ਪੰਥਕ ਮੰਥਨ
ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਮੰਗਲਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ ਮਾਘੀ ਮੇਲੇ ਮੌਕੇ ਸਿਆਸੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਬਣਾਉਣ ਨਾਲ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਚੱਲ ਰਹੇ ਮੰਥਨ ਦੀ ਤਸਦੀਕ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਪੈਂਠ ਵਿੱਚ ਆ ਰਹੀ ਲਗਾਤਾਰ ਗਿਰਾਵਟ ਕਰ ਕੇ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਖਲਾਅ ਪੈਦਾ ਹੋ ਗਿਆ ਸੀ ਅਤੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਆਜ਼ਾਦ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਗਰੁੱਪ ਵੱਲੋਂ ਇਸ ਖਲਾਅ ਨੂੰ ਭਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅੰਮ੍ਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਅਧੀਨ ਕਰੀਬ ਡੇਢ ਮਹੀਨੇ ਦੀ ਤਲਾਸ਼ ਪਿੱਛੋਂ ਅਪਰੈਲ 2023 ਵਿੱਚ ਗ੍ਰਿਫ਼ਤਾਰ ਕਰ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਹ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਵੱਡੇ ਅੰਤਰ ਨਾਲ ਜਿੱਤੇ ਸਨ। ਬਾਕੀ ਮੈਂਬਰਾਂ ਨੇ ਪਿਛਲੇ ਸਾਲ 24 ਤੇ 25 ਜੂਨ ਨੂੰ ਸਹੁੰ ਚੁੱਕ ਲਈ ਸੀ ਪਰ ਅੰਮ੍ਰਿਤਪਾਲ ਸਿੰਘ ਅਤੇ ਉਸੇ ਵਾਂਗ ਜੇਲ੍ਹ ਵਿੱਚ ਬੈਠੇ ਬਾਰਾਮੁੱਲ੍ਹਾ (ਕਸ਼ਮੀਰ) ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਇੰਜਨੀਅਰ ਰਸ਼ੀਦ ਨੂੰ ਜੁਲਾਈ ਮਹੀਨੇ ਸਹੁੰ ਚੁਕਾਉਣ ਲਈ ਕੁਝ ਘੰਟਿਆਂ ਦੀ ਪੈਰੋਲ ’ਤੇ ਸੰਸਦ ਭਵਨ ਲਿਆਂਦਾ ਗਿਆ ਸੀ।
ਨਵੀਂ ਪਾਰਟੀ ਦਾ ਪ੍ਰਧਾਨ/ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਨੂੰ ਹੀ ਬਣਾਇਆ ਗਿਆ ਹੈ ਅਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਪਾਰਟੀ ਦਾ ਕੰਮ-ਕਾਜ ਚਲਾਉਣ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ ਜਿਸ ਵਿੱਚ ਮੁੱਖ ਤੌਰ ’ਤੇ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਅਤੇ ਸਰਬਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਪਾਰਟੀ ਨੇ ਪਾਸ ਕੀਤੇ ਪੰਦਰਾਂ ਨੁਕਾਤੀ ਮਤਿਆਂ ਵਿੱਚ ਅਕਾਲ ਤਖਤ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰਨ, ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ, ਨਸਲਾਂ ਤੇ ਫ਼ਸਲਾਂ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ, ਆਨੰਦਪੁਰ ਸਾਹਿਬ ਮਤੇ ਦੀ ਵਾਪਸੀ, ਵਿਦਿਅਕ ਢਾਂਚੇ ਵਿੱਚ ਗ਼ੈਰ-ਪੰਜਾਬੀ ਲੋਕਾਂ ਦੇ ਦਖ਼ਲ ਨੂੰ ਰੋਕਣ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ, ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਹੇ ਪਰਵਾਸ ਤੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ, ਬੇਅਦਬੀਆਂ ਕਰ ਕੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਮੁੱਦਿਆਂ ਉੱਪਰ ਜ਼ੋਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਇਹ ਤੌਖਲੇ ਬਣੇ ਹੋਏ ਹਨ ਕਿ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਦੇ ਇੱਛਕ ਹਨ। ਕੱਲ੍ਹ ਕਾਨਫਰੰਸ ਦੇ ਮੰਚ ਤੋਂ ਵੀ ਕੁਝ ਆਗੂਆਂ ਨੇ ਅਜਿਹੀਆਂ ਤਕਰੀਰਾਂ ਕੀਤੀਆਂ ਸਨ ਜਿਨ੍ਹਾਂ ਦੇ ਅਜਿਹੇ ਅਰਥ ਕੱਢੇ ਜਾ ਸਕਦੇ ਹਨ।
ਕਈ ਸਮੀਖਿਅਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦੇ ਹਮਾਇਤੀ ਫਿਲਹਾਲ ਆਪਣੀ ਪਾਰਟੀ ਨੂੰ ਅਜਿਹੀ ਜ਼ਾਹਿਰਾ ਤੌਰ ’ਤੇ ਕਿਸੇ ਵੱਖਵਾਦੀ ਵਿਚਾਰਧਾਰਾ ਨਾਲ ਜੋੜਨ ਤੋਂ ਗੁਰੇਜ਼ ਕਰ ਰਹੇ ਹਨ ਪਰ ਨਾਲ ਹੀ ਉਨ੍ਹਾਂ ਨੂੰ ਵੀ ਪਤਾ ਹੈ ਕਿ ਉਹ ਕਿਸੇ ਨਾ ਕਿਸੇ ਪੱਧਰ ’ਤੇ ਅਜਿਹੀਆਂ ਸ਼ਕਤੀਆਂ ਨਾਲ ਤਾਲਮੇਲ ਬਿਠਾ ਕੇ ਹੀ ਆਪਣੀ ਸਿਆਸੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹਨ। ਕੀ ਇਸ ਤਰ੍ਹਾਂ ਦਾ ਸਿਆਸੀ ਪੈਂਤੜਾ ਪੰਜਾਬ ਨੂੰ ਨਵੀਂ ਦਿਸ਼ਾ ਦਿਖਾਉਣ ਵਿੱਚ ਸਹਾਈ ਹੋ ਸਕੇਗਾ ਜਾਂ ਇਸ ਨੂੰ ਕਿਸੇ ਗਹਿਰੀ ਖੱਡ ਵਿੱਚ ਲਿਜਾ ਸੁੱਟੇਗਾ, ਇਸ ਬਾਰੇ ਫੌਰੀ ਤੌਰ ’ਤੇ ਕੋਈ ਨਤੀਜਾ ਅਕਸ ਕਰਨਾ ਜਲਦਬਾਜ਼ੀ ਕਹੀ ਜਾ ਸਕਦੀ ਹੈ।