‘ਰਾਤ ਚਾਨਣੀ’ ਦਾ ਮੰਚਨ
ਹਰਦਮ ਮਾਨ
ਸਰੀ: ਥੈਸਪਿਸ ਆਰਟ ਕਲੱਬ ਵੱਲੋਂ ਬੀਤੀ ਸ਼ਾਮ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰੀ ਵਿੱਚ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਤੇ ਡਾ. ਜਸਕਰਨ ਦੁਆਰਾ ਨਿਰਦੇਸ਼ਿਤ ਨਾਟਕ ‘ਰਾਤ ਚਾਨਣੀ’ ਕੈਨੇਡੀਅਨ ਕਲਾਕਾਰਾਂ ਦੀ ਟੀਮ ਵੱਲੋਂ ਖੇਡਿਆ ਗਿਆ।
ਨਾਟਕ ਦੇ ਪਹਿਲੇ ਦ੍ਰਿਸ਼ ਵਿੱਚ ਹੀ ਇੱਥੋਂ ਦੇ ਜੰਮਪਲ ਬੱਚਿਆਂ ਵਰਿਆਮ ਤੇ ਪਰਨੀਤ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਨਾਟਕ ਦੀ ਕਹਾਣੀ ਪਰਵਾਸ ਵਿੱਚ ਆਉਣ, ਵਸਣ, ਰਿਸ਼ਤਿਆਂ ਦੀਆਂ ਸੌਦੇਬਾਜ਼ੀਆਂ, ਟੁੱਟਦੇ ਬਣਦੇ ਰਿਸ਼ਤੇ, ਇਮੀਗ੍ਰੇਸ਼ਨ ਵਿੱਚ ਫਸੇ ਕੇਸਾਂ ਦਾ ਦੁਖਾਂਤ, ਕੈਨੇਡੀਅਨ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਲਟਕਦੇ ਲੋਕ, ਪੀੜ੍ਹੀਆਂ ਦੇ ਵਖਰੇਵੇਂ ਦੀ ਟੁੱਟ ਭੱਜ ਵਿੱਚ ਵੀ ਪਿਆਰ ਦੀਆਂ ਤੰਦਾਂ ਆਦਿ ਨੂੰ ਪਾਤਰਾਂ ਨੇ ਆਪਣੇ ਕਿਰਦਾਰਾਂ ਰਾਹੀਂ ਬਾਖੂਬੀ ਨਿਭਾਇਆ।
ਇਸ ਨਾਟਕ ਦੇ ਮੁੱਖ ਪਾਤਰ ਅੰਬਰ ਤੇ ਪਾਲ ਜਿਨ੍ਹਾਂ ਦੁਆਲੇ ਕਹਾਣੀ ਘੁੰਮਦੀ ਹੈ। ਉਸ ਦਾ ਕਿਰਦਾਰ ਕੇ. ਪੀ. ਸਿੰਘ ਤੇ ਜਸਪ੍ਰੀਤ ਨੇ ਨਿਭਾਇਆ। ਅੰਬਰ ਦੇ ਦੋਸਤਾਂ ਦੇ ਰੂਪ ਵਿੱਚ ਨਰਿੰਦਰ ਮੰਗੂਵਾਲ ਤੇ ਪ੍ਰਿੰਸ ਗੋਸਵਾਮੀ ਨੇ ਨਾਟਕ ਨੂੰ ਅੱਗੇ ਤੋਰਿਆ। ਪਾਲ ਦੇ ਮਾਂ-ਬਾਪ ਦੇ ਕਿਰਦਾਰ ਵਿੱਚ ਸੰਤੋਖ ਢੇਸੀ ਤੇ ਕੁਲਦੀਪ ਟੋਨੀ ਨੇ ਛਾਪ ਛੱਡੀ। ਪਾਲ ਦੀ ਸੱਸ ਚੰਦ ਕੌਰ ਦਾ ਕਿਰਦਾਰ ਪਰਮਿੰਦਰ ਸਵੈਚ ਨੇ ਬਹੁਤ ਵਧੀਆ ਤੇ ਦਮਦਾਰ ਕਿਰਦਾਰ ਵਜੋਂ ਨਿਭਾਇਆ।
ਸੰਪਰਕ: 1 604 308 6663
ਪੰਜਾਬੀ ਕਾਨਫਰੰਸ ਯੂਕੇ ਵਿੱਚ ਸਾਹਿਤ, ਵਿਗਿਆਨ ਤੇ ਪੰਜਾਬੀ ਬੋਲੀ ’ਤੇ ਵਿਚਾਰ ਚਰਚਾ
ਲੈਸਟਰ: ਇੰਗਲੈਂਡ ਦੇ ਲੈਸਟਰ ਸ਼ਹਿਰ ਵਿਖੇ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋ ਦੋ ਰੋਜ਼ਾ ‘ਚੌਥੀ ਪੰਜਾਬੀ ਕਾਨਫਰੰਸ ਯੂਕੇ 2024’ ਕਰਵਾਈ ਗਈ। ਇਸ ਵਿੱਚ ਪੰਜਾਬੀ ਬੋਲੀ ਅਤੇ ਇਸ ਦੇ ਪਾਸਾਰ, ਪ੍ਰਚਾਰ ਤੋਂ ਇਲਾਵਾ ਸਾਹਿਤ, ਧਰਮ, ਰਾਜਨੀਤੀ, ਵਿਗਿਆਨ, ਸਮਾਜਿਕ ਤੇ ਆਰਥਿਕਤਾ ਆਦਿ ਵਿਸ਼ਿਆਂ ਉੱਪਰ ਵੱਖ ਵੱਖ ਵਿਦਵਾਨਾਂ ਵੱਲੋਂ ਖੋਜ ਭਰਪੂਰ ਪਰਚੇ ਪੜ੍ਹੇ ਗਏ। ਇਸ ਵਿੱਚ ਜਿੱਥੇ ਯੂਕੇ ਵਿੱਚੋਂ ਵਿਦਵਾਨ ਤੇ ਬੁੱਧੀਜੀਵੀ ਵਰਗ ਨੇ ਹਿੱਸਾ ਲਿਆ, ਉੱਥੇ ਇਟਲੀ ਤੋਂ ਦਲਜਿੰਦਰ ਸਿੰਘ ਰਹਿਲ, ਪ੍ਰੋ. ਜਸਪਾਲ ਸਿੰਘ, ਨਾਰਵੇ ਤੋਂ ਬੀਬੀ ਬਲਵਿੰਦਰ ਕੌਰ, ਪੰਜਾਬ ਤੋਂ ਡਾ. ਰਾਜਵਿੰਦਰ ਸਿੰਘ ਤੇ ਡਾ. ਜਸਵੀਰ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਨਰਿੰਦਰ ਸਿੰਘ ਭਾਸ਼ਾ ਵਿਭਾਗ ਪਟਿਆਲਾ, ਹਰਵਿੰਦਰ ਸਿੰਘ ਚੰਡੀਗੜ੍ਹ, ਡਾ. ਅਮਜ਼ਦ ਅਲੀ ਭੱਟੀ ਇਸਲਾਮਾਬਾਦ ਆਦਿ ਦੇ ਨਾਂ ਮੁੱਖ ਹਨ।
ਬਰਤਾਨੀਆ ਤੋਂ ਦਵਿੰਦਰ ਲਾਲੀ, ਕੁਲਬੀਰ ਮਾਂਗਟ, ਹਰਵਿੰਦਰ ਸਿੰਘ, ਨੁਜੱਹਤ ਅੱਬਾਸ ਆਕਸਫੋਰਡ, ਡਾ. ਅਵਤਾਰ ਸਿੰਘ, ਡਾ. ਸੁਜਿੰਦਰ ਸਿੰਘ ਸੰਘਾ, ਡਾ. ਬਲਦੇਵ ਸਿੰਘ ਕੰਦੋਲਾ, ਡਾ. ਪਰਗਟ ਸਿੰਘ, ਬਲਵਿੰਦਰ ਸਿੰਘ ਚਾਹਲ ਆਦਿ ਨੇ ਵੀ ਆਪਣੇ ਆਪਣੇ ਪਰਚੇ ਪੇਸ਼ ਕੀਤੇ। ਇਸ ਕਾਨਫਰੰਸ ਵਿੱਚ ਉਪਰੋਕਤ ਵਿਦਵਾਨਾਂ ਵੱਲੋਂ ਪੜ੍ਹੇ ਗਏ ਪਰਚਿਆਂ ਉੱਪਰ ਸਰੋਤਿਆਂ ਵੱਲੋਂ ਚਰਚਾ ਕੀਤੀ ਗਈ। ਕੰਵਰ ਸਿੰਘ ਬਰਾੜ ਅਤੇ ਸ਼ਿੰਦਰਪਾਲ ਸਿੰਘ ਮਾਹਲ ਨੇ ਬਤੌਰ ਮੀਡੀਆ ਅਤੇ ਮੰਚ ਸੰਚਾਲਕ ਵਜੋਂ ਭੂਮਿਕਾ ਨਿਭਾਈ। ਇਸ ਦੌਰਾਨ ਕਵੀ ਦਰਬਾਰ ਵੀ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਜਗਦੇਵ, ਤਜਿੰਦਰ ਕੌਰ, ਅਮਰਜੀਤ ਸਿੰਘ ਤੇ ਮੁਖਤਿਆਰ ਸਿੰਘ ਵੱਲੋਂ ਮਹਿਮਾਨ ਨਿਵਾਜ਼ੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ।
ਖ਼ਬਰ ਸਰੋਤ: ਸਿੱਖ ਐਜੂਕੇਸ਼ਨ ਕੌਂਸਲ ਯੂਕੇ
ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਤਿੰਨ ਨਾਟਕਾਂ ਦਾ ਮੰਚਨ
ਮੇਜਰ ਮਾਂਗਟ
ਬਰੈਂਪਟਨ: ਕੈਨੇਡਾ ਵਿੱਚ ਰੰਗਮੰਚ ਦੀਆਂ ਜੜ੍ਹਾਂ ਲਾਉਣ ਵਾਲੀਆਂ ਸੰਸਥਾਵਾਂ ਵਿੱਚੋਂ ਇੱਕ ਪੰਜਾਬੀ ਆਰਟਸ ਐਸੋਸੀਏਸ਼ਨ ਨੇ ਪਿਛਲੇ ਦਿਨੀਂ ਬਰੈਂਪਟਨ ਦੇ ਸਾਈਰਲ ਕਲਾਰਕ ਥੀਏਟਰ ਵਿੱਚ ਤਿੰਨ ਨਾਟਕ ਪੇਸ਼ ਕੀਤੇ। ਇਸ ਵਿੱਚ ‘ਨਿੱਕੇ ਨਾਟਕ ਵੱਡੀਆਂ ਗੱਲਾਂ’ ਸਿਰਲੇਖ ਅਧੀਨ ਚੌਥੇ ਸੀਜ਼ਨ ਵਿੱਚ ਤਿੰਨ ਨਾਟਕ ਪੇਸ਼ ਕੀਤੇ ਗਏ। ਪਹਿਲਾ ਨਾਟਕ ਸੀ ‘ਵਿਰਾਮ’ ਭਾਵ ਰੁਕ ਜਾਓ। ਇਸ ਦਾ ਵਿਸ਼ਾ ਬੱਚਿਆਂ ਨਾਲ ਸਬੰਧਤ ਸੀ ਜਿਨ੍ਹਾਂ ਦੇ ਅਸੀਂ ਆਪਣੀ ਮਰਜ਼ੀ ਜਾਂ ਲੋਕਾਂ ਦੇ ਦਬਾਅ ਹੇਠ ਆ ਕੇ ਧੱਕੇ ਨਾਲ ਵਿਆਹ ਕਰ ਦਿੰਦੇ ਹਾਂ। ਅਸੀਂ ਬੱਚਿਆਂ ਨੂੰ ਉਨ੍ਹਾਂ ਦੀ ਮਾਨਸਿਕਤਾ ਜਾਣੇ ਬਗੈਰ, ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰ ਦਿੰਦੇ ਹਾਂ।
ਇਸ ਨਾਟਕ ਵਿੱਚ ਲੜਕੀ ਡਾਕਟਰ ਬਣ ਕੇ ਜ਼ਿੰਦਗੀ ਬਣਾਉਣਾ ਚਾਹੁੰਦੀ ਸੀ ਪਰ ਘਰਦਿਆਂ ਵੱਲੋਂ ਉਸ ਨੂੰ ਕੈਨੇਡਾ ਦੇ ਲਾਲਚ ਵਿੱਚ ਇੱਕ ਘੱਟ ਪੜ੍ਹੇ ਲਿਖੇ ਵਿਅਕਤੀ ਨਾਲ ਕੈਨੇਡਾ ਵਿਆਹ ਕਰ ਕੇ ਤੋਰ ਦਿੱਤਾ ਜਿੱਥੇ ਉਹ ਤਾਲਮੇਲ ਨਹੀਂ ਬਿਠਾ ਸਕੀ। ਇਹੋ ਹਾਲ ਲੜਕੇ ਦਾ ਹੋਇਆ ਜੋ ਬੇਹੱਦ ਮਾਨਸਿਕ ਪੀੜ ਭੋਗਦਾ ਹੈ। ਦੋਹਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਰਿਸ਼ਤੇ ਤਲਾਕ ਵਿੱਚ ਬਦਲ ਜਾਂਦੇ ਹਨ ਤੇ ਬੱਚੇ ਰੁਲ ਜਾਂਦੇ ਹਨ। ਇਸ ਨਾਟਕ ਦਾ ਨਿਰਦੇਸ਼ਨ ਕਮਾਲ ਦਾ ਸੀ ਤੇ ਅਦਾਕਾਰਾਂ ਦੀ ਪੇਸ਼ਕਾਰੀ ਵੀ ਬਹੁਤ ਵਧੀਆ ਸੀ। ਲਾਈਟ ਐਂਡ ਸਾਊਂਡ ਦੇ ਪ੍ਰਭਾਵ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਇਸ ਦਾ ਸੰਦੇਸ਼ ਹੀ ਇਹ ਸੀ ਕਿ ਸਾਨੂੰ ਇਸ ਤਰ੍ਹਾਂ ਦੇ ਫ਼ੈਸਲਿਆਂ ’ਤੇ ਹੁਣ ਵਿਰਾਮ ਲਾਉਣਾ ਚਾਹੀਦਾ ਹੈ।
ਦੂਸਰਾ ਨਾਟਕ ‘ਆਰਏਸੀ ਟਿਕਟ’ ਸੀ, ਜਿਸ ਵਿੱਚ ਇੱਕ ਲੜਕੀ ਦਾ ਮਨੋਵਿਗਿਆਨਕ ਦੁਖਾਂਤ ਪੇਸ਼ ਕੀਤਾ ਗਿਆ। ਇਸ ਦਾ ਸੰਦੇਸ਼ ਵੀ ਇਹ ਸੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਸੁਣਨਾ ਚਾਹੀਦਾ ਹੈ। ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਉਨ੍ਹਾਂ ਨੂੰ ਠੀਕ ਰਾਹ ਵਲ ਤੋਰ ਸਕੀਏ। ਇਹ ਨਾਟਕ ਥੋੜ੍ਹੇ ਪਾਤਰਾਂ ਨਾਲ ਵੱਡਾ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਸੀ। ਇਸ ਨਾਟਕ ਮੇਲੇ ਦਾ ਤੀਸਰਾ ਨਾਟਕ ਵੀ ਅੱਖਾਂ ਖੋਲ੍ਹਣ ਅਤੇ ਦਰਸ਼ਕਾਂ ਨੂੰ ਜਾਗਰੂਕ ਕਰਨ ਵਾਲਾ ਸੀ, ਜਿਸ ਦਾ ਨਾਮ ਸੀ ‘ਸਕੈਮ 2021’। ਇਹ ਸਕੈਮ ਕੈਨੇਡੀਅਨ ਜੀਵਨ ਦਾ ਇੱਕ ਅੰਗ ਬਣ ਚੁੱਕੇ ਹਨ। ਇਸ ਨਾਟਕ ਦੀ ਸਹਿਜ ਪੇਸ਼ਕਾਰੀ, ਸੰਖੇਪਤਾ ਤੇ ਸਯੁੰਕਤ ਪ੍ਰਭਾਵ ਨੇ ਵੀ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਤਿੰਨਾਂ ਨਾਟਕਾਂ ਦੇ ਲੇਖਕ ਅਤੇ ਨਿਰਦੇਸ਼ਕ ਸੁਚੱਜੀ ਤੇ ਕਲਾਤਮਕ ਪੇਸ਼ਕਾਰੀ ਲਈ ਵਧਾਈ ਦੇ ਹੱਕਦਾਰ ਹਨ।