For the best experience, open
https://m.punjabitribuneonline.com
on your mobile browser.
Advertisement

ਇਰਾਨ-ਇਜ਼ਰਾਈਲ ਟਕਰਾਅ ਦੀ ਦਸ਼ਾ ਤੇ ਦਿਸ਼ਾ

08:02 AM Oct 08, 2024 IST
ਇਰਾਨ ਇਜ਼ਰਾਈਲ ਟਕਰਾਅ ਦੀ ਦਸ਼ਾ ਤੇ ਦਿਸ਼ਾ
Advertisement

ਕੇ ਸੀ ਸਿੰਘ

ਜਦੋਂ ਇਰਾਨ ਵੱਲੋਂ ਇਜ਼ਰਾਈਲ ’ਤੇ 200 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਤਾਂ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਖ਼ਤਰਨਾਕ ਪੜਾਅ ਵਿੱਚ ਦਾਖ਼ਲ ਹੋ ਗਿਆ। ਤੇਲ ਦੀਆਂ ਵਧੀਆਂ ਕੀਮਤਾਂ ਅਤੇ ਕੌਮਾਂਤਰੀ ਵਪਾਰ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਸਭ ਪਾਸੇ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਅੱਗੋਂ ਕੀ ਹੋਣ ਵਾਲਾ ਹੈ? ਅਜੋਕੇ ਪੱਛਮੀ ਏਸ਼ੀਆ ਅਤੇ ਇਰਾਨ ਉਪਰ ਦੋ ਸਦੀਆਂ ਤੱਕ ਰਾਜ ਕਰਨ ਵਾਲੇ ਫਾਰਸ ਐਕਮੇਨਿਦ ਖ਼ਾਨਦਾਨ ਦੇ ਬਾਨੀ ਨੇ ਅਕਤੂਬਰ 539 ਈਸਾ ਪੂਰਵ ਵਿੱਚ ਬੇਬੀਲੋਨੀਆ ਨੂੰ ਫ਼ਤਹਿ ਕੀਤਾ ਸੀ। ਉਸ ਨੇ ਫਰਾਖਦਿਲੀ ਦਾ ਮੁਜ਼ਾਹਰਾ ਕਰਦਿਆਂ ਬੰਦੀ ਬਣਾਏ ਗਏ ਯਹੂਦੀਆਂ ਨੂੰ ਰਿਹਾਅ ਕਰਵਾਇਆ ਸੀ ਜਿਸ ਸਦਕਾ ਉਹ ਯੇਰੂਸ਼ਲਮ ਵਾਪਸ ਆ ਸਕੇ ਸਨ। ਹੁਣ ਢਾਈ ਦਹਿਸਦੀਆਂ ਬਾਅਦ ਦੋਵਾਂ ਦੇ ਵੰਸ਼ਜ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਹਨ।
1967 ਵਿੱਚ ਸਿਰਫ਼ ਛੇ ਦਿਨ ਜੰਗ ਚੱਲੀ ਸੀ ਜਿਸ ਵਿੱਚ ਇਜ਼ਰਾਈਲ ਨੇ ਪੱਛਮੀ ਕੰਢੇ, ਗੋਲਾਨ ਚੋਟੀਆਂ, ਗਾਜ਼ਾ ਪੱਟੀ ਅਤੇ ਪੂਰਬੀ ਯੇਰੂਸ਼ਲਮ ਉੱਪਰ ਕਬਜ਼ਾ ਕਰ ਲਿਆ ਸੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਪਾਸ ਕੀਤੇ ਗਏ 243 ਅਤੇ 338 ਨੰਬਰ ਮਤਿਆਂ ਸਦਕਾ ਕਰੀਬ ਅੱਧੀ ਸਦੀ ਤੱਕ ਸ਼ਾਂਤੀ ਬਣੀ ਰਹੀ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਜੋ ਹੁਣੇ ਜਿਹੇ 100 ਸਾਲ ਦੇ ਹੋ ਗਏ ਹਨ, ਨੇ 1978 ਵਿੱਚ ਕੈਂਪ ਡੇਵਿਡ ਸੰਧੀ ਕਰਵਾਈ ਸੀ ਜਿਸ ਨਾਲ ਇਜ਼ਰਾਈਲ ਅਤੇ ਮਿਸਰ ਵਿਚਕਾਰ ਸਬੰਧ ਆਮ ਵਾਂਗ ਹੋ ਗਏ ਸਨ। ਤਿੰਨ ਸਾਲਾਂ ਬਾਅਦ ਮਿਸਰ ਦੇ ਸਦਰ ਅਨਵਰ ਸਾਦਾਤ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ 1991 ਵਿੱਚ ਮੈਡਰਿਡ ਸ਼ਾਂਤੀ ਕਾਨਫਰੰਸ ਹੋਈ ਜਿਸ ਸਦਕਾ 1993 ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਯਿਤਜ਼ਾਕ ਰਬੀਨ ਨੇ ਫ਼ਲਸਤੀਨੀ ਆਗੂ ਯਾਸਰ ਅਰਾਫ਼ਾਤ ਨਾਲ ਹੱਥ ਮਿਲਾਏ ਅਤੇ ਓਸਲੋ ਸੰਧੀ ਸਹੀਬੰਦ ਕੀਤੀ ਗਈ।
ਹਾਲਾਂਕਿ ਇੰਝ ਫ਼ਲਸਤੀਨੀ ਕੌਮੀ ਅਥਾਰਿਟੀ ਦੀ ਸਥਾਪਨਾ ਹੋ ਗਈ, ਪਰ ਇਹ ਪੂਰੀ ਤਰ੍ਹਾਂ ਖ਼ੁਦਮੁਖ਼ਤਾਰ ਨਹੀਂ ਸੀ। 1995 ਵਿੱਚ ਪ੍ਰਧਾਨ ਮੰਤਰੀ ਰਬੀਨ ਦੀ ਹੱਤਿਆ ਕਰ ਦਿੱਤੀ ਗਈ ਜਿਸ ਨਾਲ ਸ਼ਾਂਤੀ ਪ੍ਰਕਿਰਿਆ ਨੂੰ ਧੱਕਾ ਲੱਗਿਆ। ਗ਼ੈਰਕਾਨੂੰਨੀ ਇਜ਼ਰਾਇਲੀ ਬਸਤੀਆਂ ਅਤੇ ਨਵੀਆਂ ਚੋਣਾਂ ਕਰਾਉਣ ਜਿਹੇ ਲਟਕਦੇ ਮੁੱਦਿਆਂ ਨੂੰ ਸੁਲਝਾਉਣ ਲਈ ਨਵਾਂ ਸਮਝੌਤਾ ਕਰਨ ਵਾਸਤੇ ਪੰਜ ਸਾਲਾਂ ਲਈ ਫ਼ਲਸਤੀਨੀਆਂ ਦਾ ਸਵੈ-ਸ਼ਾਸਨ ਲਾਗੂ ਕੀਤਾ ਗਿਆ। ਅਗਲੇ ਸਾਲ ਹੀ ਬੈਂਜਾਮਿਨ ਨੇਤਨਯਾਹੂ ਪ੍ਰਧਾਨ ਮੰਤਰੀ ਬਣ ਗਏ ਅਤੇ ਨਾਲ ਹੀ ਅਰਾਫ਼ਾਤ ਦੇ ਫ਼ਤਹਿ ਗਰੁੱਪ ਦੇ ਮੁਕਾਬਲੇ ’ਤੇ ਹਮਾਸ ਦਾ ਉਭਾਰ ਹੋਣ ਨਾਲ ਦੋਵੇਂ ਪਾਸਿਓਂ ਪੁਜ਼ੀਸ਼ਨਾਂ ਸਖ਼ਤ ਹੋਣ ਲੱਗ ਪਈਆਂ।
ਨੇਤਨਯਾਹੂ ਤਿੰਨ ਵਾਰ ਪ੍ਰਧਾਨ ਮੰਤਰੀ ਬਣਿਆ: 1996-99, 2009-21 ਅਤੇ ਦਸੰਬਰ 2022 ਤੋਂ ਲੈ ਕੇ ਹੁਣ ਤੱਕ। ਉਹ ਓਸਲੋ ਸੰਧੀ ਨੂੰ ਦੁਰਕਾਰਦਾ ਰਿਹਾ ਹੈ ਅਤੇ ਫ਼ਲਸਤੀਨੀ ਸਟੇਟ ਨੂੰ ਰੱਦ ਕਰਦਾ ਹੈ। 2005 ਵਿੱਚ ਉਸ ਨੇ ਗਾਜ਼ਾ ਪੱਟੀ ’ਚੋਂ ਇਜ਼ਰਾਇਲੀ ਫ਼ੌਜ ਵਾਪਸ ਬੁਲਾਉਣ ਅਤੇ 8000 ਇਜ਼ਰਾਇਲੀ ਵਸਨੀਕਾਂ ਨੂੰ ਤਬਦੀਲ ਕਰਨ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਏਰੀਅਲ ਸ਼ਰੌਨ ਦੀ ਸਰਕਾਰ ਤੋਂ ਅਸਤੀਫ਼ਾ ਦਿੱਤਾ ਸੀ। ਦੇਖਣ ਨੂੰ ਗਾਜ਼ਾ ’ਚੋਂ ਇਜ਼ਰਾਇਲੀ ਫ਼ੌਜ ਦੀ ਵਾਪਸੀ ਇੱਕ ਹਾਂਦਰੂ ਕਦਮ ਜਾਪਦੀ ਸੀ, ਪਰ ਇਸ ਤੋਂ ਬਾਅਦ ਗਾਜ਼ਾ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਤੱਕ ਆਉਣ ਜਾਣ ਦੇ ਰਸਤੇ, ਇੱਥੋਂ ਤੱਕ ਕਿ ਸਮੁੰਦਰੀ ਕੰਢੇ ਉੱਪਰ ਵੀ ਰੋਕਾਂ ਲਾ ਦਿੱਤੀਆਂ ਗਈਆਂ। ਜਦੋਂ ਗਾਜ਼ਾ ਵਿੱਚ ਹੋਈਆਂ ਚੋਣਾਂ ਵਿੱਚ ਹਮਾਸ ਦੀ ਜਿੱਤ ਹੋ ਗਈ ਤਾਂ ਇਜ਼ਰਾਈਲ ਨੇ ਇਸ ਦਾ ਇਸਤੇਮਾਲ ਕਰਦਿਆਂ ਪੱਛਮੀ ਕੰਢੇ ’ਤੇ ਫ਼ਲਸਤੀਨੀ ਅਥਾਰਿਟੀ ਨੂੰ ਠਿੱਠ ਕੀਤਾ। 2006 ਵਿੱਚ ਪ੍ਰਧਾਨ ਮੰਤਰੀ ਸ਼ਰੌਨ ਨੂੰ ਦੌਰਾ ਪੈਣ ਅਤੇ ਉਨ੍ਹਾਂ ਦੇ ਜਾਨਸ਼ੀਨ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਆਇਦ ਹੋਣ ਕਰ ਕੇ ਨੇਤਨਯਾਹੂ ਨੇ ਆਪਣੀ ਇਹ ਨੀਤੀ ਖੁੱਲ੍ਹ ਕੇ ਅਮਲ ਵਿੱਚ ਲਿਆਂਦੀ।
2001 ਵਿੱਚ ਹੋਏ 9/11 ਹਮਲੇ ਤੋਂ ਬਾਅਦ ਅਮਰੀਕਾ 2003 ਵਿੱਚ ਇਰਾਕ ’ਤੇ ਹਮਲੇ ਵਿੱਚ ਉਲਝ ਗਿਆ ਅਤੇ ਫਿਰ 2011 ਤੋਂ ਲੈ ਕੇ ਅਰਬ ਵਿਦਰੋਹ ਅਤੇ ਸੀਰੀਆ ਦੀ ਖ਼ਾਨਾਜੰਗੀ ਤੋਂ ਲੈ ਕੇ 2014 ਵਿੱਚ ਇਸਲਾਮਿਕ ਖਿਲਾਫ਼ਤ ਦੇ ਐਲਾਨ ਤੱਕ ਇਸ ਸੰਘਰਸ਼ ਵਿੱਚ ਫਸਿਆ ਰਿਹਾ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਨ ਨਾਲ ਰਾਬਤਾ ਬਣਾ ਕੇ ਇਰਾਨ-ਇਜ਼ਰਾਈਲ ਰਿਸ਼ਤਿਆਂ ਦੀ ਖੜੋਤ ਨੂੰ ਤੋੜਨ ਦਾ ਯਤਨ ਕੀਤਾ ਅਤੇ ਆਖ਼ਰਕਾਰ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੀ ਸੁਧਾਈ ਬਾਰੇ ਇੱਕ ਸੰਧੀ ਕਰਾਉਣ ਵਿੱਚ ਕਾਮਯਾਬ ਹੋ ਗਏ। ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸੰਧੀ ਨੂੰ ਪੁੱਠਾ ਗੇੜ ਦੇ ਦਿੱਤਾ ਅਤੇ ਬਿਨਾਂ ਕਿਸੇ ਸ਼ਰਤ ਤੋਂ ਅਮਰੀਕੀ ਦੂਤਾਵਾਸ ਯੇਰੂਸ਼ਲਮ ਤਬਦੀਲ ਕਰ ਕੇ ਇਜ਼ਰਾਈਲ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ਾਂ ਅਤੇ ਨਿਆਂਪਾਲਿਕਾ ਉੱਪਰ ਸ਼ਿਕੰਜਾ ਕੱਸਣ ਦੇ ਦੋਸ਼ਾਂ ਦੇ ਮੱਦੇਨਜ਼ਰ ਨੇਤਨਯਾਹੂ ਨੂੰ ਸੱਤਾ ਗੁਆਉਣੀ ਪੈ ਗਈ। 2022 ਵਿੱਚ ਉਨ੍ਹਾਂ ਅਤਿ ਦੀਆਂ ਕੱਟੜਪੰਥੀ ਅਤੇ ਅਰਬ ਵਿਰੋਧੀ ਰਾਜਨੀਤੀ ਨਾਲ ਗ੍ਰਸੀਆਂ ਪਾਰਟੀਆਂ ਨਾਲ ਸਮਝੌਤਾ ਕਰ ਕੇ ਮੁੜ ਸੱਤਾ ਹਥਿਆ ਲਈ।
ਮਕਬੂਜ਼ਾ ਪੱਛਮੀ ਕੰਢੇ ਦੇ ਖੇਤਰ ਵਿੱਚ ਗ਼ੈਰਕਾਨੂੰਨੀ ਬਸਤੀਆਂ ਦਾ ਫੈਲਾਅ ਕਈ ਗੁਣਾ ਵਧ ਗਿਆ ਅਤੇ ਫ਼ਲਸਤੀਨੀ ਅਥਾਰਿਟੀ ਨੂੰ ਖੋਰਾ ਲੱਗਦਾ ਚਲਿਆ ਗਿਆ। ਗਾਜ਼ਾ ਨੂੰ ਬੱਝਵੇਂ ਰੂਪ ਵਿੱਚ ਗ਼ੁਲਾਮ ਅਤੇ ਬੰਧਕ ਬਣਾ ਦਿੱਤਾ ਗਿਆ। 7 ਅਕਤੂਬਰ 2023 ਨੂੰ ਸੂਹੀਆ ਤੰਤਰ ਦੇ ਨਾਕਾਮ ਹੋਣ ਕਰ ਕੇ ਹਮਾਸ ਨੇ ਸੁਰੱਖਿਆ ਪੱਟੀ ਤੋੜ ਕੇ ਇਜ਼ਰਾਇਲੀ ਸਿਵਲੀਅਨਾਂ ਅਤੇ ਰੱਖਿਆ ਕਰਮੀਆਂ ਦੀ ਕਤਲੋਗਾਰਤ ਕੀਤੀ ਅਤੇ ਸੈਂਕੜੇ ਬੰਧਕ ਬਣਾ ਲਏ। ਜਵਾਬੀ ਕਾਰਵਾਈ ਕਰਦਿਆਂ ਇਜ਼ਰਾਇਲੀ ਫ਼ੌਜ ਨੇ ਹਵਾਈ ਅਤੇ ਤੋਪਖਾਨੇ ਨਾਲ ਅੰਨ੍ਹੇਵਾਹ ਬੰਬਾਰੀ ਕਰ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਫ਼ਲਸਤੀਨੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ। ਇਸ ਦੇ ਬਾਵਜੂਦ ਉਹ ਹਮਾਸ ਅਤੇ ਹੋਰਨਾਂ ਗਰੁੱਪਾਂ ਵੱਲੋਂ ਬੰਧਕ ਬਣਾਏ ਗਏ ਇਜ਼ਰਾਇਲੀਆਂ ਨੂੰ ਛੁਡਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ।
ਦੂਜੇ ਪਾਸੇ, ਨੇਤਨਯਾਹੂ ਦੀ ਲੋਕਪ੍ਰਿਅਤਾ ਵਧਦੀ ਗਈ। 24 ਜੁਲਾਈ 2024 ਨੂੰ ਉਸ ਨੇ ਅਮਰੀਕੀ ਸੰਸਦ ਦੇ ਦੋਵੇਂ ਸਦਨਾਂ ਦੀ ਬੈਠਕ ਨੂੰ ਸੰਬੋਧਨ ਕੀਤਾ ਹਾਲਾਂਕਿ ਇਸ ਮੌਕੇ ਅੱਧਿਓਂ ਵੱਧ ਡੈਮੋਕਰੈਟਿਕ ਮੈਂਬਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਗ਼ੈਰਹਾਜ਼ਰ ਰਹੇ। ਉਸ ਸਮੇਂ ਦੋ ਤਿਹਾਈ ਇਜ਼ਰਾਇਲੀ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਹਮਾਸ ਅਤੇ ਹਿਜ਼ਬੁੱਲ੍ਹਾ ਖ਼ਿਲਾਫ਼ ਇਜ਼ਰਾਇਲੀ ਹਮਲਿਆਂ ਕਰ ਕੇ ਉਸ ਦੀ ਸੱਤਾ ਬਣੀ ਹੋਈ ਹੈ। ਇੱਕ ਹਫ਼ਤੇ ਬਾਅਦ ਇਜ਼ਰਾਈਲ ਹਮਾਸ ਦੇ ਰਾਜਸੀ ਆਗੂ ਇਸਮਾਈਲ ਹਨੀਆ ਨੂੰ ਤਹਿਰਾਨ ਵਿੱਚ ਮਾਰਨ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਲਿਬਨਾਨ ਵਿੱਚ ਪੇਜਰ ਧਮਾਕੇ ਹੋਣ ਨਾਲ ਹਜ਼ਾਰਾਂ ਲੋਕ ਅਤੇ ਹਿਜ਼ਬੁੱਲ੍ਹਾ ਕਾਰਕੁਨ ਜ਼ਖ਼ਮੀ ਹੋ ਗਏ। 27 ਸਤੰਬਰ ਨੂੰ ਇਜ਼ਰਾਈਲ ਦੇ ਇੱਕ ਵੱਡੇ ਹਵਾਈ ਹਮਲੇ ਵਿੱਚ ਹਿਜ਼ਬੁੱਲ੍ਹਾ ਦੇ ਸਿਰਮੌਰ ਆਗੂ ਹਸਨ ਨਸਰੁੱਲ੍ਹਾ ਦੀ ਮੌਤ ਹੋ ਗਈ।
ਪਤਾ ਲੱਗਿਆ ਹੈ ਕਿ ਇਜ਼ਰਾਈਲ ਹਿਜ਼ਬੁੱਲ੍ਹਾ ਵਿੱਚ ਫੈਲੀ ਹਫ਼ੜਾ ਦਫੜੀ ਅਤੇ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਕਰ ਕੇ ਕੌਮਾਂਤਰੀ ਹਮਦਰਦੀ ਦੇ ਓਹਲੇ ਵਿੱਚ ਇਰਾਨ ਦੇ ਪ੍ਰਮਾਣੂ ਕੇਂਦਰਾਂ ਨੂੰ ਨਸ਼ਟ ਕਰ ਕੇ ਉਸ ਦੇ ਬੁਨਿਆਦੀ ਢਾਂਚੇ ਨੂੰ ਭਾਰੀ ਸੱਟ ਮਾਰਨੀ ਚਾਹੁੰਦਾ ਹੈ। ਉਸ ਦਾ ਇਹ ਵੀ ਇਰਾਦਾ ਹੈ ਕਿ ਇਸਲਾਮਿਕ ਸਰਕਾਰ ਖ਼ਿਲਾਫ਼ ਜਨਤਕ ਵਿਦਰੋਹ ਖੜ੍ਹਾ ਕੀਤਾ ਜਾਵੇ। ਇਜ਼ਰਾਇਲੀ ਦਸਤੇ ਪਹਿਲਾਂ ਹੀ ਦੱਖਣੀ ਲਿਬਨਾਨ ਵਿੱਚ ਹਿਜ਼ਬੁੱਲ੍ਹਾ ਗੁਰੀਲਿਆਂ ਨੂੰ ਲਿਤਾਨੀ ਦਰਿਆ ਦੇ ਉੱਤਰ ਵੱਲ ਧੱਕ ਰਹੇ ਹਨ।
ਹਮਾਸ ਤੇ ਹਿਜ਼ਬੁੱਲ੍ਹਾ ਦੇ ਚੋਟੀ ਦੇ ਆਗੂਆਂ ਦੀ ਹੱਤਿਆ ਨੇ ਨੇਤਨਯਾਹੂ ਦੀ ਲੋਕਪ੍ਰਿਅਤਾ ’ਚ ਵਾਧਾ ਕੀਤਾ ਹੋਵੇਗਾ ਅਤੇ ਇਜ਼ਰਾਇਲੀ ਖ਼ੁਫ਼ੀਆ ਤੰਤਰ ਦੀ ਸਾਖ਼ ਨੂੰ ਵੀ ਮੁੜ ਇੱਕ ਮੁਕਾਮ ਦਿੱਤਾ ਹੋਵੇਗਾ। ਹਾਲਾਂਕਿ, ਇਸ ਨੇ ਖੇਤਰ ਨੂੰ ਸੰਕਟ ਵਿੱਚ ਪਾ ਦਿੱਤਾ ਹੈ ਜੋ ਕਿ ਤੇਜ਼ੀ ਨਾਲ ਵਿਆਪਕ ਟਕਰਾਅ ਦਾ ਰੂਪ ਲੈ ਸਕਦਾ ਹੈ।
ਜੇ ਹਮਲਾ ਹੋਇਆ ਤਾਂ ਇਰਾਨੀ ਲੋਕ ਸਰਕਾਰ ਦੇ ਹੱਕ ਵਿੱਚ ਡਟਣਗੇ ਤੇ ਇਸ ਨੂੰ ਚੁਣੌਤੀ ਨਹੀਂ ਦੇਣਗੇ। ਕੁਰਬਾਨੀ ਦੇਣਾ ਸ਼ੀਆ ਭਾਈਚਾਰੇ ਦਾ ਇਤਿਹਾਸ ਹੈ ਜੋ ਪੈਗੰਬਰ ਮੁਹੰਮਦ ਦੇ ਦੋਹਤਿਆਂ ਦੇ ਸਮਿਆਂ ਨਾਲ ਜਾ ਜੁੜਦਾ ਹੈ। ਕਰੀਬ 8.8 ਕਰੋੜ ਦੀ ਆਬਾਦੀ ਵਾਲੇ ਮੁਲਕ ਵਿੱਚ ਇਸ ਤਰ੍ਹਾਂ ਦੇ ਸੁਭਾਅ ਨਾਲ ਖਹਿਣਾ ਖ਼ਤਰਨਾਕ ਗੱਲ ਹੈ ਜੋ ਆਪਣੇ ਸ਼ਾਨਦਾਰ ਅਤੀਤ ਪ੍ਰਤੀ ਗਹਿਰੀ ਸ਼ਰਧਾ ਰੱਖਦਾ ਹੈ। ਸ਼ੀਆ ਮੁਸਲਮਾਨਾਂ ਦਾ ਦਾਇਰਾ ਅੱਜ ਇਰਾਨ ਤੋਂ ਲੈ ਕੇ ਭੂ-ਮੱਧ ਸਾਗਰ ਤੱਕ ਹੈ, ਨਿਰਾ ਐਕਮੇਨਿਦ ਸਾਮਰਾਜ ਵਰਗਾ।
ਇਰਾਨ ਨੇ ਪ੍ਰਤੱਖ ਤੌਰ ’ਤੇ ਚਿਤਾਵਨੀ ਦਿੱਤੀ ਹੈ ਕਿ ਇਸ ਦੇ ਤੇਲ ਢਾਂਚਿਆਂ ’ਤੇ ਹਮਲੇ ਦਾ ਜਵਾਬ ਖਾੜੀ ’ਚ ਅਮਰੀਕਾ ਦੇ ਸਾਥੀਆਂ ਦੇ ਇਸੇ ਤਰ੍ਹਾਂ ਦੇ ਟਿਕਾਣਿਆਂ ਉੱਤੇ ਹਮਲਾ ਕਰ ਕੇ ਦਿੱਤਾ ਜਾਵੇਗਾ। ਕਿਸੇ ਵੀ ਪੱਖ ਤੋਂ, ਇਰਾਨ ਕੋਲ ਹੋਰਮੂਜ਼ ਜਲਮਾਰਗ ਰਾਹੀਂ ਹੋਣ ਵਾਲੀ ਜਹਾਜ਼ੀ ਆਵਾਜਾਈ ਬੰਦ ਕਰਨ ਦੀ ਫ਼ੌਜੀ ਸਮਰੱਥਾ ਤਾਂ ਮੌਜੂਦ ਹੈ ਹੀ। ਤੇਲ ਸਪਲਾਈ ’ਚ ਪੈਣ ਵਾਲਾ ਵਿਘਨ ਆਲਮੀ ਅਰਥਚਾਰੇ ਲਈ ਘਾਤਕ ਹੋਵੇਗਾ।
ਤਿੰਨ ਸੰਭਾਵੀ ਬਿਰਤਾਂਤ ਹਨ। ਪਹਿਲਾ, ਕੁਝ ਇਰਾਨੀ ਸੈਨਿਕ ਟਿਕਾਣਿਆਂ ’ਤੇ ਅਨੁਮਾਨਿਤ ਇਜ਼ਰਾਇਲੀ ਹਵਾਈ ਹਮਲਾ। ਦੂਜਾ, ਇਰਾਨੀਆਂ ਦੀ ਪਰਮਾਣੂ ਸਮਰੱਥਾ ਦਾ ਨੁਕਸਾਨ ਕਰਨ ਲਈ ਹਮਲਾ। ਤੀਜਾ, ਇਰਾਨੀ ਤੇਲ, ਪਰਮਾਣੂ ਤੇ ਬੰਦਰਗਾਹ ਢਾਂਚੇ ਦਾ ਨੁਕਸਾਨ ਕਰਨ ਲਈ ਇੱਕ ਸੰਪੂਰਨ ਹੱਲਾ। ਅਮਰੀਕਾ ਬੇਸ਼ੱਕ ਇਜ਼ਰਾਈਲ ਨੂੰ ਪਹਿਲੀ ਤਰ੍ਹਾਂ ਦੇ ਹਮਲੇ ਤੱਕ ਸੀਮਤ ਕਰਨ ਲਈ ਕੰਮ ਕਰ ਰਿਹਾ ਹੋਵੇਗਾ। ਭਾਵੇਂ ਯੂਏਈ ਤੇ ਸਾਊਦੀ ਅਰਬ ਇਰਾਨ ਦਾ ਨੁਕਸਾਨ ਦੇਖ ਕੇ ਖ਼ੁਸ਼ ਹੋਣਗੇ, ਪਰ ਉਹ ਇਹ ਬਿਲਕੁਲ ਨਹੀਂ ਚਾਹੁਣਗੇ ਕਿ ਇਰਾਨ ਇਜ਼ਰਾਈਲ ਤੇ ਉਸ ਦੇ ਸਾਥੀਆਂ ਵਿਰੁੱਧ ਮੁਕੰਮਲ ਹੱਲਾ ਬੋਲਣ ਲਈ ਭੜਕ ਜਾਵੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਜ਼ਰਾਇਲੀ ਹਮਰੁਬਤਾ ਨੇਤਨਯਾਹੂ ਨਾਲ ਫੋਨ ’ਤੇ ਗੱਲਬਾਤ ਕਰ ਕੇ ਅਤਿਵਾਦ ਨੂੰ ਭੰਡਿਆ ਹੈ, ਪਰ ਨਾਲ ਹੀ ਸ਼ਾਂਤੀ ਦਾ ਸੁਝਾਅ ਵੀ ਦਿੱਤਾ ਹੈ। ਅਮਰੀਕਾ ਤੇ ਇਜ਼ਰਾਈਲ ਜਿਨ੍ਹਾਂ ਨੂੰ ‘ਅਤਿਵਾਦੀ’ ਦੱਸ ਰਿਹਾ ਹੈ, ਉਹ ਹਮਾਸ ਤੇ ਹਿਜ਼ਬੁੱਲ੍ਹਾ ਦੇ ਕਤਲ ਕੀਤੇ ਗਏ ਆਗੂ ਹਨ। ਜਾਪਦਾ ਹੈ ਕਿ ਭਾਰਤ ਇਰਾਨ ਦੇ ਖ਼ਿਲਾਫ਼ ਭੁਗਤ ਰਿਹਾ ਹੈ। ਅਤੀਤ ਵਿੱਚ ਪੱਛਮੀ ਏਸ਼ੀਆ ’ਚ ਹੋਈਆਂ ਲੜਾਈਆਂ ’ਚ ਨਿਰਪੱਖ ਰਹਿਣ ਦਾ ਭਾਰਤੀ ਵਿਦੇਸ਼ ਨੀਤੀ ਨੂੰ ਲਾਹਾ ਮਿਲਿਆ ਹੈ, ਇਰਾਨ-ਇਰਾਕ ਜੰਗ ਇਸ ਦੀ ਮਿਸਾਲ ਹੈ। ਭਾਵੇਂ ਕੁਝ ਵੀ ਹੋਵੇ, ਇਰਾਨ ਪੱਖੀ ਝੁਕਾਅ ਦੇ ਮਾਮਲੇ ਵਿੱਚ ਚੀਨ ਦਾ ਰੁਖ਼ ਸਥਿਰ ਰਿਹਾ ਹੈ। ਭਾਵੇਂ ਤੇਲ ਭੰਡਾਰਾਂ ਵਾਲੇ ਅਰਬ ਮੁਲਕਾਂ ਦੀਆਂ ਸਰਕਾਰਾਂ ਇਜ਼ਰਾਈਲ ਦੇ ਨਾਲ ਵੀ ਹੋਣ, ਪਰ ਇਨ੍ਹਾਂ ਦੇ ਲੋਕ ਸ਼ਾਇਦ ਨਹੀਂ ਹੋਣਗੇ।
ਇਸ ਤਰ੍ਹਾਂ, ਮੱਧ ਏਸ਼ੀਆ ਦੇ ਇਸ ਖੇਤਰ ਤੇ ਬਾਕੀ ਦੁਨੀਆ ਨੂੰ ਇੱਕ ਪੇਚੀਦਾ ਜਮੂਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਨਾਲ ਹੀ ਇੱਕ ਕਮਜ਼ੋਰ ਅਮਰੀਕੀ ਰਾਸ਼ਟਰਪਤੀ ਹੈ ਅਤੇ ਉੱਥੋਂ ਦੀਆਂ ਰਾਸ਼ਟਰਪਤੀ ਚੋਣ ਵਿੱਚ ਵੀ ਚਾਰ ਕੁ ਹਫ਼ਤਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement