ਸੰਘਰਸ਼ਸ਼ੀਲ ਜੀਵਨ ਦੀ ਗਾਥਾ ਪੂਰਨ ਸਿੰਘ ਨਾਰੰਗਵਾਲ
ਡਾ. ਗੁਲਜ਼ਾਰ ਸਿੰਘ ਪੰਧੇਰ
ਪੂਰਨ ਸਿੰਘ ਨਾਰੰਗਵਾਲ ਨੇ ਖੇਤ ਮਜ਼ਦੂਰ ਪਰਿਵਾਰ ਵਿਚ ਪੈਦਾ ਹੋ ਕੇ ਮਜ਼ਦੂਰਾਂ ਦੇ ਰਾਜ ਦਾ ਸੁਫ਼ਨਾ ਸੰਜੋਇਆ ਸੀ। ਉਨ੍ਹਾਂ ਦੇ ਬਾਬਾ ਜੀ ਵਜੀਰਾ ਮੱਲ ਸਨ ਜਿਨ੍ਹਾਂ ਦਾ ਕਸੂਰ (ਅੱਜ ਕੱਲ੍ਹ ਪਾਕਿਸਤਾਨ ਵਿਚ) ਵਿਚ ਕਸੂਰੀ ਜੁੱਤੀਆਂ ਦਾ ਵਪਾਰ ਸੀ ਤੇ ਉਹ ‘ਆਦਿ ਧਰਮ ਮੰਡਲ’ ਦੇ ਆਗੂ ਸਨ। ਇਸ ਦਾ ਜ਼ਿਕਰ ਬਲਬੀਰ ਮਾਧੋਪੁਰੀ ਦੀ ਪੁਸਤਕ ‘ਮਿੱਟੀ ਬੋਲ ਪਈ’ ਵਿਚ ਮੰਗੂ ਰਾਮ ਮੂੰਗੋਵਾਲੀਆ ਨਾਲ ਆਉਂਦਾ ਹੈ। ਆਜ਼ਾਦੀ ਦੀ ਲੜਾਈ ਵਿਚ ਇਸ ਸੰਸਥਾ ਦਾ ਬਹੁਤ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਣ ਸਿੰਘ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ। ਉਨ੍ਹਾਂ ਦਾ ਜਨਮ 11 ਨਵੰਬਰ 1929 ਨੂੰ ਪ੍ਰਸਿੱਧ ਪਿੰਡ ਨਾਰੰਗਵਾਲ (ਜ਼ਿਲ੍ਹਾ ਲੁਧਿਆਣਾ) ਵਿਖੇ ਹੋਇਆ।
ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਗੁਜਰਵਾਲ ਤੋਂ ਦਸਵੀਂ ਜਮਾਤ ਪਹਿਲੇ ਨੰਬਰ ’ਤੇ ਆ ਕੇ ਚੰਗੇ ਨੰਬਰਾਂ ਵਿਚ ਪਾਸ ਕੀਤੀ। ਜਵਾਨੀ ਵਿਚ ਉਹ ‘ਫੂਡ ਗਰੇਨ ਅਫਸਰ’ ਦੀ ਮਿਲੀ ਨੌਕਰੀ ਛੱਡ ਕੇ ਕਮਿਊਨਿਸਟ ਪਾਰਟੀ ਦੇ ਕੁੱਲ ਵਕਤੀ ਵਲੰਟੀਅਰ ਬਣ ਗਏ ਅਤੇ ਲੁਧਿਆਣਾ ਜ਼ਿਲ੍ਹੇ ਵਿਚ ਸਰਗਰਮ ਹੋ ਗਏ। ਉਦੋਂ ਲੁਧਿਆਣਾ ਜ਼ਿਲ੍ਹਾ ਪਾਰਟੀ ਦੇ ਸਕੱਤਰ ਬਾਬਾ ਗੁਰਮੁਖ ਸਿੰਘ ਲਲਤੋਂ ਵਰਗੇ ਉੱਘੇ ਆਜ਼ਾਦੀ ਘੁਲਾਟੀਏ ਅਤੇ ਇਨਕਲਾਬੀ ਸਨ। ਉਨ੍ਹਾਂ ਨਾਲ ਜ਼ਿਲ੍ਹੇ ਵਿਚ ਕੰਮ ਕਰਨ ਦਾ ਮੌਕਾ ਉਨ੍ਹਾਂ ਵਿਚ ਆਪਣੇ ਸੁਫ਼ਨੇ ਪ੍ਰਤੀ ਸਮਰਪਿਤ ਹੋਣ ਲਈ ਹੋਰ ਸਹਾਈ ਹੋਇਆ। ਜਦੋਂ ਪਾਰਟੀ ਰੂਪੋਸ਼ ਹੋਈ ਤਾਂ ਪੂਰਨ ਸਿੰਘ ਵੀ ਰੂਪੋਸ਼ ਹੋ ਗਏ। ਖ਼ੁਸ਼ਹੈਸੀਅਤੀ ਟੈਕਸ ਖਿਲਾਫ਼ ਮੋਰਚੇ ਦੌਰਾਨ ਇਕ ਵਾਰ ਕਾਮਰੇਡ ਭਰਤ ਪ੍ਰਕਾਸ਼ ਅਤੇ ਪੂਰਨ ਸਿੰਘ ਨਾਰੰਗਵਾਲ ਬੱਸ ਵਿਚ ਜਾ ਰਹੇ ਸਨ, ਸੂਹੀਆ ਸੂਹ ਲੈ ਕੇ ਬੱਸ ਵਿਚ ਆ ਗਿਆ ਤਾਂ ਬੱਸ ਵਿਚੋਂ ਉਤਰਦੇ ਸਾਰ ਦੋਵੇਂ ਹੁਲੀਆ ਬਦਲ ਕੇ ਖਿਸਕ ਗਏ।
ਇਹ ਵੀ ਜ਼ਿਕਰਯੋਗ ਹੈ ਕਿ ਕਾਮਰੇਡ ਨਾਰੰਗਵਾਲ ਦੀ ਅਗਵਾਈ ਵਿਚ ਬਾਬਾ ਜਲਵੰਤ ਸਿੰਘ ਮਹਿਮਾਸਿੰਘਵਾਲਾ ਨੇ ਕਿਲ੍ਹਾ ਰਾਏਪੁਰ ਹਲਕੇ ਤੋਂ ਚੋਣ ਲੜੀ; ਪ੍ਰਤਾਪ ਸਿੰਘ ਕੈਰੋਂ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਨ ਆਇਆ। ਬਾਬਾ ਜਲਵੰਤ ਸਿੰਘ ਭਾਵੇਂ ਦੂਸਰੇ ਨੰਬਰ ’ਤੇ ਆਏ ਪਰ ਇਨ੍ਹਾਂ ਆਗੂਆਂ ਨੇ ਪ੍ਰਤਾਪ ਸਿੰਘ ਕੈਰੋਂ ਵਰਗੇ ਆਗੂ ਲਈ ਚੁਣੌਤੀ ਪੈਦਾ ਕਰ ਦਿੱਤੀ ਸੀ। ਨਾਰੰਗਵਾਲ ਜੀ ਦੇ ਕੰਮ-ਢੰਗ ਵਿਚ ਜਨਤਕ ਸੰਪਰਕ, ਯੋਜਨਾਬੰਦੀ ਅਤੇ ਪੁੱਛ-ਪੜਤਾਲ ਦਾ ਖਾਸ ਮੁਕਾਮ ਸੀ। ਉਹ ਬਾਕਾਇਦਾ ਮੀਟਿੰਗ ਕਰ ਕੇ ਹਰ ਕੰਮ ਦੀ ਯੋਜਨਾਬੰਦੀ ਕਰਦੇ ਸਨ। ਉਨ੍ਹਾਂ ਕੋਲ ਡਾਇਰੀ ਹੁੰਦੀ ਸੀ ਜਿਸ ਵਿਚ ਤਜਰਬੇ ਅਤੇ ਕੰਮ ਦਰਜ ਹੁੰਦੇ ਸਨ। ਉਹ ਜਿੱਥੇ ਵੀ ਜਾਂਦੇ, ਡਾਇਰੀ ਵਿਚ ਦਰਜ ਹੁੰਦਾ ਸੀ। ਉਹ ਖ਼ੁਦ ਵੀ ਜਦੋਂ ਪਿੰਡਾਂ ਵਿਚ ਜਾਂਦੇ ਤਾਂ ਜਿੱਥੇ ਕਿਤੇ ਇਕ ਤੋਂ ਜ਼ਿਆਦਾ ਲੋਕ ਮਿਲ ਪੈਂਦੇ ਤਾਂ ਉਨ੍ਹਾਂ ਨੂੰ ਕਮਿਊਨਿਸਟ ਪਾਰਟੀ ਅਤੇ ਸਿਧਾਂਤਾਂ ਬਾਰੇ ਨਿੱਕੇ ਨਿੱਕੇ ਸਵਾਲ ਪੁੱਛਦੇ ਤੇ ਫਿਰ ਆਪ ਹੀ ਜਵਾਬ ਦਿੰਦੇ।
1971-72 ਵਿਚ ਨਾਰੰਗਵਾਲ ਜੀ ਨੂੰ ਪਾਰਟੀ ਦਾ ਜ਼ਿਲ੍ਹਾ ਸਕੱਤਰ ਬਣਾਇਆ ਗਿਆ। ਉਨ੍ਹਾਂ ਦੇ ਜ਼ਿਲ੍ਹਾ ਸਕੱਤਰ ਹੋਣ ਸਮੇਂ ਪਾਰਟੀ ਨੇ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ ਵੱਡੇ ਫਾਰਮਾਂ ਤੋਂ ਵਾਧੂ ਜ਼ਮੀਨ ਕਢਾਉਣ ਲਈ ਮੋਰਚਾ ਲਾਇਆ। ਇਹ ਮੋਰਚਾ ਜ਼ਮੀਨ ’ਤੇ ਕਬਜ਼ਾ ਕਰ ਕੇ ਕਾਸ਼ਤਕਾਰਾਂ ਦਾ ਕਬਜ਼ਾ ਕਰਾਉਣ ਦੀ ਜੀਵਨ-ਮੌਤ ਦੀ ਲੜਾਈ ਦਾ ਸੀ। ਇਸ ਮੋਰਚੇ ਵਿਚ ਨਾਰੰਗਵਾਲ ਜੀ ਨੇ ਜ਼ਿਲ੍ਹਾ ਸਕੱਤਰ ਵਜੋਂ ਸਮੂਹ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਮੈਂਬਰ ਆਪਣੇ ਸਿਰ ’ਤੇ ਕੱਫਨ ਬੰਨ੍ਹ ਕੇ ਫਾਰਮਾਂ ’ਤੇ ਕਬਜ਼ਾ ਕਰਨ ਲਈ ਆਉਣ; ਉਸ ਸਮੇਂ 99% ਮੈਂਬਰਾਂ ਨੇ ਇਸ ਹਦਾਇਤ ’ਤੇ ਅਮਲ ਕਰਦਿਆਂ ਪਾਰਟੀ ਦਾ ਹੁਕਮ ਮੰਨਿਆ। ਨਤੀਜੇ ਵਜੋਂ ਲੁਧਿਆਣਾ ਜਿ਼ਲ੍ਹੇ ਦੇ ਦੋ ਵੱਡੇ ਫਾਰਮਾਂ ਦੇ ਮੋਰਚੇ ਜਿੱਤੇ ਗਏ ਅਤੇ ਜ਼ਮੀਨ ਕਾਸ਼ਤਕਾਰਾਂ ਨੂੰ ਦਿਵਾਈ। ਹੇਡੋਂ ਵਾਲੇ ਮੋਰਚੇ ਵਿਚ ਜਿੱਤ ਪ੍ਰਾਪਤ ਕਰ ਕੇ ਉੱਥੇ ‘ਸੁਤੰਤਰ ਨਗਰ’ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਨਾਂ ’ਤੇ ਵਸਾਇਆ ਗਿਆ ਜੋ ਅੱਜ ਵੀ ਹੈ।
ਨਾਰੰਗਵਾਲ ਜੀ ਨੇ ਖ਼ੁਸ਼ਹੈਸੀਅਤੀ ਮੋਰਚੇ ਦੌਰਾਨ ਚਾਰ ਮਹੀਨੇ ਦੀ ਜੇਲ੍ਹ ਕੱਟੀ। ਉਸ ਸਮੇਂ ਜਦੋਂ ਉਨ੍ਹਾਂ ਦੀ ਮੁਲਾਕਾਤ ਵਾਸਤੇ ਉਨ੍ਹਾਂ ਦੀ ਪਤਨੀ ਹਰਭਜਨ ਕੌਰ ਗਏ ਤਾਂ ਬਾਲ ਸਰਬਜੀਤ (ਅੱਜ ਕੱਲ੍ਹ ਡਾ. ਸਰਬਜੀਤ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨਾਲ ਸਨ ਤਾਂ ਮੁਲਾਕਾਤ ਵਾਲੀ ਖਿੜਕੀ ਵਿਚੋਂ ਲੰਘ ਕੇ ਬਾਲ ਪਿਤਾ ਨਾਰੰਗਵਾਲ ਦੀ ਗੋਦ ’ਚ ਚਲਿਆ ਗਿਆ ਤਾਂ ਪਹਿਰੇਦਾਰ ਨੇ ਹਮਦਰਦੀ ਕਰਦਿਆਂ ਕਿਹਾ- ‘ਕੋਈ ਨ੍ਹੀਂ ਬੱਚਾ ਹੈ, ਨਾਲੇ ਇਹ ਕਿਹੜਾ ਫ਼ੌਜਦਾਰੀ ਮੁਲਜ਼ਮ ਹੈ, ਇਨਕਲਾਬੀ ਨੂੰ ਉਸ ਦਾ ਬੱਚਾ ਮਿਲ ਰਿਹਾ ਹੈ।’
ਨਾਰੰਗਵਾਲ ਜੀ ਦੀ ਪਤਨੀ ਹਰਭਜਨ ਕੌਰ ਨੇ ਵੀ ਪਾਰਟੀ ਪਰਿਵਾਰ ਵਜੋਂ ਇਸਤਰੀ ਸਭਾ ਵਿਚ ਬਹੁਤ ਕੰਮ ਕੀਤਾ ਤੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਰਹੇ ਤੇ ਕਈ ਵਾਰ ਜੇਲ੍ਹ ਗਏ। ਨਾਰੰਗਵਾਲ ਜੀ ਹੋਰ ਵੀ ਕਈ ਵਾਰ ਹੋਰ ਮੋਰਚਿਆਂ ਵਿਚ ਜੇਲ੍ਹ ਗਏ। ਉਨ੍ਹਾਂ ਦੇ ਚਾਰ ਪੁੱਤਰ ਹਨ: ਕੇਵਲਜੀਤ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ ਤੇ ਸਰਬਜੀਤ ਸਿੰਘ। ਵੱਡਾ ਪੁੱਤਰ ਕੇਵਲਜੀਤ ਸਿੰਘ ਏਅਰ ਫੋਰਸ ਵਿਚ ਸੀ ਜਿਨ੍ਹਾਂ ਦੀ ਜੁਆਨ ਉਮਰੇ ਮੌਤ ਹੋ ਗਈ ਸੀ। ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਵਿਦੇਸ਼ ਰਹਿ ਰਹੇ ਹਨ ਅਤੇ ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰੋਫੈਸਰ ਹਨ।
ਆਪਣੇ ਸੁਫ਼ਨੇ ਦੀ ਪੂਰਤੀ ਹਿੱਤ ਪਹਿਲੀ ਹੀ ਪੰਚਾਇਤ ਵਿਚ ਉਹ ਪਿੰਡ ਨਾਰੰਗਵਾਲ ਦੀ ਪੰਚਾਇਤ ਦੇ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਅਤੇ 1980 ਤੱਕ ਰਹੇ। ਉਨ੍ਹਾਂ ਦਾ ਮੁੱਖ ਕਾਰਜ ਖੇਤਰ ਖੇਤ ਮਜ਼ਦੂਰ ਸਭਾ ਰਿਹਾ। 1968 ਵਿਚ ਜਦੋਂ ਭਾਰਤੀਆ ਖੇਤ ਮਜ਼ਦੂਰ ਯੂਨੀਅਨ ਦੀ ਸਥਾਪਨਾ ਮੋਗੇ ਹੋਈ ਤਾਂ ਉਹ ਮੁਢਲੇ ਆਗੂਆਂ ਵਿਚੋਂ ਸਨ। 1979 ਵਿਚ ਦਿੱਲੀ ਵਿਖੇ ਵੱਡੇ ਖੇਤ ਮਜ਼ਦੂਰ ਮੁਜ਼ਾਹਰੇ ਵਿਚ 10,000 ਵਾਲੰਟੀਅਰ ਪੰਜਾਬ ਵਿਚੋਂ ਇਨ੍ਹਾਂ ਦੀ ਅਗਵਾਈ ਵਿਚ ਪਹੁੰਚੇ। ਉਹ ਭਾਰਤੀ ਕਮਿਊਨਿਸਟ ਪਾਰਟੀ (ਪੰਜਾਬ) ਦੇ ਐਗਜ਼ੈਕਟਿਵ ਦੇ ਮੈਂਬਰ ਰਹੇ ਅਤੇ ਅੱਠ ਸਾਲ ਲੁਧਿਆਣਾ ਜਿ਼ਲ੍ਹੇ ਦੇ ਸਕੱਤਰ ਰਹੇ। ਅਸੀਂ ਆਖ ਸਕਦੇ ਹਾਂ ਕਿ ਨਾਰੰਗਵਾਲ ਜੀ ਤਾਉਮਰ ਜ਼ਮੀਨ ਨਾਲ ਜੁੜੇ ਹੋਏ ਆਗੂ ਰਹੇ। ਵੱਡੀ ਉਮਰ ਦੇ ਬਾਵਜੂਦ ਆਪਣੇ ਪਿੰਡ ਅਤੇ ਇਲਾਕੇ ਦੇ ਖੇਤ ਮਜ਼ਦੂਰਾਂ ਅਤੇ ਨਰੇਗਾ ਕਾਮਿਆਂ ਦੇ ਹੱਕ ਵਿਚ ਖੜ੍ਹਦੇ ਤੇ ਲੜਦੇ ਰਹੇ। ਪਿੰਡ ਵਿਚ ਭਾਈ ਰਣਧੀਰ ਸਿੰਘ ਟਰੱਸਟ ਵੱਲੋਂ ਚਲਦੀ ਲਾਇਬਰੇਰੀ ਵਿਚ ਵੀ ਉਹ ਆਪਣੀ ਸੇਵਾ ਦੀ ਡਿਊਟੀ ਨਿਭਾਉਂਦੇ ਰਹੇ। ਉਨ੍ਹਾਂ ਦਾ ਲੋਕਾਂ ਦੀ ਬੰਦ-ਖਲਾਸੀ ਵਿਚ ਗਿਆਨ ਦੀ ਵਡਮੁੱਲੀ ਭੂਮਿਕਾ ਦਾ ਵਿਸ਼ਵਾਸ ਹਮੇਸ਼ਾ ਵਧਦਾ ਗਿਆ। 14 ਜਨਵਰੀ 2024 ਨੂੰ ਲੋਕ ਪਿੰਡ ਨਾਰੰਗਵਾਲ ਵਿਚ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਜੁੜ ਰਹੇ ਹਨ ਤਾਂ ਸਾਰਿਆਂ ਨੂੰ ਅਹਿਸਾਸ ਹੈ ਕਿ ਉਨ੍ਹਾਂ ਦਾ ਸੰਘਰਸ਼ਮਈ ਜੀਵਨ ਅਤੇ ਵਿਚਾਰ ਹਮੇਸ਼ਾ ਲਈ ਪ੍ਰੇਰਨਾਮਈ ਬਣੇ ਰਹਿਣਗੇ।
ਸੰਪਰਕ: 70099-66188