ਦੋਸਤੀ ਦੀ ਸੂਹੀ ਲਾਟ
ਡਾ. ਸੁਰਿੰਦਰ ਗਿੱਲ
ਜੀਵਨ ਮਾਤਾ-ਪਿਤਾ, ਦਾਦਾ-ਦਾਦੀ, ਭੈਣ-ਭਰਾ, ਮਾਸੀਆਂ, ਮਾਮੀਆਂ ਤੇ ਹੋਰ ਸਕਿਆਂ ਸਬੰਧੀਆਂ ਨਾਲ ਪਿਆਰਾ-ਪਿਆਰਾ ਤੇ ਆਪਣਾ-ਆਪਣਾ ਲੱਗਦਾ ਹੈ। ਦੋਸਤ, ਮਿੱਤਰ, ਸਹੇਲੀਆਂ ਇਸ ਨੂੰ ਹੋਰ ਵੀ ਸੁਹਾਵਣਾ ਤੇ ਦਿਲਚਸਪ ਬਣਾ ਦਿੰਦੇ ਹਨ। ਬਾਲਪਨ ਤੋਂ ਹੀ ਜਦੋਂ ਬੱਚਾ ਸੁਰਤ ਸੰਭਾਲਦਾ ਹੈ ਤਾਂ ਉਸ ਨੂੰ ਕੁਝ ਨਵੇਂ ਦੀ ਭਾਲ ਹੁੰਦੀ ਹੈ। ਇਹੀ ਕਾਰਨ ਹੈ ਕਿ ਉਸ ਨੂੰ ਆਪਣੇ ਘਰ ਦੇ ਜੀਆਂ ਨਾਲੋਂ ਬਾਹਰਲੇ ਹਾਣੀਆਂ ਬੇਲੀਆਂ ਜਾਂ ਸਹੇਲੀਆਂ ਦੀ ਸੰਗਤ ਬਹੁਤਾ ਆਨੰਦ ਦਿੰਦੀ ਹੈ। ਹਾਣੀਆਂ ਮਿੱਤਰਾਂ ਦੀ ਸੰਗਤ ਵਿੱਚ ਖੇਡਦੇ ਬੱਚੇ ਆਪਣਾ ਆਲਾ-ਦੁਆਲਾ, ਕੰਮਕਾਰ, ਸਕੂਲ ਦਾ ਕੰਮ ਭੁੱਲ-ਭੁਲਾ ਕੇ ਖੇਡ ਵਿੱਚ ਮਸਤ ਹੋ ਜਾਂਦੇ ਹਨ। ਉਨ੍ਹਾਂ ਨੂੰ ਤਾਂ ਆਪਣੀ ਭੁੱਖ-ਤੇਹ ਵੀ ਭੁੱਲ ਜਾਂਦੀ ਹੈ। ਮਾਵਾਂ ਹਾਕਾਂ ਮਾਰਦੀਆਂ ਰਹਿੰਦੀਆਂ ਹਨ, ਉਡੀਕਦੀਆਂ ਰਹਿੰਦੀਆਂ ਹਨ, ਪਰ ਖੇਡ ਵਿੱਚ ਭੁੱਖ ਕਿੱਥੇ? ਖੇਡਦਿਆਂ ਨੂੰ ਵਿਹਲ ਕਿੱਥੇ?
ਪਾਠਸ਼ਾਲਾ....। ਪਾਠਸ਼ਾਲਾ ਵਿੱਚ ਜਾ ਕੇ ਪਹਿਲੀ ਵਾਰ ਬੱਚੇ ਦਾ ਵਾਹ ਬਹੁਤ ਸਾਰੇ ਹਾਣੀਆਂ ਨਾਲ ਪੈਂਦਾ ਹੈ। ਇੱਥੇ ਆ ਕੇ ਪਈਆਂ ਨਿੱਕੀਆਂ-ਨਿੱਕੀਆਂ ਸਾਂਝਾਂ ਦੋਸਤੀ ਵਿੱਚ ਬਦਲ ਜਾਂਦੀਆਂ ਹਨ। ਇਹ ਦੋਸਤੀ ਵਰ੍ਹਿਆਂ ਤੱਕ ਨਿਭਦੀ ਹੈ। ਕਈ ਵਾਰ ਤਾਂ ਇਹ ਦੋਸਤੀ ਸਾਰੀ ਉਮਰ ਦੀ ਦੋਸਤੀ ਬਣ ਜਾਂਦੀ ਹੈੈ।
ਦੋਸਤੀ ਦਾ ਘੇਰਾ ਕਿਸੇ ਵਿਅਕਤੀ ਦੇ ਸੁਭਾਅ ਅਤੇ ਕਰਮ ਖੇਤਰ ’ਤੇ ਨਿਰਭਰ ਹੈ। ਕਿਸੇ ਵਿਅਕਤੀ ਦਾ ਕਰਮ ਖੇਤਰ ਜਿੰਨਾ ਵਿਸ਼ਾਲ ਹੋਵੇਗਾ ਓਨਾ ਹੀ ਵਿਸ਼ਾਲ ਤੇ ਮੋਕਲਾ ਉਸ ਦੇ ਦੋਸਤਾਂ ਦਾ ਘੇਰਾ ਹੋਵੇਗਾ।
ਪੁਰਾਤਨ ਸਮੇਂ ਵਿੱਚ ਪੁਰਾਣੇ ਦੋਸਤਾਂ ਨੂੰ ਅਰਥਾਤ ਬਹੁਤ ਚਿਰ ਪਹਿਲਾਂ ਦੇ ਬਣੇ ਦੋਸਤਾਂ ਨੂੰ ਅਮੁੱਲ, ਵਿਸ਼ਵਾਸਯੋਗ ਅਤੇ ਵਧੀਆ ਮੰਨਿਆ ਜਾਂਦਾ ਸੀ। ਉਦੋਂ ਪੁਰਾਣੇ ਦਾ ਅਰਥ ਸੀ, ਬਹੁਤ ਪਹਿਲਾਂ ਦਾ, ਵਰ੍ਹਿਆਂ ਤੋਂ ਨਿਭਦਾ ਆ ਰਿਹਾ ਦੋਸਤ, ਦੇਖਿਆ ਪਰਖਿਆ, ਪਤਿਆਇਆ ਹੋਇਆ, ਸੁਹਿਰਦ ਮਿੱੱਤਰ। ਪੁਰਾਣਾ ਸ਼ਹਿਦ ਜਾਂ ਪੁਰਾਣਾ ਮਾਖਿਉਂ ਵੀ ਉੱਤਮ ਤੇ ਗੁਣਕਾਰੀ ਮੰਨਿਆ ਜਾਂਦਾ ਹੈ। ਇਸੇ ਕਰਕੇ ਪੁਰਾਣੇ, ਹੰਢੇ-ਵਰਤੇ, ਸੁਹਿਰਦ ਤੇ ਪਿਆਰੇ ਦੋਸਤਾਂ ਨੂੰ ਵੀ ਪੁਰਾਣਾ ਮਾਖਿਉਂ ਕਿਹਾ ਜਾਂਦਾ ਸੀ। ਸ਼ਰਾਬ ਦੇ ਸ਼ੌਕੀਨ ਅੱਜ ਤਕ ਪੁਰਾਣੀ ਸ਼ਰਾਬ ਨੂੰ ਬਹੁਤ ਚਿਰ, ਬਹੁਤਾ ਅਤੇ ਨਿਰੰਤਰ ਸਰੂਰ ਦੇਣ ਵਾਲੀ ਸ਼ਰਾਬ ਮੰਨਦੇ ਹਨ। ਸ਼ਰਾਬ ਬਣਾਉਣ ਵਾਲੀਆਂ ਸੰਸਥਾਵਾਂ ਵੀ ਬੜੇ ਉਚੇਚ ਨਾਲ ਇਸ ਗੱਲ ਦਾ ਪ੍ਰਚਾਰ ਕਰਦੀਆਂ ਹਨ ਕਿ ਕਸ਼ੀਦ ਕਰਨ ਤੋਂ ਪਹਿਲਾਂ ਲਾਹਣ ਅਰਥਾਤ ਕੱਚੀ ਸਮੱਗਰੀ ਨੂੰ ਕਿੰਨੇ ਵਰ੍ਹੇ ਲੱਕੜੀ ਦੇ ਬੰਦ ਢੋਲਾਂ (ਬੈਰਲਜ਼) ਵਿੱਚ ਰੱਖਿਆ ਗਿਆ।
ਸਾਡੀਆਂ ਪੁਰਾਤਨ ਪ੍ਰੀਤ ਕਹਾਣੀਆਂ ਵਿੱਚ ਪ੍ਰੇਮੀ ਜਾਂ ਪ੍ਰੇਮਿਕਾ ਕਈ-ਕਈ ਵਰ੍ਹੇ ਆਪਣਾ ਪਿਆਰ ਨੇਪਰੇ ਚੜ੍ਹਨ ਦੀ ਉਡੀਕ ਕਰਦੇ ਦੱਸੇ ਗਏ ਹਨ। ਰਾਂਝਾ ਬਾਰਾਂ ਸਾਲ ਦਾ ਲੰਮਾ ਸਮਾਂ ਹੀਰ ਦੇ ਪਿਓ ਦੀਆਂ ਮੱਝਾਂ ਚਾਰਦਾ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਦਾ ਰਿਹਾ। ਫਰਿਹਾਦ ਨੇ ਆਪਣੀ ਪ੍ਰੇਮਿਕਾ ਸ਼ੀਰੀ ਦੀ ਪ੍ਰਾਪਤੀ ਵਾਸਤੇ ਸ਼ੀਰੀ ਦੇ ਪਿਤਾ ਅਤੇ ਸਮੇਂ ਦੇ ਰਾਜੇ ਵੱਲੋਂ ਲਗਾਈ ਸ਼ਰਤ ਪੂਰਨ ਵਾਸਤੇ ਤੇਸਾ ਚੁੱਕਿਆ ਅਤੇ ਨਿਰੰਤਰ ਲਗਨ ਤੇ ਮਿਹਨਤ ਨਾਲ ਪਹਾੜ ਕੱਟ-ਕੱਟ ਕੇ ਉਸ ਵਿੱਚੋਂ ਦੀ ਨਹਿਰ ਵਗਦੀ ਕਰਨ ਦਾ ਯਤਨ ਕੀਤਾ। ਅੱਜਕੱਲ੍ਹ ਪ੍ਰੇਮੀਆਂ ਪਾਸ ਐਨਾ ਸਮਾਂ ਅਤੇ ਸਿਰੜ ਕਿੱਥੇ?
ਸਾਡੇ ਸਮਿਆਂ ਵਿੱਚ ਸਥਿਤੀ ਬਦਲ ਗਈ ਹੈ। ਸਮਾਜ ਜਾਂ ਭਾਈਚਾਰਾ ਕੋਈ ਅਰਥ ਨਹੀਂ ਰੱਖਦਾ। ਪਰਿਵਾਰ, ਸਮਾਜ ਕੇਂਦਰਿਤ ਨਹੀਂ ਰਹੇ। ਇਸ ਤੋਂ ਵੀ ਅਗਾਂਹ ਇੱਕ ਹੀ ਪਰਿਵਾਰ ਦੇ ਜੀਅ ਪਰਿਵਾਰ ਕੇਂਦਰਿਤ ਨਹੀਂ ਸਗੋਂ ਸਵੈ-ਕੇਂਦਰਿਤ ਹੋ ਗਏ ਹਨ। ਸਵੈ-ਕੇਂਦਰਿਤ ਵਿਅਕਤੀ ਕਦੇ ਮਿੱਤਰ ਨਹੀਂ ਹੋ ਸਕਦਾ। ਮਿੱਤਰ ਬਣਨ ਵਾਸਤੇ ਦੂਜੇ ਪ੍ਰਤੀ ਮੋਹ ਦੀ ਲੋੜ ਹੈ। ਮਿੱਤਰਤਾ ਹੈ ਹੀ ਆਪਣੇ ਸਵੈ ਤੋਂ ਵੱਧ ਆਪਣੇ ਮਿੱਤਰ ਦੇ ਹਿੱਤ ਵਿੱਚ ਸੋਚਣਾ, ਜਾਣਨਾ ਤੇ ਕਰਨਾ। ਮੇਲ-ਮਿਲਾਪ ਵਾਲੇ ਲੋਕਾਂ ਵਿੱਚੋਂ ਕੋਈ ਵਿਅਕਤੀ ਵਿਸ਼ੇਸ਼ ਆਪਣਾ-ਆਪਣਾ ਤੇ ਚੰਗਾ-ਚੰਗਾ ਜਾਪਦਾ ਹੈ, ਵਿਚਾਰ-ਵਟਾਂਦਰਾ ਹੁੰਦਾ ਹੈ, ਵਿਚਾਰਾਂ ਦੀ ਸਾਂਝ ਸਾਨੂੰ ਇੱਕ-ਦੂਜੇ ਦੇ ਨੇੜੇ ਲੈ ਆਉਂਦੀ ਹੈ। ਜਦੋਂ ਕੋਈ ਦੋ ਜਾਂ ਵੱਧ ਵਿਅਕਤੀ ਇੱਕ-ਦੂਜੇ ਪ੍ਰਤੀ ਸੰਸਾਰਕ ਲੇਖੇ-ਜੋਖੇ ਤੇ ਗਿਣਤੀਆਂ ਮਿਣਤੀਆਂ ਤੋਂ ਉੱਪਰ ਉੱਠ ਕੇ ਸੋਚਦੇ ਤੇ ਵਰਤਦੇ ਵਿਚਰਦੇ ਹਨ ਤਾਂ ਦੋਸਤੀ ਦਾ ਜਨਮ ਹੁੰਦਾ ਹੈ।
ਆਧੁਨਿਕ ਯੁੱਗ ਵਿੱਚ ਨਿੱਜੀ ਸਵਾਰਥ ਤੋਂ ਅਲੱਗ ਹੋਣਾ ਜਾਂ ਉੱਚਾ ਉੱਠਣਾ ਬਹੁਤ ਕਠਿਨ ਹੈ। ਨਿੱਜੀ ਸਵਾਰਥ ਤੋਂ ਉੱਚਾ ਉੱਠਣਾ ਕਠਿਨ ਕਾਰਜ ਹੈ ਤਾਂ ਦੋਸਤੀ ਨਿਭਣੀ ਅਸੰਭਵ ਹੈ। ਇਹੀ ਕਾਰਨ ਹੈ ਕਿ ਅੱਜਕੱਲ੍ਹ ਦੋਸਤੀ ਪੈਣੀ ਸੁਖਾਲੀ ਪਰ ਨਿਭਣੀ ਅਤਿ-ਕਠਨ ਹੈ। ਦੋਸਤੀ ਨਿਭ ਜਾਣੀ ਜਾਂ ਸਿਰੇ ਲੱਗਣੀ ਕੋਈ ਵਿਰਲੀ-ਟਾਵੀਂ ਉਦਾਹਰਣ ਬਣ ਕੇ ਰਹਿ ਗਈ ਹੈ। ਦੋਸਤੀ ਸ਼ਬਦ ਦੇ ਅਰਥ ਨਿਰਾਰਥ ਹੋ ਰਹੇ ਹਨ। ਨਿੱਤ ਨਵੇਂ ਦਿਨ ਪੁਰਾਣੇ ਦੋਸਤ ਪੁਰਾਣੀ ਅਖ਼ਬਾਰ ਵਾਂਗ ਨੀਰਸ ਅਤੇ ਬੇਲੋੜੇ ਜਿਹੇ ਜਾਪਣ ਲੱਗ ਜਾਂਦੇ ਹਨ ਅਤੇ ਨਵੇਂ ਦਿਨ ਦੀ ਨਵੀਂ ਤਾਜ਼ੀ ਅਖ਼ਬਾਰ ਵਾਂਗ ਨਵੇਂ ਦੋਸਤ ਪ੍ਰਵੇਸ਼ ਕਰ ਜਾਂਦੇ ਹਨ।
ਦੋਸਤੀ ਕਿਵੇਂ ਪੈਂਦੀ ਹੈ? ਕੋਈ ਢੰਗ-ਤਰੀਕਾ? ਦੋਸਤੀ ਪਾਈ ਨਹੀਂ ਜਾਂਦੀ, ਦੋਸਤੀ ਹੋ ਜਾਂਦੀ ਹੈ, ਦੋਸਤੀ ਪੈ ਜਾਂਦੀ ਹੈ। ਅੱਜਕੱਲ੍ਹ ਵਪਾਰ, ਕਾਰੋਬਾਰ, ਰਾਜਨੀਤੀ, ਸਮਾਜਿਕ ਸਬੰਧਾਂ ਤੇ ਹੋਰ ਸਵਾਰਥਾਂ ਨੂੰ ਮੁੱਖ ਰੱਖ ਕੇ ਜਾਣਕਾਰੀ ਵਧਾਈ ਜਾਂਦੀ ਹੈ ਅਤੇ ਫਿਰ ਜਾਣਕਾਰੀ ਨੂੰ ਦੋਸਤੀ ਦਾ ਨਾਂ ਦੇਣ ਦੇ ਯਤਨ ਕੀਤੇ ਜਾਂਦੇ ਹਨ। ਹੋਰ ਤਾਂ ਹੋਰ ਪਿਆਰ ਜਾਂ ਮੁਹੱਬਤ ਦੇ ਸੂਖ਼ਮ ਰਿਸ਼ਤੇ ਵੀ ਸਹਿਵਨ ਨਾ ਹੋ ਕੇ ਜ਼ੋਰ ਜਾਂ ਢੰਗ-ਤਰੀਕਿਆਂ ਨਾਲ ਬਣਾਏ ਜਾਂਦੇ ਹਨ। ਢੋਂਗ ਰਚਾਇਆ ਜਾਂਦਾ ਹੈ। ਸਮਾਜਿਕ ਇੱਕਠਾਂ, ਚਾਹ ਪਾਰਟੀਆਂ, ਕਿੱਟੀ ਪਾਰਟੀਆਂ ਅਤੇ ਦਾਰੂ ਦੀਆਂ ਮਹਿਫ਼ਲਾਂ ਵਿੱਚ ਸਾਧਾਰਨ ਜਾਣਕਾਰੀ ਨੂੰ ਕਥਿਤ ਦੋਸਤੀ ਵਿੱਚ ਬਦਲਣ ਦੇ ਯਤਨਾਂ ਹਿੱਤ ਓਪਰਾ ਵਿਖਾਵਾ ਕੀਤਾ ਜਾਂਦਾ ਹੈ। ਸਵਾਰਥ ਸੌਰ ਜਾਣ ਅਤੇ ਮਤਲਬ ਹੱਲ ਹੋ ਜਾਣ ਪਿੱਛੋਂ ‘ਤੂੰ ਕੌਣ! ਮੈਂ ਕੌਣ!’ ਅਜਿਹੇ ਵੇਲੇ ਕਿਸੇ ਇੱਕ ਘਾਟੇਵੰਦੀ ਧਿਰ ਨੂੰ ਰੇਡੀਓ, ਟੈਲੀਵਿਜ਼ਨ ਜਾਂ ਉੱਚ ਬੋਲੇ ’ਤੇ ਵੱਜਦਾ ਪੁਰਾਣਾ ਚਗਲਿਆ ਹੋਇਆ ਫਿਲਮੀ ਗਾਣਾ ਯਾਦ ਆਉਂਦਾ ਹੈ, ‘ਮਤਲਬ ਨਿਕਲ ਗਿਆ ਤੋਂ ਪਹਿਚਾਨਤੇ ਨਹੀਂ।’
ਦੋਸਤੀ ਟੁੱਟ ਜਾਣਾ ਜਾਂ ਕਿਸੇ ਇੱਕ ਧਿਰ ਦਾ ਪਿੱਛੇ ਹਟ ਜਾਣਾ ਤਾਂ ਸਾਧਾਰਨ ਗੱਲ ਹੈ। ਪਰ ਕਈ ਵਾਰ ਟੁੱਟਦੀ-ਟੁੱਟਦੀ ਟੁੱਟ ਗਈ ਇਹ ਦੋਸਤੀ ਚਰਚਾ, ਬਦਨਾਮੀ, ਕਲੇਸ਼, ਲੜਾਈ ਅਤੇ ਬਿਪਤਾ ਦੀ ਜੜ੍ਹ ਬਣ ਜਾਂਦੀ ਹੈ। ਤਾਹਨੇ, ਮਿਹਣੇ, ਇਲਜ਼ਾਮ ਲਾਏ ਲਵਾਏ ਜਾਂਦੇ ਹਨ।
ਸਾਥੋਂ ਪਹਿਲੀ ਪੀੜ੍ਹੀ ਜਾਂ ਪਹਿਲੀ ਪੁਸ਼ਤ ਦੇ ਲੋਕਾਂ ਦੀ ਦੋਸਤੀ ਦਾ ਘੇਰਾ ਬੜਾ ਸੀਮਤ ਹੁੰਦਾ ਸੀ, ਪਰ ਉਨ੍ਹਾਂ ਦੀ ਦੋਸਤੀ ਹੁੰਦੀ ਸੀ ਪੱਕੀ, ਸੁਹਿਰਦ, ਬੇਗਰਜ਼, ਨਿਸ਼ਕਪਟ। ਮੈਨੂੰ ਯਾਦ ਹੈ, ਮੇਰੇ ਬਚਪਨ ਸਮੇਂ ਮੇਰੇ ਬਾਪੂ ਜੀ ਸ. ਸੌਦਾਗਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਇੱਕ ਦੋਸਤ ਗੁਰਬਚਨ ਸਿੰਘ ਢਿੱਲੋਂ ਦੀ ਦੋਸਤੀ। ਮੈਂ ਸਕੂਲ ਦਾ ਵਿਦਿਆਰਥੀ ਸੀ। ਮੇਰੇ ਬਾਪੂ ਜੀ ਸਕੂਲ ਅਧਿਆਪਕ ਸਨ ਅਤੇ ਅਸੀਂ ਸਾਡੇ ਪਿੰਡ ਰੂੰਮੀ ਤਹਿਸੀਲ ਜਗਰਾਉਂ (ਲੁਧਿਆਣਾ) ਵਿਖੇ ਰਹਿੰਦੇ ਸੀ। ਉਸ ਸਮੇਂ ਸਾਡੇ ਘਰ ਮੇਰੇ ਬਾਪੂ ਜੀ ਨੂੰ ਮਿਲਣ ਵਾਲੇ ਕਾਫ਼ੀ ਲੋਕ ਆਉਂਦੇ। ਉਨ੍ਹਾਂ ਦੇ ਬਚਪਨ ਦੇ ਸਹਿਪਾਠੀਆਂ ਤੋਂ ਲੈ ਕੇ ਉਨ੍ਹਾਂ ਦੇ ਸਹਿਕਰਮੀ ਸਾਥੀਆਂ ਤੱਕ। ਬਹੁਤੇ ਮੇਲੀ-ਗੇਲੀ ਅਧਿਆਪਕ ਹੀ ਹੁੰਦੇ ਪਰ ਕੁਝ ਉਨ੍ਹਾਂ ਦੇ ਬਹੁਤ ਹੀ ਨੇੜਲੇ ਮਿੱਤਰ ਸਨ, ਦੁੱਖ-ਸੁੱਖ ਦੀ ਸਾਂਝ ਵਾਲੇ। ਕਿਸੇ ਵੀ ਸਮੱਸਿਆ ਸਮੇਂ ਨਾਲ ਖੜ੍ਹਨ ਵਾਲੇ। ਰਾਇ ਲੈਣ ਅਤੇ ਸਲਾਹ ਦੇਣ ਵਾਲੇ ਉਨ੍ਹਾਂ ਦੋ ਦੋਸਤਾਂ ਨੂੰ ਤਾਂ ਮੈਂ ਕਦੇ ਵੀ ਨਹੀਂ ਭੁਲਾ ਸਕਦਾ। ਗੁਰਬਚਨ ਸਿੰਘ ਢਿੱਲੋਂ ਪਿੰਡ ਚੀਮਨਾ (ਜਗਰਾਉਂ) ਅਤੇ ਖੁਸ਼ਹਾਲ ਸਿੰਘ ਪਿੰਡ ਜੰਡਿਆਲੀ (ਅਹਿਮਦਗੜ੍ਹ ਮੰਡੀ) ਦੋਵੇਂ ਮੇਰੇ ਬਾਪੂ ਜੀ ਤੋਂ ਉਮਰ ਵਿੱਚ ਥੋੜ੍ਹੇ ਵੱਡੇ ਸਨ। ਇਸ ਲਈ ਦੋਵਾਂ ਨੂੰ ਮੈਂ ਤਾਇਆ ਜੀ ਕਹਿੰਦਾ।
ਤਾਇਆ ਜੀ ਗੁਰਬਚਨ ਸਿੰਘ ਢਿੱਲੋਂ ਤੇ ਮੇਰੇ ਬਾਪੂ ਜੀ ਸਰਕਾਰੀ ਹਾਈ ਸਕੂਲ ਜਗਰਾਉਂ ਵਿਖੇ ਪਹਿਲੀ ਤੋਂ ਦਸਵੀਂ ਜਮਾਤ ਤੱਕ ਇਕੱਠੇ ਪੜ੍ਹਦੇ ਰਹੇ ਸਨ। ਸ਼ਾਇਦ 1933 ਜਾਂ 1934 ਵਿੱਚ ਉਨ੍ਹਾਂ ਨੇ ਉੱਥੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਬਾਪੂ ਜੀ ਸਾਡੇ ਪਿੰਡ ਰੂੰਮੀ ਤੋਂ ਛੇ ਮੀਲ ਅਰਥਾਤ 10 ਕਿਲੋਮੀਟਰ ਪੈਦਲ ਤੁਰ ਕੇ ਸਕੂਲ ਜਾਂਦੇ ਅਤੇ ਸ. ਢਿੱਲੋਂ ਤਕਰੀਬਨ ਏਨੀ ਵਾਟ ਕਰਕੇ ਚੀਮਨਿਆਂ ਤੋਂ। ਦੋਵੇਂ ਪਿੰਡ ਪਰਸਪਰ ਵਿਰੋਧੀ ਦਿਸ਼ਾਵਾਂ ਵੱਲ ਹਨ। ਮੈਟ੍ਰਿਕ ਪਾਸ ਕਰਕੇ ਬਾਪੂ ਜੀ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਜੇ.ਏ.ਵੀ. ਦੀ ਟ੍ਰੇਨਿੰਗ ਲੈ ਕੇ ਅਧਿਆਪਕ ਬਣ ਗਏ ਅਤੇ ਤਾਇਆ ਜੀ ਫ਼ੌਜ ਵਿੱਚ ਸਿਪਾਹੀ ਭਰਤੀ ਹੋ ਗਏ।
ਉਹ ਅਫ਼ਸਰ ਬਣੇ ਅਤੇ ਆਨਰੇਰੀ ਕੈਪਟਨ ਦੇ ਰੂਪ ਵਿੱਚ ਪੈਨਸ਼ਨ ਆਏ। ਫ਼ੌਜ ਦੀ ਨੌਕਰੀ ਸਮੇਂ ਤਾਇਆ ਜੀ ਛੁੱਟੀ ਆਉਂਦੇ ਤਾਂ ਹਮੇਸ਼ਾ ਮਿਲਣ ਆਉਂਦੇ। ਦੋਵਾਂ ਦਾ ਚਿੱਠੀ-ਪੱਤਰ ਤਾਂ ਸਾਰੀ ਉਮਰ ਨਿਰੰਤਰ ਹੁੰਦਾ ਰਿਹਾ। 18 ਅਪਰੈਲ 1970 ਦੇ ਅਭਾਗੇ ਦਿਨ ਇੱਕ ਨਿੱਕੇ ਜਿਹੇ ਅਪਰੇਸ਼ਨ ਸਮੇਂ ਡਾਕਟਰਾਂ ਦੀ ਅਣਗਹਿਲੀ ਕਾਰਨ ਮੇਰੇ ਬਾਪੂ ਜੀ ਸਦਾ ਦੀ ਨੀਂਦ ਸੌਂ ਗਏ। ਖ਼ਬਰ ਸੁਣ ਕੇ ਤਾਇਆ ਜੀ ਸਾਡੇ ਘਰ ਆਏ ਤੇ ਮੈਨੂੰ ਗਲ ਲਾ ਕੇ ਉੱਚੀ-ਉੱਚੀ ਭੁੱਬਾਂ ਮਾਰ ਕੇ ਰੋਏ। ਕੁਝ ਵਰ੍ਹਿਆਂ ਪਿੱਛੋਂ ਆਪ ਵੀ ਚਲਾਣਾ ਕਰ ਗਏ। ਉਨ੍ਹਾਂ ਦੀ ਸਾਰੀ ਉਮਰ ਦੀ ਦੋਸਤੀ ਵਿੱਚ ਇੱਕ ਵੀ ਤਿਊੜੀ ਜਾਂ ਤਰੇੜ ਨਹੀਂ ਪਈ। ਇਸੇ ਤਰ੍ਹਾਂ ਬਾਪੂ ਜੀ ਅਤੇ ਤਾਇਆ ਜੀ ਖ਼ੁਸ਼ਹਾਲ ਸਿੰਘ ਦੀ ਸਾਂਝ ਵੀ ਸਾਰੀ ਉਮਰ ਬਣੀ ਰਹੀ।
ਅਜੋਕੇ ਤਣਾਅਗ੍ਰਸਤ ਜੀਵਨ ਵਿੱਚ ਅਜਿਹੀ ਦੋਸਤੀ ਦੀ ਉਦਾਹਰਣ ਘੱਟ ਹੀ ਮਿਲਦੀ ਹੈ। ਵਿਅਕਤੀਗਤ ਉੱਨਤੀ ਦੇ ਚਿੱਕੜ ਅਤੇ ਸਵਾਰਥਾਂ ਦੀਆਂ ਤੇਜ਼ ਹਨੇਰੀਆਂ ਵਿੱਚ ਦੋਸਤੀ ਦੀ ਸੂਹੀ ਲਾਟ ਦਿਨ ਪ੍ਰਤੀ ਦਿਨ ਬੁੱਝਦੀ ਜਾਂਦੀ ਨਜ਼ਰ ਆਉਂਦੀ ਹੈ।
ਸੰਪਰਕ: 99154-73505