ਕਹਾਣਿਆਂ
ਮਾਸਟਰ ਦਾ ਜਾਦੂ
ਸਤਨਾਮ ਸ਼ਾਇਰ
‘‘ਬਾਬਾ ਤਾਂ ਬੜਾ ਚਮਤਕਾਰੀ ਆ ਮਾਸਟਰਾ...। ਉਹਦੇ ’ਥੌਲੇ ’ਚ ਜਾਦੂ ਆ ਜਾਦੂ... ਉਹਦੇ ਪ੍ਰਸ਼ਾਦ ਦੀ ਚੂੰਢੀ ਮੈਂ ਦੁਖਦੀ ਜਾੜ੍ਹ ਥੱਲੇ ਰੱਖੀ... ਕੀ ਪੁੱਛਦੈਂ ਮਿੰਟਾਂ-ਸਕਿੰਟਾਂ ’ਚ ਦਰਦ ਛੂ-ਮੰਤਰ...,’’ ਬੋਹੜ ਸਿੰਘ ਡੇਕ ਹੇਠ ਬੈਠੇ ਚਰਨਜੀਤ ਮਾਸਟਰ ਨੂੰ ਦੱਸ ਰਿਹਾ ਸੀ, ‘‘ਕੀ ਦੱਸਾਂ ਮਾਸਟਰਾ! ਚਾਰ ਰਾਤਾਂ ਮੈਂ ਸੁੱਤਾ ਨਹੀਂ, ਜਾੜ੍ਹ ’ਚ ਚੀਸਾਂ ਪੈਂਦੀਆਂ ਸੀ...। ਧੰਨ ਨੇ ਬਾਬਾ ਜੀ, ਜੈ ਬਾਬਾ ਜੀ ਦੀ,” ਬੋਹੜ ਨੇ ਉੱਚੀ ਦੇਣੇ ਬਾਬੇ ਦੇ ਨਾਂ ਦਾ ਜੈਕਾਰਾ ਛੱਡਿਆ।‘‘ਬੋਹੜ, ਤੇਰੇ ਬਾਬੇ ਨੇ ’ਥੌਲਾ ਪਾ ਕੇ ਤੈਨੂੰ ਜਾੜ੍ਹ ਥੱਲੇ ਰੱਖਣ ਨੂੰ ਕਿਸ ਚੀਜ਼ ਦੀ ਚੂੰਢੀ ਦਿੱਤੀ ਸੀ...?’’ ‘‘ਯਾਰ, ਚਿੱਟਾ ਜਿਹਾ ਪਾਊਡਰ ਵਰਗਾ ਸੀ ਕੁਝ... ਤੇ ਉੱਤੇ ਲੌਂਗ ਰੱਖ ਕੇ ਬਾਬਾ ਜੀ ਮੈਨੂੰ ਕਹਿੰਦੇ, ‘ਭਗਤਾ! ਇਹਨੂੰ ਦੁਖਦੀ ਜਾੜ੍ਹ ਥੱਲੇ ਰੱਖ ਲੈ’।”
ਚਰਨਜੀਤ ਸਿੰਘ ਪੇਸ਼ੇ ਵਜੋਂ ਪੰਜਾਬੀ ਦਾ ਅਧਿਆਪਕ ਸੀ। ਉਹ ਬੋਹੜ ਸਿੰਘ ਨੂੰ ਜ਼ਿਆਦਾ ਕੁਝ ਨਾ ਬੋਲਿਆ ਤੇ ਮੁਸਕਰਾਇਆ। ‘‘ਠੀਕ ਹੈ’’ ਕਹਿ ਕੇ ਸਿਰ ਹਿਲਾ ਦਿੱਤਾ। ਚਰਨਜੀਤ ਸੋਚਣ ਲੱਗਾ, ‘ਬੋਹੜ ਵਹਿਮੀ ਬੰਦਾ ਏ...। ਇਸ ਦੀਆਂ ਅੱਖਾਂ ਤੋਂ ਅੰਧ-ਵਿਸ਼ਵਾਸ ਦਾ ਪਰਦਾ ਚੁੱਕਣਾ ਤੇ ਇਸ ਨੂੰ ਇਸ ਪਿਛਲਾ ਵਿਗਿਆਨਕ ਤਰਕ ਸਮਝਾਉਣਾ ਚਾਹੀਦਾ ਹੈ।’ ਬੋਹੜ ਤੇ ਚਰਨਜੀਤ ਮਾਸਟਰ ਦੀ ਕੰਧ ਸਾਂਝੀ ਸੀ। ਦੋਵੇਂ ਆਂਢੀ-ਗੁਆਂਢੀ... ਸੁਖ-ਦੁਖ ਦੇ ਸਾਥੀ...।
ਸਮਾਂ ਬੀਤਿਆ... ਗਰਮੀਆਂ ਦੇ ਦਿਨ,ਰਾਤ ਦੇ ਸਾਢੇ ਕੁ ਅੱਠ ਵਜੇ ਦਾ ਸਮਾਂ।
ਬੋਹੜ ਸਿੰਘ ਦਾ ਪੁੱਤ ਗਗਨਾ ਜਾੜ੍ਹ ਦੇ ਦਰਦ ਨਾਲ ਉੱਚੀ-ਉੱਚੀ ਰੋ ਰਿਹਾ ਸੀ। ਗੱਲ੍ਹ ਦਾ ਇੱਕ ਪਾਸਾ ਸੁੱਜ ਗਿਆ। ਨਿਆਣਾ ਦੋ ਪੈਰਾਸੀਟਾਮੋਲ ਖਾ ਗਿਆ, ਪਰ ਜਾੜ੍ਹ ਦਾ ਦਰਦ ਨਾ ਘਟਿਆ। ਗਗਨ ਦੇ ਰੋਣ ਦੀ ਆਵਾਜ਼ ਸੁਣ ਕੇ ਚਰਨਜੀਤ ਮਾਸਟਰ ਵੀ ਆ ਗਿਆ ਤੇ ਨਾਲ ਉਸ ਦੀ ਘਰਵਾਲੀ ਵੀ...।
‘‘ਬੋਹੜ, ਕੀ ਹੋਇਆ ਗਗਨ ਨੂੰ... ਇਹ ਰੋ ਕਿਉਂ ਰਿਹਾ ਏ?’’
‘‘ਮਾਸਟਰਾ, ਜਾੜ੍ਹ ਨਹੀਂ ਦੁਖਣੋਂ ਹਟਦੀ...। ਦੋ ਗੋਲੀਆਂ ਫੱਕ ਗਿਆ... ਹਾਲੇ ਹੋਰ ਮੰਗ ਰਿਹਾ ਆ।’’
ਬੋਹੜ ਦੀ ਘਰਵਾਲੀ ਰਾਣੋ ਪੁੱਤ ਦਾ ਸਿਰ ਬੁੱਕਲ ’ਚ ਰੱਖੀ ਬੈਠੀ ਸੀ ਤੇ ਗਗਨਾ ਦਰਦ ਨਾਲ ਲੱਤਾਂ ਬਾਹਾਂ ਮਾਰ ਰਿਹਾ ਸੀ।
‘‘ਮਾਸਟਰਾ, ਗਗਨੇ ਨੂੰ ਬਾਬਾ ਜੀ ਕੋਲ ਨਾ ਲੈ ਕੇ ਚੱਲੀਏ!’’ ‘‘ਆ ਜਾ ਚੱਲੀਏ,’’ ਉਸ ਨੇ ਆਪਣੇ ਰੋਂਦੇ ਪੁੱਤ ਦੀ ਬਾਂਹ ਫੜੀ।
ਚਰਨਜੀਤ ਮਾਸਟਰ ਬੋਲਿਆ, ‘‘ਬੋਹੜ, ਤੂੰ ਟੈਨਸ਼ਨ ਨਾ ਲੈ... ਤੇਰੇ ਬਾਬੇ ਆਲਾ ਚਮਤਕਾਰ ਤਾਂ ਮੈਨੂੰ ਵੀ ਆਉਂਦੈ।’’
‘‘ਮਾਸਟਰਾ, ਕਿਉਂ ਸਾਧਾਂ ਨੂੰ ਮਖੌਲ ਕਰਦੈਂ!’’
‘‘ਭਾਬੀ, ਆਪਣੇ ਫਟਕੜੀ ਤੇ ਲੌਂਗ ਹੋਊ?’’ ਮਾਸਟਰ ਨੇ ਰਾਣੋ ਨੂੰ ਪੁੱਛਿਆ।‘‘ਹਾਂ ਜੀ ਬਾਈ, ਹੈਗਾ...।’’ ਇੰਨਾ ਆਖ ਰਾਣੋ ਰਸੋਈ ਵਿੱਚ ਚਲੀ ਗਈ।‘‘ਮਾਸਟਰਾ, ਇਹ ਕੀ ਕਮਲ ਮਾਰੀ ਜਾਨੈ... ਵੇਖ ਤਾਂ ਲੈ ਏਧਰ ਛੋਹਰ ਦੀ ਹਾਲਤ ਖਰਾਬ ਹੋਈ ਜਾਂਦੀ ਆ।’’
‘‘ਭਾਬੀ, ਫਟਕੜੀ ਨੂੰ ਚੰਗੀ ਤਰ੍ਹਾਂ ਪੀਸ ਲਿਓ...,’’ ਮਾਸਟਰ ਨੇ ਰਸੋਈ ’ਚ ਖੜ੍ਹੀ ਰਾਣੋ ਨੂੰ ਕਿਹਾ। ਪੀਸੀ ਹੋਈ ਫਟਕੜੀ ਵੇਖ ਬੋਹੜ ਬੋਲਿਆ, ‘‘ਇਹ ਤਾਂ ਜਵਾਂ ਬਾਬਾ ਜੀ ਦੇ ਪਾਊਡਰ ਵਰਗਾ ਬਣ ਗਿਆ।’’
‘‘ਵੇਖੀਂ ਫੇਰ ਮੇਰਾ ਵੀ ਜਾਦੂ...।’’ ਚਰਨਜੀਤ ਮਾਸਟਰ ਬੋਲਿਆ।
‘‘ਗਗਨ ਪੁੱਤ, ਇਸ ਪਾਊਡਰ ਤੇ ਲੌਂਗ ਨੂੰ ਦੁਖਦੀ ਜਾੜ੍ਹ ਹੇਠ ਰੱਖ ਲੈ।’’
ਉਸ ਨੇ ਉਸੇ ਤਰ੍ਹਾਂ ਕੀਤਾ। ਗਗਨੇ ਨੂੰ ਕੁਝ ਰਾਹਤ ਮਹਿਸੂਸ ਹੋਈ।
ਬੋਹੜ ਹੈਰਾਨ ਹੋਇਆ, ‘‘ਮਾਸਟਰਾ, ਇਹ ਜਾਦੂ ਤੂੰ ਕਿੱਥੋਂ ਸਿੱਖਿਆ...?’’ ‘‘ਬੋਹੜ ਸਿੰਹਾ, ਮੈਂ ਕੋਈ ਜਾਦੂ ਨਹੀਂ ਕੀਤਾ...। ਵਿਗਿਆਨ ਕਹਿੰਦਾ ਏ ਕਿ ਫਟਕੜੀ ਬੜੀ ਗੁਣਕਾਰੀ ਏ, ਇਹ ਐਂਟੀਬਾਇਓਟਿਕ ਹੋਣ ਕਰਕੇ ਹੋਰ ਵੀ ਕਈ ਰੋਗਾਂ ਨੂੰ ਦੂਰ ਕਰਨ ਲਈ ਵਰਤੀ ਜਾਂਦੀ ਏ।”
‘‘ਬਾਬਾ ਤਾਂ .. ਬੁੱਧੂ ਬਣਾ ਰਿਹਾ ਲੋਕਾਂ ਨੂੰ। ਹੁਣ ਮੈਂ ਸਮਝਿਆ, ਇਹਦੇ ਪਿੱਛੇ ਵੀ ਸਾਇੰਸ ਆ...। ਮਾਸਟਰਾ, ਅੱਜ ਮੇਰਾ ਵਹਿਮ ਦੂਰ ਹੋ ਗਿਆ। ਮਾਸਟਰ ਚਰਨਜੀਤ ਸਿੰਘ ਦੀ ਜੈ...।’’ ਬੋਹੜ ਸਿੰਘ ਨੇ ਸ਼ੁਕਰੀਆ ਕਰਨ ਦੇ ਲਹਿਜੇ ’ਚ ਕਿਹਾ।
ਸੰਪਰਕ: 98787-15593
* * *
ਮੈਂ ਪੈਸੇ ਕਿੱਥੋਂ ਦਿਆਂ?
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮੈਨੂੰ ਪੂਰੀ ਹੋਸ਼ ਸੀ ਜਦੋਂ ਪਿੰਡ ਰਹਿੰਦਿਆਂ ਅਕਸਰ ਹੀ ਅਸੀਂ ਤਾਏ ਜਗਮੇਲ ਸਿੰਘ ਦੇ ਘਰ ਖੇਡਣ ਚਲੇ ਜਾਂਦੇ ਸੀ। ਸੁੱਖ ਨਾਲ ਟੱਬਰ ਸਾਡਾ ਵੀ ਵਾਹਵਾ ਵੱਡਾ ਸੀ ਤੇ ਉਨ੍ਹਾਂ ਦਾ ਵੀ। ਉਦੋਂ ਜ਼ਮਾਨਾ ਹੀ ਇਹੋ ਜਿਹਾ ਸੀ ਕਿ ਭੂਆ ਤੇ ਚਾਚੇ ਜਿੱਡੇ ਹੀ ਭਤੀਜੇ ਭਤੀਜੀਆਂ ਹੁੰਦੇ ਸਨ। ਇਕੱਠਿਆਂ ਨੇ ਖੇਡਣਾ। ਜਿੱਥੋਂ ਖਾਣ ਨੂੰ ਮਿਲ ਜਾਣਾ ਉੱਥੋਂ ਹੀ ਖਾ ਲੈਣਾ। ਕੋਈ ਪਰਵਾਹ ਨਹੀਂ ਸੀ ਹੁੰਦੀ। ਬੇਸ਼ੱਕ, ਜਗਮੇਲ ਸਿੰਘ ਨਾ ਤਾਂ ਸਾਡੇ ਸ਼ਰੀਕੇ ਵਿੱਚੋਂ ਸੀ ਤੇ ਨਾ ਹੀ ਸਾਡੀ ਬਰਾਦਰੀ ਦਾ। ਇੰਨਾ ਜ਼ਰੂਰ ਸੀ ਕਿ ਉਹ ਵੀ ਸੰਤਾਲੀ ਦੀ ਵੰਡ ਸਮੇਂ ਪਾਕਿਸਤਾਨ ’ਚੋਂ ਉੱਜੜ ਕੇ ਆਏ ਸਨ ਤੇ ਸਾਡਾ ਪਰਿਵਾਰ ਵੀ ਉਧਰੋਂ ਉੱਜੜ ਕੇ ਆਇਆ ਸੀ। ਜਿਉਂ ਜਿਉਂ ਅਲਾਟਮੈਂਟਾਂ ਹੋਈਆਂ ਉਵੇਂ ਹੀ ਇੱਧਰ ਵਸਦੇ ਗਏ। ਸਾਡਾ ਤਾਂ ਪਿੰਡ ਸਾਰਾ ਹੀ ਮੁਸਲਮਾਨਾਂ ਦਾ ਹੁੰਦਾ ਸੀ ਜਿਸ ਕਰਕੇ ਉਹ ਘਰ ਖਾਲੀ ਕਰਕੇ ਚਲੇ ਗਏ ਸੀ। ਉਨ੍ਹਾਂ ਦੇ ਖਾਲੀ ਘਰਾਂ ਵਿੱਚ ਸਾਡੇ ਪਰਿਵਾਰਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਬਸ ਹੌਲੀ-ਹੌਲੀ ਕਰਕੇ ਇੱਕ ਦੂਜੇ ਨਾਲ ਵਰਤ-ਵਰਤਾਰਾ ਸ਼ੁਰੂ ਹੋ ਗਿਆ। ਸਾਡੇ ਸਾਰੇ ਭੈਣ ਭਰਾ ਉਸ ਨੂੰ ਤਾਇਆ ਕਹਿ ਕੇ ਬੁਲਾਉਂਦੇ ਹੁੰਦੇ ਸੀ। ਸਾਡੀ ਤਾਈ ਗੁਰੋ ਦਾ ਸੁਭਾਅ ਵੀ ਬਹੁਤ ਵਧੀਆ ਹੁੰਦਾ ਸੀ। ਉਸ ਨੇ ਕਦੇ ਕਦਾਈਂ ਡੁੱਲ੍ਹੇ ਵਿਗੜੇ ਤੋਂ ਆਪਣੇ ਜਵਾਕਾਂ ਨੂੰ ਝਿੜਕ ਲੈਣਾ, ਪਰ ਸਾਨੂੰ ਨਹੀਂ। ਉਨ੍ਹਾਂ ਦੇ ਜਵਾਕ ਵੀ ਪੜ੍ਹਨ ਨਹੀਂ ਜਾਂਦੇ ਸੀ ਤੇ ਅਸੀਂ ਵੀ ਨਹੀਂ। ਇੱਕ ਤਾਂ ਪਿੰਡ ਬਾਰਡਰ ’ਤੇ ਸੀ, ਦੂਜਾ ਸਕੂਲ ਵੀ ਨਾ ਹੋਇਆਂ ਵਰਗਾ ਹੁੰਦਾ ਸੀ। ਮੇਰੇ ਅੱਖੀਂ ਵੇਖਣ ਦੀ ਗੱਲ ਹੈ ਕਿ ਸਕੂਲ ਵੰਡ ਤੋਂ ਪਹਿਲਾਂ ਦੀ ਇੱਕ ਢੱਠੀ ਜਿਹੀ ਮਸਜਿਦ ਵਿੱਚ ਹੁੰਦਾ ਸੀ ਜਿੱਥੇ ਇੱਕ ਅੱਧਾ ਮਾਸਟਰ ਜਾਂ ਭੈਣ ਜੀ ਟੁੱਟੀ ਜਿਹੀ ਕੁਰਸੀ ’ਤੇ ਬੈਠੇ ਹੁੰਦੇ ਸੀ। ਪੰਜ ਸੱਤ ਜਵਾਕ ਲਿੱਬੜੇ ਤਿਬੜੇ ਪੜ੍ਹਨ ਆਉਂਦੇ ਸੀ। ਸਾਡੇ ਵੱਡਿਆਂ ਨੇ ਕਹਿਣਾ ਕਿ ਇਨ੍ਹਾਂ ਜਵਾਕਾਂ ਨੂੰ ਕੰਮ ਧੰਦੇ ਲਾਇਆ ਕਰੋ, ਇਨ੍ਹਾਂ ਨੇ ਪੜ੍ਹ ਕੇ ਕਿਹੜਾ ਡੀਸੀ ਲੱਗਣਾ ਹੈ। ਪਰ ਜਗਮੇਲ ਸਿੰਘ ਆਪ ਖ਼ੁਦ ਉਰਦੂ ਦੀਆਂ ਅੱਠ-ਨੌਂ ਜਮਾਤਾਂ ਪੜ੍ਹਿਆ ਹੋਇਆ ਸੀ ਜਿਸ ਕਰਕੇ ਉਸ ਨੇ ਆਪਣੇ ਸਾਰੇ ਹੀ ਜਵਾਕ ਸਕੂਲੇ ਪੜ੍ਹਨੇ ਲਾ ਦਿੱਤੇ। ਹੌਲੀ ਹੌਲੀ ਪਿੰਡ ਵਾਲਿਆਂ ਨੇ ਸਕੂਲ ਦੀ ਇੱਕ ਇਮਾਰਤ ਵੀ ਬਣਵਾ ਦਿੱਤੀ। ਕੋਈ ਮੰਤਰੀ ਆਇਆ ਤੇ ਉਸ ਨੇ ਸਕੂਲ ਨੂੰ ਪ੍ਰਾਇਮਰੀ ਤੋਂ ਮਿਡਲ ਬਣਾ ਦਿੱਤਾ।ਅੱਜ ਹੋਰ ਤੇ ਕੱਲ੍ਹ ਹੋਰ। ਜਿਹੜੇ ਜਵਾਕਾਂ ਨੂੰ ਪਿੱਛੋਂ ਡੰਡਿਆਂ ਦਾ ਡਰ ਸੀ ਉਹ ਪੜ੍ਹ ਲਿਖ ਗਏ ਤੇ ਜਿਨ੍ਹਾਂ ਨੂੰ ਨਹੀਂ ਸੀ ਉਹ ਡੰਗਰ ਚਾਰਨ ਲੱਗ ਪਏ। ਜਗਮੇਲ ਸਿੰਘ ਨੇ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਤਿੰਨਾਂ ਧੀਆਂ ਤੇ ਤਿੰਨਾਂ ਪੁੱਤਰਾਂ ਨੂੰ ਚੰਗਾ ਪੜ੍ਹਾ ਲਿਖਾ ਦਿੱਤਾ। ਵੱਡਾ ਮੁੰਡਾ ਪੜ੍ਹ ਲਿਖ ਕੇ ਵੀ ਆਪਣੇ ਪਿਉ ਨਾਲ ਕੰਮ ਕਰਵਾਉਣ ਲੱਗ ਪਿਆ। ਛੋਟੇ ਦੋਵੇਂ ਅੰਮ੍ਰਿਤਸਰ ਕਿਸੇ ਹਸਪਤਾਲ ਵਿੱਚ ਕੋਰਸ ਕਰਨ ਲੱਗ ਪਏ। ਕੁੜੀਆਂ ਵਿਆਹੀਆਂ ਗਈਆਂ, ਆਪੋ ਆਪਣੇ ਘਰ ਚਲੀਆਂ ਗਈਆਂ। ਵੱਡਾ ਮੁੰਡਾ ਬਿੱਲਾ ਆਪਣੇ ਬਾਪੂ ਵਾਲੇ ਕੰਮ ਵਿੱਚ ਮਾਹਿਰ ਹੋ ਗਿਆ, ਪਰ ਉਸ ਨੇ ਸੇਪੀ ਛੱਡ ਕੇ ਨਕਦ ਪੈਸੇ ਲੈ ਕੇ ਕੰਮ ਕਰਨਾ। ਵਿਚਕਾਰਲਾ ਮੁੰਡਾ ਛਿੰਦਾ ਡਾਕਟਰੀ ਦਾ ਕੰਮ ਸਿੱਖ ਕੇ ਆ ਗਿਆ। ਬਾਜ਼ਾਰ ਵਿੱਚ ਇੱਕ ਨਿੱਕਾ ਜਿਹਾ ਕਲੀਨਿਕ ਬਣਾ ਕੇ ਬੈਠ ਗਿਆ। ਬਸ ਉਸ ਦੇ ਬੈਠਣ ਦੀ ਹੀ ਦੇਰ ਸੀ ਕਿ ਮਰੀਜ਼ਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਹੱਥ ਦਾ ਬਹੁਤ ਸਿਆਣਾ ਸੀ, ਪਰ ਪੈਸਿਆਂ ਵਾਲੇ ਆਹੂ ਲਾਹੁਣ ਲੱਗ ਪਿਆ। ਜਗਮੇਲ ਸਿੰਘ ਦੇ ਦਿਨ ਬਦਲਣ ਲੱਗ ਪਏ। ਇੰਨੇ ਨੂੰ ਛੋਟਾ ਮੁੰਡਾ ਰੂਪਾ ਵੀ ਕੋਰਸ ਕਰਕੇ ਭਰਾ ਨਾਲ ਹੱਥ ਵਟਾਉਣ ਲੱਗ ਪਿਆ। ਦੋਹਾਂ ਦੀ ਡਾਕਟਰੀ ਖ਼ੂਬ ਚੱਲੀ। ਸਾਰਿਆਂ ਦੇ ਵਿਆਹ ਹੋ ਗਏ। ਹਰ ਇੱਕ ਬੰਦਾ ਜਗਮੇਲ ਸਿੰਘ ਦੀ ਇੱਜ਼ਤ ਕਰਦਾ, ਪਰ ਜਗਮੇਲ ਸਿੰਘ ਵਿੱਚ ਕੋਈ ਫ਼ਰਕ ਨਹੀਂ ਸੀ ਆਇਆ। ਜਿਵੇਂ ਪਹਿਲਾਂ ਸੀ ਉਵੇਂ ਹੀ ਹੁਣ ਸੀ। ਜਿਵੇਂ ਸਿਆਣੇ ਕਹਿੰਦੇ ਨੇ ਕਿ ਵਪਾਰ ਤੇ ਰੁੱਖ ਦੀ ਵਧਣ ਦੀ ਇੱਕ ਸੀਮਾ ਹੁੰਦੀ ਹੈ, ਇੱਕ ਸਮਾਂ ਆਉਂਦਾ ਹੈ ਜਦੋਂ ਰੁੱਖ ਦਾ ਵਧਣਾ ਬੰਦ ਹੋ ਜਾਂਦਾ ਹੈ, ਇਸੇ ਤਰ੍ਹਾਂ ਵਪਾਰ ਇੱਕ ਦਿਨ ਵਧਣਾ ਬੰਦ ਹੋ ਜਾਂਦਾ ਹੈ। ਉਹੀ ਗੱਲ ਜਗਮੇਲ ਸਿੰਘ ਦੇ ਘਰ ਦੀ ਹੋਈ। ਪਹਿਲਾਂ ਵੱਡਾ ਪੁੱਤਰ ਬਿੱਲਾ ਵੱਖਰਾ ਹੋ ਗਿਆ। ਫਿਰ ਥੋੜ੍ਹੇ ਚਿਰ ਬਾਅਦ ਛਿੰਦਾ ਤੇ ਰੂਪਾ। ਕਿਸੇ ਵੀ ਪੁੱਤਰ ਨੇ ਇਹ ਨਾ ਕਿਹਾ ਕਿ ਬਾਪੂ ਤੂੰ ਸਾਡੇ ਨਾਲ ਰਹਿ। ਜਿਹੜਾ ਸਾਂਝਾ ਘਰ ਸੀ ਉਹ ਬਿੱਲੇ ਨੇ ਲੈ ਲਿਆ ਤੇ ਬਾਕੀ ਡਾਕਟਰਾਂ ਨੇ ਬਾਹਰ ਥਾਂ ਲੈ ਕੇ ਘਰ ਬਣਾ ਲਏ। ਵੰਡ ਕਰਦੇ ਸਮੇਂ ਮੁੰਡਿਆਂ ਦੀ ਆਪਸ ਵਿੱਚ ਕੋਈ ਤਤਕਾਰ ਹੋ ਗਈ ਜਿਸ ਕਰਕੇ ਬਾਪੂ ਨੂੰ ਕਿਸੇ ਨੇ ਵੀ ਨਾਲ ਨਾ ਰੱਖਿਆ। ਹੁਣ ਜਗਮੇਲ ਸਿੰਘ ਬੁੱਢਾ ਵੀ ਹੋ ਚੁੱਕਾ ਸੀ। ਸਾਰਾ ਪੈਸਾ ਧੇਲਾ ਮੁੰਡਿਆਂ ਨੂੰ ਸੈੱਟ ਕਰਨ ’ਤੇ ਲਾ ਦਿੱਤਾ। ਕੁਝ ਕੁੜੀਆਂ ਦੇ ਵਿਆਹਾਂ ’ਤੇ ਖਰਚ ਕਰ ਦਿੱਤਾ। ਜਿਹੜੀ ਦੋ ਕਨਾਲਾਂ ਜ਼ਮੀਨ ਸੀ ਉਹ ਵੀ ਵੇਚ ਚੁੱਕਾ ਸੀ। ਹੁਣ ਦੋਵੇਂ ਜੀਅ ਬੇਸਹਾਰਾ ਹੋ ਕੇ ਆਪਣੀ ਅਖਰੀਲੀ ਜ਼ਿੰਦਗੀ ਕੱਟਣ ਲੱਗ ਪਏ। ਥੋੜ੍ਹਾ ਸਮਾਂ ਹੀ ਬੀਤਿਆ ਕਿ ਜੀਵਨ ਸਾਥਣ ਗੁਰੋ ਤਾਈ ਵੀ ਚੱਲ ਵੱਸੀ। ਹੁਣ ਜਗਮੇਲ ਸਿੰਘ ਸੋਚਣ ਲੱਗਿਆ ਕਿ ਕਿਸ ਨਾਲ ਰਹਾਂਗਾ। ਭੋਗ ਤੋਂ ਬਾਅਦ ਰਿਸ਼ਤੇਦਾਰ ਇਕੱਠੇ ਬੈਠੇ ਸਨ।ਜਗਮੇਲ ਸਿੰਘ ਨੇ ਆਪਣਾ ਪੱਖ ਉਨ੍ਹਾਂ ਅੱਗੇ ਰੱਖ ਦਿੱਤਾ, ‘‘ਮੇਰੇ ਬਾਰੇ ਸੋਚੋ। ਮੈਨੂੰ ਕਿਸ ਨਾਲ ਰਹਿਣ ਵਾਸਤੇ ਕਹਿਣਾ ਜੇ!’’ ਵੱਡੇ ਮੁੰਡੇ ਬਿੱਲੇ ਤੇ ਸਾਰਿਆਂ ਤੋਂ ਨਿੱਕੇ ਮੁੰਡੇ ਰੂਪੇ ਨੇ ਸਾਫ਼ ਜਵਾਬ ਦੇ ਦਿੱਤਾ ਕਿ ਅਸੀਂ ਬੁੱਢੇ ਨੂੰ ਆਪਣੇ ਪਰਿਵਾਰ ਵਿੱਚ ਨਹੀਂ ਰੱਖ ਸਕਦੇ, ਐਵੇਂ ਸਾਰਾ ਦਿਨ ਦਿਨ ਖਹੂ-ਖਹੂ ਕਰਦਾ ਰਹੇਗਾ। ਹੁਣ ਰਹਿ ਗਿਆ ਵਿਚਕਾਰਲਾ ਛਿੰਦਾ ਉਹ ਕਹਿਣ ਲੱਗਾ, ‘‘ਜੇ ਬੁੱਢੇ ਨੇ ਮੇਰੇ ਨਾਲ ਰਹਿਣਾ ਹੈ ਤਾਂ ਮੈਨੂੰ ਖਰਚਾ ਚਾਹੀਦਾ ਹੈ। ਇਸ ਦੇ ਲੀੜੇ ਕੱਪੜੇ ਵੀ ਧੋਣੇ ਨੇ, ਰੋਟੀ ਟੁੱਕ ਵੀ ਦੇਣਾ ਹੈ। ਦਵਾ ਦਾਰੂ ਦਾ ਖਰਚ ਹੋਵੇਗਾ,।’’ ਸਾਰੇ ਰਿਸ਼ਤੇਦਾਰ ਤੇ ਕੁੜੀਆਂ ਉਸ ਦੇ ਮੂੰਹ ਵੱਲ ਵੇਖਣ ਲੱਗੇ ਕਿ ਇਹ ਕੀ ਆਖ ਰਿਹਾ ਹੈ। ‘‘ਹਾਂ, ਮੈਂ ਸਹੀ ਆਖਦਾ ਹਾਂ। ਇਹ ਕੋਈ ਮੇਰੇ ਇਕੱਲੇ ਦਾ ਪਿਉ ਨਹੀਂ ਸਗੋਂ ਆਪਣਾ ਛੇਆਂ ਭੈਣ ਭਰਾਵਾਂ ਦਾ ਹੈ।’’
ਬਜ਼ੁਰਗ ਜਗਮੇਲ ਸਿੰਘ ਰੋਂਦਾ ਹੋਇਆ ਬੋਲਿਆ, ‘‘ਮੈਂ ਪੈਸੇ ਕਿੱਥੋਂ ਲਿਆਵਾਂਗਾ? ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਪੈਸੇ ਕਿੱਥੇ ਹਨ। ਤੁਸੀਂ ਮੈਨੂੰ ਬਿਰਧ ਆਸ਼ਰਮ ਛੱਡ ਆਉ। ਜਿਹੜੇ ਚਾਰ ਦਿਨ ਜ਼ਿੰਦਗੀ ਦੇ ਬਚੇ ਹਨ ਉਹ ਮੈਂ ਰੁਲ ਖੁਲ ਕੇ ਉੱਥੇ ਕੱਟ ਲਵਾਂਗਾ। ਮੈਨੂੰ ਤੁਸੀਂ ਸਾਰੇ ਮੁਆਫ਼ ਕਰ ਦਿਓ। ਰੱਬ ਚੰਗਾ ਹੁੰਦਾ ਤਾਂ ਮੈਨੂੰ ਵੀ ਨਾਲ ਹੀ ਚੁੱਕ ਲੈਂਦਾ, ਆਹ ਦਿਨ ਤਾਂ ਨਾ ਵੇਖਣੇ ਪੈਂਦੇ।’’
ਇੰਨੀ ਗੱਲ ਸੁਣ ਕੇ ਛੋਟਾ ਜਵਾਈ ਬਾਂਹ ਫੜ ਕੇ ਉਸ ਨੂੰ ਨਾਲ ਲੈ ਗਿਆ।ਕਿਸੇ ਵੀ ਪੁੱਤ ਪੋਤੇ ਨੇ ਉਸ ਦੀ ਬਾਂਹ ਨਾ ਛੁਡਾਈ।
ਸੰਪਰਕ: 75891-55501
* * *
ਮੰਤਰ
ਪਰਮਜੀਤ ਕੌਰ
“ਓਏ ਭਗਤੂ, ਤੂੰ ਕੀ ਇੱਕ ਪਾਸੇ ਗੋਡਿਆਂ ਨੂੰ ਸੇਕ ਦੇਈ ਜਾਨੈਂ, ਨਾਲੇ ਮੂੰਹ ’ਚ ਕੀ ਮੰਤਰ ਪੜ੍ਹੀ ਜਾਨੈਂ?’’ ਗੁਰਬਖਸ਼ ਸਿੰਘ ਨੇ ਭਗਤੂ ਨੂੰ ਮਜ਼ਾਕ ਨਾਲ ਕਿਹਾ।
“ਭਰਾਵਾ, ਇਹ ਮਖੌਲ ਦੀ ਗੱਲ ਨਹੀਂ। ਸਾਡੀ ਸੜਕ ਕਦੋਂ ਦੀ ਟੁੱਟੀ ਪਈ ਐ। ਥਾਂ-ਥਾਂ ਵੱਡੇ ਵੱਡੇ ਟੋਏ। ਰੋਜ਼ ਗੋਡੇ ਛਿਲਾ ਘਰ ਪੁੱਜਦੇ ਆਂ,” ਭਗਤੂ ਨੇ ਰੋਸ ਨਾਲ ਜਵਾਬ ਦਿੱਤਾ।
‘‘ਗੱਲ ਤਾਂ ਤੇਰੀ ਠੀਕ ਐ। ਬਹੁਤ ਬੁਰਾ ਹਾਲ ਐ ਸੜਕਾਂ ਦਾ, ਪਰ ਤੂੰ ਮੂੰਹ ’ਚ ਕੀ ਬੋਲੀ ਜਾ ਰਿਹਾ ਏਂ?’’
‘‘ਪੜ੍ਹਨਾ ਕੀ ਐ! ਕੱਲ੍ਹ ਮੈਂ ਮਾਸੀ ਦੇ ਪਿੰਡ ਗਿਆ ਸੀ ਦੇਖਿਆ ਕਿ ਉੱਥੇ ਪਹਿਲਾਂ ਹੀ ਲਿਸ਼ਕਦੀਆਂ ਸੜਕਾਂ ’ਤੇ ਫਟਾ-ਫਟ ਲੁੱਕ ਪਾ ਗਏ। ਪਰਲੂ ਚਲਾਉਣ ਵਾਲੇ ਨੂੰ ਪੁੱਛਿਆ ਕਿ ਸੜਕ ਤਾਂ ਪਹਿਲਾਂ ਈ ਠੀਕ ਐ, ਕਿਤੇ ਟੋਟੇ-ਟੋਟੇ ਹੋਈਆਂ ਦੀ ਵੀ ਮੱਲ੍ਹਮ ਪੱਟੀ ਕਰ ਦੇਵੋ। ਮੇਰੀ ਗੱਲ ਸੁਣ ਕੇ ਕੋਲ ਖੜ੍ਹੇ ਠੇਕੇਦਾਰ ਨੇ ਕਿਹਾ, ‘ਕੱਲ੍ਹ ਨੂੰ ਮੁੱਖ ਮੰਤਰੀ ਦੀ ਫੇਰੀ ਐ ਇੱਧਰ ਦੀ, ਹੋ ਸਕਦਾ ਪ੍ਰਧਾਨ ਮੰਤਰੀ ਵੀ ਲੰਘਣ’। ਤਾਂ ਹੀ ਮੈਂ ਮੰਤਰ ਪੜ੍ਹ ਰਿਹਾਂ ਬਈ ਐਤਕੀਂ ਮੁੱਖ ਮੰਤਰੀ ਸਾਡੇ ਵੱਲੋਂ ਲੰਘੇ, ਐਤਕੀਂ ਪ੍ਰਧਾਨ ਮੰਤਰੀ ਸਾਡੇ ਵੱਲੋਂ ਲੰਘੇ।” ਭੋਲ਼ੇ ਭਗਤੂ ਦੇ ਸਹਿਜ ਸੁਭਾਅ ਕਹੇ ਬੋਲਾਂ ਨੇ ਗੁਰਬਖਸ਼ ਸਿੰਘ ਨੂੰ ਡੂੰਘੀ ਸੋਚ ਵਿੱਚ ਪਾ ਦਿੱਤਾ।
ਸੰਪਰਕ: 83608-15955