ ’ਤੇ ਦਿਲ ਖੋਲ੍ਹ ਕੇ ਵਧਾਈ ਤੇ ਪਿਆਰ ਦਿੱਤਾ। ਦਵਿੰਦਰ ਕੌਰ ਨੇ ਵੀ ਉਸ ਨੂੰ ਪਹਿਲਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਣ ’ਤੇ ਵਧਾਈ ਦਿੱਤੀ।