ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਕੁਲਵਿੰਦਰ ਕੌਰ
ਫਰੀਦਾਬਾਦ, 28 ਸਤੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਵੱਲੋਂ ਅੱਜ ਸਵੇਰੇ ਸ਼ਹੀਦ ਦੇ ਬੁੱਤ ਉੱਤੇ ਫੁੱਲਾਂ ਦੇ ਹਾਰ ਪਾਏ ਗਏ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਸਮਰਥਕ ਹਾਜ਼ਰ ਸਨ। ਸਭ ਨੇ ਮਿਲ ਕੇ ‘ਇਨਕਲਾਬ ਜ਼ਿੰਦਾਬਾਦ’ ਤੇ ‘ਸ਼ਹੀਦ ਭਗਤ ਸਿੰਘ ਅਮਰ ਰਹੇ’ ਦੇ ਨਾਅਰੇ ਲਾਏ। ਉਨ੍ਹਾਂ ਭਗਤ ਸਿੰਘ ਚੌਕ ਵਿੱਚ ਨਾਲ ਲੱਗੇ ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ’ਤੇ ਵੀ ਫੁੱਲ ਭੇਟ ਕੀਤੇ।
ਇਸ ਤੋਂ ਪਹਿਲਾਂ ਵਿਜੈ ਪ੍ਰਤਾਪ ਸਿੰਘ ਵੱਲੋਂ ਪਾਰਟੀ ਦੇ ਡਾਕਟਰਾਂ ਦੇ ਵਿੰਗ ਵੱਲੋਂ ਰੇਲਵੇ ਰੋਡ ਉਤੇ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਬੜਖਲ ਵਿਧਾਨ ਸਭਾ ਹਲਕੇ ਵਿੱਚ ਟਰੌਮਾ ਸੈਂਟਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਧਰਮ ਨਿਰਪੱਖ ਅਤੇ ਨੌਜਵਾਨਾਂ ਦੀ ਤਰਜਮਾਨੀ ਕਰਦੀ ਸਰਕਾਰ ਸੂਬੇ ਵਿੱਚ ਬਣਾਉਣ ਲਈ ਵੋਟਰ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ। ਉਨ੍ਹਾਂ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਅਜਿਹਾ ਵੀ ਵਾਪਰ ਸਕਦਾ ਹੈ ਕਿ ਸੱਤਾਧਾਰੀ ਭਾਜਪਾ ਦੇ ਉਮੀਦਵਾਰਾਂ ਵੱਲੋਂ ਖ਼ੁਦ-ਬ-ਖ਼ੁਦ ਆਪਣੇ ਉਪਰ ਹਮਲਾ ਕਰਵਾ ਕੇ ਕਾਂਗਰਸ ’ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਇਸ ਲਈ ਫਰੀਦਾਬਾਦ ਜ਼ਿਲ੍ਹੇ ਦੇ ਲੋਕ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰੀ ਬਾਦਸ਼ਾਹ ਖ਼ਾਨ ਹਸਪਤਾਲ ਤੋਂ ਜ਼ਿਆਦਾਤਰ ਉਮੀਦਵਾਰ ਦਿੱਲੀ ਦੇ ਸਫਦਰਜੰਗ ਹਸਪਤਾਲ ਜਾਂ ਏਮਸ ਨੂੰ ਭੇਜ ਦਿੱਤੇ ਜਾਂਦੇ ਹਨ। ਇਸ ਰੁਝਾਨ ਨੂੰ ਠੱਲ੍ਹਣ ਲਈ ਟਰਾਮਾ ਕੇਂਦਰ ਦੀ ਸ਼ਹਿਰ ਨੂੰ ਬਹੁਤ ਲੋੜ ਹੈ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਆਗੂ ਗੁਲਸ਼ਨ ਬੱਗਾ, ਆਰ ਖੱਤਰੀ ਅਤੇ ਦੁਰਗਾ ਹੋਮਿਓਪੈਥੀ ਦੇ ਪ੍ਰਬੰਧਕਾਂ, ਗਾਂਧੀ ਕਲੋਨੀ ਤੋਂ ਅਰਜਨ ਸਿੰਘ, ਬੱਲਭਗੜ੍ਹ ਤੋਂ ਬਲਜੀਤ ਕੌਸ਼ਿਕ ਨੁੱਕੜ ਸਭਾ ਵਿੱਚ ਸ਼ਾਮਲ ਹੋਏ।