ਫਿਰੌਤੀ ਮੰਗਣ ਦੀ ਘਟਨਾ ਸਬੰਧੀ ਐੱਸਪੀ ਨੂੰ ਮਿਲੇ ਵਪਾਰੀ
ਪੱਤਰ ਪ੍ਰੇਰਕ
ਜੀਂਦ, 28 ਸਤੰਬਰ
ਇੱਥੇ ਵਪਾਰੀ ਵਿਨੋਦ ਜਿੰਦਲ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਸਲੇ ਨੂੰ ਲੈ ਕੇ ਵਪਾਰੀਆਂ ਦਾ ਵਫ਼ਦ ਐੱਸਪੀ ਸੁਮਿਤ ਕੁਮਾਰ ਨੂੰ ਮਿਲਿਆ। ਉਨ੍ਹਾਂ ਵਪਾਰੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ। ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਮਹਾਂਵੀਰ ਕੰਪਿਊਟਰ ਦੀ ਅਗਵਾਈ ਵਿੱਚ ਆਈਡੀ ਗੋਇਲ, ਰਾਜ ਕੁਮਾਰ ਗੋਇਲ, ਚੰਦ ਜੈਨ, ਅਨੀਸ਼ ਬਾਂਸਲ, ਪ੍ਰਵੀਨ ਜਿੰਦਲ, ਪੀੜਤ ਵਿਨੋਦ ਜਿੰਦਲ, ਸ਼ਾਮ ਸੁੰਦਰ ਗੋਇਲ, ਰਾਕੇਸ਼ ਸਿੰਗਲ ਅਤੇ ਸੁਭਮ ਆਸਰੀ ਸ਼ਾਮਲ ਸਨ। ਜ਼ਿਲ੍ਹਾ ਪ੍ਰਧਾਨ ਮਹਾਂਵੀਰ ਕੰਪਿਊਟਰ ਨੇ ਐੱਸਪੀ ਨੂੰ ਕਿਹਾ ਕਿ ਵਪਾਰੀਆਂ ਨੂੰ ਮੁਲਜ਼ਮਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਜੀਂਦ ਦੇ ਵਪਾਰੀ ਵਿਨੋਦ ਜਿੰਦਲ ਤੋਂ ਫੋਨ ’ਤੇ ਪਹਿਲਾਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਸਬੰਧੀ ਪੁਲੀਸ ਨੇ ਕੇਸ ਤਾਂ ਦਰਜ ਕਰ ਲਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਮੁਲਜ਼ਮਾਂ ਨੇ ਫੋਨ ’ਤੇ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਮੰਗਣੀ ਸੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਕਾਰਨ ਵਪਾਰੀਆਂ ਵਿੱਚ ਰੋਸ ਹੈ। ਐੱਸਪੀ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵਫ਼ਦ ਨੇ ਸ਼ਹਿਰ ਵਿੱਚ ਗਸ਼ਤ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਪੁਲੀਸ ਅਧਿਕਾਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਹਫ਼ਤੇ ਤੱਕ ਮੁਲਜ਼ਮ ਨਾ ਫੜੇ ਗਏ ਤਾਂ ਫਿਰ ਵਪਾਰੀ ਚੋਣਾਂ ਤੋਂ ਪਹਿਲਾਂ ਹੀ ਆਪਣਾ ਸੰਘਰਸ਼ ਸ਼ੁਰੂ ਕਰ ਦੇਣਗੇ।
ਪੁਲੀਸ ਦੀ ਜਾਂਚ ਮੁਹਿੰਮ ਤਹਿਤ 63 ਟੀਮਾਂ ਨੇ 16 ਮੁਲਜ਼ਮ ਫੜੇ
ਜੀਂਦ (ਪੱਤਰ ਪ੍ਰੇਰਕ): ਪੁਲੀਸ ਮਹਾਂ-ਨਿਰਦੇਸ਼ਕ ਸ਼ਤਰੁਜੀਤ ਕਪੂਰ ਦੇ ਹੁਕਮਾਂ ਤਹਿਤ ਜੀਂਦ ਦੇ ਐੱਸਪੀ ਸੁਮਿਤ ਕੁਮਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੀਆਂ 63 ਟੀਮਾਂ ਦਾ ਗਠਨ ਕਰਕੇ ਆਪ੍ਰੇਸ਼ਨ ਅਭਿਆਨ ਚਲਾਇਆ ਗਿਆ। ਇਸ ਵਿੱਚ 63 ਟੀਮਾਂ ਨੇ ਵੱਖ-ਵੱਖ ਮਾਮਲਿਆਂ ਅਤੇ ਥਾਵਾਂ ’ਤੇ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ, ਨਾਜਾਇਜ਼ ਅਸਲਾ ਰੱਖਣ, ਮੋਟਰਸਾਈਕਲ ਚੋਰ, ਨਾਜਾਇਜ਼ ਸਰਾਬ, ਨਸ਼ੀਲੀ ਵਸਤੂਆਂ ਰੱਖਣ ਦੇ ਦੋਸ਼ ਹੇਠ 16 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ 11 ਦੇ ਖ਼ਿਲਾਫ਼ ਕੇਸ ਦਰਜ ਕਰ ਲਏ ਹਨ। ਪੀਆਰਓ ਅਮਿਤ ਕੁਮਾਰ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ ਦੋ ਦੇਸ਼ੀ ਪਿਸਤੌਲ 12 ਬੋਰ, ਦੋ ਕਾਰਤੂਸ, 172 ਬੋਤਲ ਨਾਜਾਇਜ਼ ਸ਼ਰਾਬ, 780 ਲਿਟਰ ਲਾਹਨ ਅਤੇ ਚੋਰੀ ਕੀਤੀਆਂ ਮੋਟਰਸਾਈਕਲਾਂ ਤੋਂ ਇਲਾਵਾ ਖੇਤਾਂ ਵਿੱਚੋਂ ਚੋਰੀ ਕੀਤਾ ਸਾਮਾਨ ਵੀ ਬਰਾਮਦ ਕੀਤਾ ਹੈ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਰਿਮਾਂਡ ਉੱਤੇ ਲਿਆ ਗਿਆ ਹੈ।