ਸਪੀਕਰ ਨੇ ਕਟਹਿਰੇ ’ਚ ਖੜ੍ਹਾ ਕੀਤਾ ਮੁੱਖ ਮੰਤਰੀ
* ਵਿਰੋਧੀ ਧਿਰ ਨੇ ਸਰਕਾਰ ਨੂੰ ਅਮਨ-ਕਾਨੂੰਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਘੇਰਿਆ
* ਕੋਟਕਪੂਰਾ ਦੇ ਏਐੱਸਆਈ ਖ਼ਿਲਾਫ਼ ਡੀਜੀਪੀ ਤੋਂ ਰਿਪੋਰਟ ਮੰਗੀ
ਚਰਨਜੀਤ ਭੁੱਲਰ
ਚੰਡੀਗੜ੍ਹ, 2 ਸਤੰਬਰ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖ਼ੁਦ ਹੀ ਉਚੇਚੇ ਤੌਰ ’ਤੇ ਭ੍ਰਿਸ਼ਟਾਚਰ ਅਤੇ ਗੈਂਗਸਟਰਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ। ਵਿਰੋਧੀ ਧਿਰ ਨੇ ਵੀ ਇਸ ਮੌਕੇ ਨੂੰ ਹੱਥੋਂ ਖੁੰਝਣ ਨਾ ਦਿੱਤਾ ਅਤੇ ਸੂਬੇ ’ਚ ਅਮਨ-ਕਾਨੂੰਨ ਨੂੰ ਲੈ ਕੇ ਸਰਕਾਰ ਨੂੰ ਰਗੜੇ ਲਾਏ।
ਤਿੰਨ ਰੋਜ਼ਾ ਸੈਸ਼ਨ ਅੱਜ ਬਾਅਦ ਦੁਪਹਿਰ ਦੋ ਵਜੇ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਨਾਲ ਸ਼ੁਰੂ ਹੋਇਆ। ਬਿਜ਼ਨਸ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਅੱਜ ਸਦਨ ਅੰਦਰ ਵਿਧਾਨਕ ਕੰਮਕਾਰ ਕਰਨ ਦਾ ਫ਼ੈਸਲਾ ਲਿਆ ਗਿਆ, ਜਦੋਂ ਕਿ ਪਹਿਲਾਂ ਸਿਰਫ਼ ਸ਼ਰਧਾਂਜਲੀ ਸਮਾਗਮ ਹੋਣ ਮਗਰੋਂ ਹੀ ਬੈਠਕ ਖ਼ਤਮ ਹੋਣੀ ਸੀ। ਕਮੇਟੀ ਦੀ ਮੀਟਿੰਗ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਇਜਲਾਸ ਦਾ ਸਮਾਂ ਦਸ ਦਿਨ ਕਰਨ ਦੀ ਮੰਗ ਰੱਖੀ।
ਮੁੱਖ ਮੰਤਰੀ ਭਗਵੰਤ ਮਾਨ ਸਦਨ ’ਚ ਕੁੱਝ ਸਮਾਂ ਹਾਜ਼ਰ ਰਹੇ। ਉਨ੍ਹਾਂ ਦੀ ਗੈਰਮੌਜੂਦਗੀ ਵਿਚ ਸਿਫ਼ਰ ਕਾਲ ਦੌਰਾਨ ਸਪੀਕਰ ਨੇ ਥਾਣਾ ਸਿਟੀ ਕੋਟਕਪੂਰਾ ’ਚ ਏਐੱਸਆਈ ਬੋਹੜ ਸਿੰਘ ’ਤੇ ਦਰਜ ਐੱਫਆਈਆਰ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਗੈਂਗਸਟਰ ਤੋਂ ਰਿਸ਼ਵਤ ਲਈ ਸੀ ਪਰ ਉਸ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਪੀਕਰ ਨੇ ਹਾਕਮ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਇਹ ਜਾਣਨਾ ਚਾਹਿਆ ਕਿ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਅਤੇ ਖ਼ਾਸ ਕਰਕੇ ਏਐੱਸਆਈ ਖ਼ਿਲਾਫ਼ ਕੀ ਕਾਰਵਾਈ ਹੋ ਸਕਦੀ ਹੈ। ਸਪੀਕਰ ਨੇ ਸਦਨ ਤੋਂ ਸਹਿਮਤੀ ਲੈਣ ਮਗਰੋਂ ਏਐੱਸਆਈ ਦੇ ਮਾਮਲੇ ’ਚ ਡੀਜੀਪੀ ਤੋਂ ਮੰਗਲਵਾਰ ਸਵੇਰੇ 10 ਵਜੇ ਤੱਕ ਰਿਪੋਰਟ ਮੰਗ ਲਈ ਹੈ। ਇਸ ਮਾਮਲੇ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ।
ਸਪੀਕਰ ਨੇ ਜਿਵੇਂ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ, ਜੋ ਅਕਸਰ ਆਪਣੀ ਸਰਕਾਰ ਖ਼ਿਲਾਫ਼ ਜਨਤਕ ਤੌਰ ’ਤੇ ਬੋਲਦੇ ਹਨ, ਨੂੰ ਇਸ ਮਾਮਲੇ ’ਤੇ ਮਸ਼ਵਰਾ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ, ‘ਮੈਂ ਤਿਆਰੀ ਤਾਂ ਕਿਸੇ ਹੋਰ ਮੁੱਦੇ ’ਤੇ ਬੋਲਣ ਲਈ ਕਰਕੇ ਆਇਆ ਸੀ ਪਰ ਤੁਸੀਂ ਹੋਰ ਮਾਮਲੇ ’ਤੇ ਬੋਲਣ ਲਈ ਆਖ ਦਿੱਤਾ ਹੈ।’ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਇਸ ਨਤੀਜੇ ਉਪਰ ਪੁੱਜੇ ਹਨ ਕਿ ਸਿਸਟਮ ਨੂੰ ਮਾਫ਼ੀਆ ਚਲਾਉਂਦਾ ਹੈ ਅਤੇ ਇਸ ਮਾਫ਼ੀਆ ਰਾਜ ਨੂੰ ਬਰੇਕ ਕਰਕੇ ਹੀ ਸਮਾਜ ਵਿਚਲੀ ਹਰ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਏਐੱਸਆਈ ਨੂੰ ਤਾਂ ਅੱਧਾ ਘੰਟਾ ਵੀ ਸਰਵਿਸ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਪੁਲੀਸ ਥਾਣੇ ਵਿਚ ਆਪਣੇ ਫ਼ੋਨ ਤੋਂ ਇੰਟਰਵਿਊ ਕਰਾਉਣ ਵਾਲੇ ਐੱਸਪੀ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਤਾਰੀਫ਼ ਕਰਦਿਆਂ ਕਿਹਾ, ‘ਸਪੀਕਰ ਸਾਹਿਬ, ਤੁਸੀਂ ਏਨੇ ਚੰਗੇ ਹੋ ਅਤੇ ਏਨਾ ਚੰਗਾ ਤੁਹਾਡਾ ਅੱਜ ਮੂਡ ਹੈ, ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੀਆਂ ਕਾਲੀਆਂ ਭੇਡਾਂ ਖ਼ਿਲਾਫ਼ ਵੀ ਕਾਰਵਾਈ ਕਰਾਓ।’ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੁਲੀਸ ਵਿਚ ਕਾਲੀਆਂ ਭੇਡਾਂ ਹਨ ਅਤੇ ਹਰ ਥਾਣੇ ਵਿਚ ਅਜਿਹੇ ਦੋ-ਤਿੰਨ ਮੁਲਾਜ਼ਮ ਹਨ ਜੋ ਨਸ਼ੇੜੀ ਹਨ। ਉਨ੍ਹਾਂ ਕਿਹਾ ਕਿ ਜਦੋਂ ਪੁਲੀਸ ’ਤੇ ਕੋਈ ਕਾਰਵਾਈ ਹੋਣੀ ਹੁੰਦੀ ਹੈ ਤਾਂ ਪੁਲੀਸ ਦਾ ਮਨੋਬਲ ਡਿੱਗਣ ਦਾ ਬਹਾਨਾ ਬਣਾ ਦਿੱਤਾ ਜਾਂਦਾ ਹੈ ਪਰ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਮਨੋਬਲ ਦਾ ਕਿਸੇ ਨੂੰ ਫ਼ਿਕਰ ਨਹੀਂ ਹੈ। ਸਪੀਕਰ ਨੇ ਏਐੱਸਆਈ ਬੋਹੜ ਸਿੰਘ ਦੀ ਗੱਲ ਮੁੜ ਛੇੜਦਿਆਂ ਕਿਹਾ ਕਿ ਉਸ ਦੀ ਕਾਲ ਰਿਕਾਰਡਿੰਗ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਦੀ ਪਿੱਠ ’ਤੇ ਕਿਹੜਾ-ਕਿਹੜਾ ਆਗੂ ਖੜ੍ਹਾ ਹੈ। ਉਨ੍ਹਾਂ ਕਿਹਾ, ‘ਸਾਡੇ ’ਚ ਵੀ ਜੋ ਕਾਲੀਆਂ ਭੇਡਾਂ ਨੇ, ਉਨ੍ਹਾਂ ਦਾ ਪਤਾ ਲੱਗਣਾ ਚਾਹੀਦਾ ਹੈ।’ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਿਸੇ ਵਿਅਕਤੀਗਤ ਮਾਮਲੇ ਦੀ ਥਾਂ ’ਤੇ ਦੋਵੇਂ ਪਾਸੇ ਦੇ ਕੁੱਝ ਵਿਧਾਇਕਾਂ ਨੂੰ ਲੈ ਕੇ ਅਜਿਹਾ ਮੈਕੇਨਿਜ਼ਮ ਬਣਾ ਦਿੱਤਾ ਜਾਵੇ, ਜਿਸ ਨਾਲ ਕਰੱਪਟ ਲੋਕਾਂ ਦਾ ਪਤਾ ਲੱਗ ਸਕੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਪੀਕਰ ਨੂੰ ਰਿਪੋਰਟ ਮੰਗਣ ਲਈ ਸਦਨ ਦੀ ਸਹਿਮਤੀ ਦੀ ਲੋੜ ਨਹੀਂ ਹੈ। ਚੀਮਾ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ’ਤੇ ਕਿਹਾ ਕਿ ਇਹ ਮਾਮਲਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ।
ਮੈਨੂੰ ਦਿਖਾਇਓ ਮਾਈਨਿੰਗ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਪਰਗਟ ਸਿੰਘ ਵੱਲੋਂ ਉਠਾਏ ਮੁੱਦੇ ਦੇ ਜੁਆਬ ਵਿਚ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਦੇ ਮੁੱਦੇ ’ਤੇ ਗੰਭੀਰ ਹੈ ਅਤੇ ਜੰਗਲਾਤ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰਗਟ ਸਿੰਘ ਨੇ ਜਲੰਧਰ ਜ਼ਿਲ੍ਹੇ ਵਿਚ ਮਾਈਨਿੰਗ ਹੋਣ ਦਾ ਮੁੱਦਾ ਚੁੱਕਿਆ ਸੀ ਜਿਸ ਦੇ ਜੁਆਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲੰਧਰ ਆਉਣਗੇ ਅਤੇ ਖ਼ੁਦ ਉਨ੍ਹਾਂ (ਪਰਗਟ ਸਿੰਘ) ਨੂੰ ਨਾਲ ਲੈ ਕੇ ਸਾਈਟ ’ਤੇ ਜਾਣਗੇ। ਉਨ੍ਹਾਂ ਪਰਗਟ ਸਿੰਘ ਨੂੰ ਕਿਹਾ ਕਿ ‘ਮੈਨੂੰ ਦਿਖਾਇਓ ਮਾਈਨਿੰਗ, ਹਰ ਮਸਲੇ ਦਾ ਹੱਲ ਕਰਾਂਗੇ।’
ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ
ਸਦਨ ’ਚ ਅੱਜ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਦਨ ਨੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਸੁਰਜੀਤ ਸਿੰਘ ਕੋਹਲੀ, ਸਾਬਕਾ ਲੋਕ ਸਭਾ ਮੈਂਬਰ ਕਮਲ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ, ਆਜ਼ਾਦੀ ਘੁਲਾਟੀਏ ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਜਗਦੀਸ਼ ਪ੍ਰਸ਼ਾਦ, ਉੱਘੇ ਲੇਖਕ ਤੇ ਕਵੀ ਡਾ. ਸੁਰਜੀਤ ਪਾਤਰ, ‘ਸਪੋਕਸਮੈਨ’ ਅਖ਼ਬਾਰ ਦੇ ਸੰਸਥਾਪਕ ਜੋਗਿੰਦਰ ਸਿੰਘ, ‘ਪਹਿਰੇਦਾਰ’ ਅਖ਼ਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ, ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਮਾਤਾ ਜਸਬੀਰ ਕੌਰ ਲਾਲੀ ਅਤੇ ਪਤੀ ਸ਼ਰਨਜੀਤ ਸਿੰਘ ਮਾਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।