For the best experience, open
https://m.punjabitribuneonline.com
on your mobile browser.
Advertisement

ਡੋਪਿੰਗ ਦਾ ਦਾਗ਼

04:55 AM Jan 16, 2025 IST
ਡੋਪਿੰਗ ਦਾ ਦਾਗ਼
Advertisement

ਭਾਰਤ ਦੀਆਂ ਖੇਡਾਂ ’ਤੇ ਡੋਪਿੰਗ ਦਾ ਪਰਛਾਵਾਂ ਫੈਲ ਰਿਹਾ ਹੈ। ਕੌਮਾਂਤਰੀ ਮੁਕਾਬਲਿਆਂ ਵਿੱਚ ਬਹੁਤਾ ਨਾਮਣਾ ਭਾਰਤ ਦੇ ਹਿੱਸੇ ਨਹੀਂ ਆਉਂਦਾ ਪਰ ਜਿੱਥੋਂ ਤੱਕ ਡੋਪਿੰਗ ਦੀ ਅਲਾਮਤ ਦਾ ਤੁਆਲੁਕ ਹੈ ਤਾਂ ਇਸ ਵਿੱਚ ਦੇਸ਼ ਦੂਜੇ ਨੰਬਰ ’ਤੇ ਆ ਗਿਆ ਹੈ ਜਿਸ ਕਰ ਕੇ ਸਾਡੇ ਬਹੁਤ ਸਾਰੇ ਅਥਲੀਟ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਨਾ ਲੈਣ ਦੇ ਅਯੋਗ ਨਿੱਕਲੇ ਹਨ ਪਰ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਦੇ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਹੋ ਰਹੇ ਆਦਿਲ ਸੁਮਾਰੀਵਾਲਾ ਨੂੰ ਇਸ ਵਿੱਚ ਉਮੀਦ ਦੀ ਕਿਰਨ ਦਿਖਾਈ ਦਿੰਦੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਡੋਪਿੰਗ ਟੈਸਟ ਪਹਿਲਾਂ ਨਾਲੋਂ ਜ਼ਿਆਦਾ ਹੋਣ ਕਰ ਕੇ ਜ਼ਿਆਦਾ ਧੋਖਾਧੜੀ ਕਰਨ ਵਾਲੇ ਜ਼ਿਆਦਾ ਖਿਡਾਰੀ ਫੜੇ ਜਾ ਰਹੇ ਹਨ। ਉਂਝ, ਇਸ ਦਾ ਇੱਕ ਪਾਸਾ ਇਹ ਵੀ ਹੈ ਕਿ ਫੜੇ ਜਾਣ ਦੀ ਸ਼ਰਮਿੰਦਗੀ ਅਤੇ ਸਜ਼ਾ ਦੇ ਡਰ ਨਾਲੋਂ ਉਨ੍ਹਾਂ ਅੰਦਰ ਗ਼ਲਤ ਤਰੀਕੇ ਅਪਣਾ ਕੇ ਆਪਣੀ ਕਾਰਕਰਦਗੀ ਵਧਾਉਣ ਦਾ ਲੋਭ ਹਾਲੇ ਵੀ ਜ਼ਿਆਦਾ ਹੈ। ਡੋਪਿੰਗ ਦਾ ਡਰਾਵਾ ਨਹੀਂ ਬਣ ਸਕਿਆ ਤੇ ਇਸ ਦੇ ਨਾਲ ਹੀ ਗ਼ਲਤ ਹਥਕੰਡੇ ਅਪਣਾਉਣ ਵਾਲੇ ਇਸ ਸਿਸਟਮ ਤੋਂ ਬਚ ਕੇ ਨਿਕਲਣ ਦੇ ਨਿੱਤ ਨਵੇਂ ਢੰਗ ਤਰੀਕੇ ਲੱਭਦੇ ਰਹਿੰਦੇ ਹਨ।
ਭਾਰਤੀ ਅਥਲੈਟਿਕਸ ਫੈਡਰੇਸ਼ਨ ਲਈ ਡੋਪਿੰਗ ਲਈ ‘ਜ਼ੀਰੋ ਟਾਲਰੈਂਸ’ ਕਹਿ ਦੇਣ ਨਾਲ ਮਾਮਲਾ ਖ਼ਤਮ ਨਹੀਂ ਹੋ ਜਾਂਦਾ। ਨੇਮਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਇਸ ਦੀ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣੀ ਪਵੇਗੀ ਅਤੇ ਇਸ ਨੂੰ ਜ਼ਿਲ੍ਹਾ ਪੱਧਰ ਤੱਕ ਲਾਗੂ ਕਰਾਉਣਾ ਪਵੇਗਾ ਜਿੱਥੇ ਡੋਪਿੰਗ ਦੀ ਅਲਾਮਤ ਸਭ ਤੋਂ ਜ਼ਿਆਦਾ ਹੈ। ਜੇ ਸੁਮਾਰੀਵਾਲਾ ਦੀ ਗੱਲ ’ਤੇ ਯਕੀਨ ਕੀਤਾ ਜਾਵੇ ਤਾਂ ਜ਼ਿਲ੍ਹਾ ਪੱਧਰ ’ਤੇ ਖ਼ੁਦ ਕੋਚਾਂ ਵੱਲੋਂ ਨਵੇਂ ਉੱਭਰਦੇ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਉਹ ਵਕਤੀ ਲਾਹਾ ਹਾਸਿਲ ਕਰ ਸਕਣ। ਪਿਛਲੇ ਦਿਨੀਂ ‘ਦਿ ਟ੍ਰਿਬਿਊਨ’ ਨੇ ਹਿਸਾਰ ਵਿੱਚ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਕਾਰਕਰਦਗੀ ਵਧਾਊ ਦਵਾਈਆਂ ਦੀ ਵਰਤੋਂ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਅਤੇ ਚੰਗੀ ਗੱਲ ਹੈ ਕਿ ਹੁਣ ਹਰਿਆਣਾ ਦੇ ਖੇਡ ਵਿਭਾਗ ਨੇ ਇਸ ਅਲਾਮਤ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਕਿਸੇ ਫੈਡਰੇਸ਼ਨ ਜਾਂ ਐਸੋਸੀਏਸ਼ਨ ਦੇ ਕਰਵਾਏ ਕਿਸੇ ਵੀ ਮੁਕਾਬਲੇ ਜਾਂ ਸਮਾਗਮ ਦੌਰਾਨ ਡੋਪਿੰਗ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਸੰਸਥਾ ਨੂੰ ਮੁਅੱਤਲ ਕੀਤਾ ਜਾਵੇਗਾ। ਹੁਣ ਦੇਖਣਾ ਬਾਕੀ ਹੈ ਕਿ ਇਸ ਧਮਾਕੇਦਾਰ ਐਲਾਨ ਦਾ ਜ਼ਮੀਨੀ ਪੱਧਰ ’ਤੇ ਕਿਹੋ ਜਿਹਾ ਅਸਰ ਪੈਂਦਾ ਹੈ।
ਅਫ਼ਸੋਸਨਾਕ ਗੱਲ ਇਹ ਹੈ ਕਿ ਜਦੋਂ ਇਕੇਰਾਂ ਕਿਸੇ ਅਥਲੀਟ ਨੂੰ ਡੋਪ ਦੀ ਲਤ ਲੱਗ ਜਾਂਦੀ ਅਤੇ ਉਹ ਬਚ ਕੇ ਨਿਕਲਣ ਦੇ ਰਾਹ ਲੱਭਣ ਲੱਗ ਪੈਂਦਾ ਹੈ ਤਾਂ ਛੇਤੀ ਕੀਤਿਆਂ ਇਸ ਤੋਂ ਖਹਿੜਾ ਨਹੀਂ ਛੁਡਾ ਸਕਦਾ। ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਹੀ ਦੋ ਸਭ ਤੋਂ ਵੱਡੇ ਹਥਿਆਰ ਹਨ ਪਰ ਡੋਪਿੰਗ ਦੀ ਲਤ ਕਰ ਕੇ ਉਸ ਦੇ ਇਹ ਹਥਿਆਰ ਖੁੰਢੇ ਪੈ ਜਾਂਦੇ ਹਨ। ਜੇ ਇਸ ਅਲਾਮਤ ਨੂੰ ਸ਼ੁਰੂ ਵਿੱਚ ਹੀ ਸਿਰ ਨਾ ਚੁੱਕਣ ਦਿੱਤਾ ਜਾਵੇ ਤਾਂ ਹਾਲਾਤ ਵਿੱਚ ਸੁਧਾਰ ਹੋ ਸਕਦਾ ਹੈ। ਭਾਰਤ ਓਲੰਪਿਕਸ ਦੀ ਮੇਜ਼ਬਾਨੀ ਦੇ ਸੁਫਨੇ ਲੈ ਰਿਹਾ ਹੈ ਜਿਸ ਕਰ ਕੇ ਇਸ ਨੂੰ ਡੋਪਿੰਗ ਦੀ ਸਮੱਸਿਆ ਨੂੰ ਪ੍ਰਵਾਨ ਕਰ ਕੇ ਇਸ ਦਾ ਕਾਰਗਰ ਅਤੇ ਦੂਰਗ਼ਾਮੀ ਹੱਲ ਲੱਭਣ ਦੇ ਰਾਹ ਪੈਣਾ ਚਾਹੀਦਾ ਹੈ; ਨਹੀਂ ਤਾਂ ਸਾਡਾ ਹਾਲ ਵੀ ਰੂਸ ਵਰਗਾ ਹੋ ਸਕਦਾ ਹੈ ਜਿੱਥੇ ਖੇਡਾਂ ਵਿੱਚ ਡੋਪਿੰਗ ਦੀ ਅਲਾਮਤ ਕਰ ਕੇ ਇਹ ਆਲਮੀ ਖੇਡ ਖੇਤਰ ਵਿੱਚ ਅਛੂਤ ਬਣ ਗਿਆ ਹੈ।

Advertisement

Advertisement
Advertisement
Author Image

Jasvir Samar

View all posts

Advertisement