For the best experience, open
https://m.punjabitribuneonline.com
on your mobile browser.
Advertisement

ਮੁਸ਼ਕਲਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ: ਮੋਦੀ

07:55 AM Oct 12, 2024 IST
ਮੁਸ਼ਕਲਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਓਸ ਦੇ ਵੀਏਂਤਿਆਨੇ ’ਚ ਪੂਰਬੀ ਏਸ਼ੀਆ ਸੰਮੇਲਨ ਵਿੱਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ
Advertisement

ਵੀਏਂਤਿਆਨੇ (ਲਾਓਸ), 11 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਵੱਖ ਵੱਖ ਹਿੱਸਿਆਂ ’ਚ ਜਾਰੀ ਜੰਗਾਂ ਦਾ ਸਭ ਤੋਂ ਨਾਂਹਪੱਖੀ ਅਸਰ ਆਲਮੀ ਦੱਖਣ ਦੇ ਮੁਲਕਾਂ ’ਤੇ ਪੈਣ ਦਾ ਜ਼ਿਕਰ ਕਰਦਿਆਂ ਅੱਜ ਯੂਰੇਸ਼ੀਆ ਤੇ ਪੱਛਮੀ ਏਸ਼ੀਆ ’ਚ ਫੌਰੀ ਸ਼ਾਂਤੀ ਅਤੇ ਸਥਿਰਤਾ ਬਹਾਲੀ ਦਾ ਸੱਦਾ ਦਿੱਤਾ। ਮੋਦੀ ਲਾਓਸ ’ਚ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾਂ ’ਚ ਹਿੱਸਾ ਲੈਣ ਮਗਰੋਂ ਵਤਨ ਲਈ ਰਵਾਨਾ ਹੋ ਗਏ। ਮੋਦੀ ਨੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਸ਼ਕਲਾਂ ਦਾ ਹੱਲ ਜੰਗ ਦੇ ਮੈਦਾਨ ’ਚੋਂ ਨਹੀਂ ਨਿਕਲ ਸਕਦਾ ਹੈ। ਖ਼ਿੱਤੇ ’ਚ ਚੀਨ ਦੇ ਵਧਦੇ ਹਮਲਾਵਰ ਰੁਖ਼ ਦਰਮਿਆਨ ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦ, ਮੁਕਤ, ਖੁਸ਼ਹਾਲ ਅਤੇ ਨਿਯਮ ਆਧਾਰਿਤ ਹਿੰਦ-ਪ੍ਰਸ਼ਾਂਤ ਪੂਰੇ ਖ਼ਿੱਤੇ ’ਚ ਸ਼ਾਂਤੀ ਅਤੇ ਪ੍ਰਗਤੀ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਦੱਖਣੀ ਚੀਨ ਸਾਗਰ ’ਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਪੂਰੇ ਹਿੰਦ-ਪ੍ਰਸ਼ਾਂਤ ਖ਼ਿੱਤੇ ਦੇ ਹਿੱਤ ’ਚ ਹੈ। ਮੋਦੀ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਸਮੁੰਦਰੀ ਗਤੀਵਿਧੀਆਂ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ ਤਹਿਤ ਹੋਣੀਆਂ ਚਾਹੀਦੀਆਂ ਹਨ। ਨੇਵੀਗੇਸ਼ਨ ਅਤੇ ਹਵਾਈ ਖੇਤਰ ਦੀ ਆਜ਼ਾਦੀ ਯਕੀਨੀ ਬਣਾਉਣਾ ਜ਼ਰੂਰੀ ਹੈ। ਇਕ ਮਜ਼ਬੂਤ ਅਤੇ ਅਸਰਅੰਦਾਜ਼ ਜ਼ਾਬਤਾ ਕਾਇਮ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਮੁਲਕਾਂ ਦਾ ਨਜ਼ਰੀਆ ਵਿਸਥਾਰਵਾਦੀ ਨਹੀਂ ਵਿਕਾਸਵਾਦੀ ਹੋਣਾ ਚਾਹੀਦਾ ਹੈ। ਖੇਤਰੀ ਅਖੰਡਤਾ ਅਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਯਕੀਨ ਬਣਾਉਣ ਦਾ ਹੋਕਾ ਦਿੰਦਿਆਂ ਉਨ੍ਹਾਂ ਗੱਲਬਾਤ ਅਤੇ ਕੂਟਨੀਤੀ ’ਤੇ ਵਧੇਰੇ ਜ਼ੋਰ ਦੇਣ ਲਈ ਕਿਹਾ। ਮੋਦੀ ਨੇ ਕਿਹਾ ਕਿ ਅਤਿਵਾਦ ਆਲਮੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਚੁਣੌਤੀ ਹੈ ਅਤੇ ਇਸ ਦੇ ਟਾਕਰੇ ਲਈ ਮਨੁੱਖਤਾ ’ਚ ਭਰੋਸਾ ਰੱਖਣ ਵਾਲੀਆਂ ਤਾਕਤਾਂ ਨੂੰ ਰਲ ਕੇ ਕੰਮ ਕਰਨਾ ਹੋਵੇਗਾ। ਆਪਣੇ ਸੰਬੋਧਨ ਦੇ ਸ਼ੁਰੂ ’ਚ ਪ੍ਰਧਾਨ ਮੰਤਰੀ ਨੇ ‘ਤੂਫ਼ਾਨ ਯਾਗੀ’ ਨਾਲ ਦੱਖਣ-ਪੂਰਬੀ ਏਸ਼ੀਆ ’ਚ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਅਫ਼ਸੋਸ ਜਤਾਇਆ। ਉਨ੍ਹਾਂ ਕਿਹਾ ਕਿ ਆਸੀਆਨ ਭਾਰਤ ਦੇ ਹਿੰਦ-ਪ੍ਰਸ਼ਾਂਤ ਦ੍ਰਿਸ਼ਟੀਕੋਣ ਅਤੇ ਕੁਆਡ ਸਹਿਯੋਗ ’ਚ ਅਹਿਮੀਅਤ ਰਖਦਾ ਹੈ। ਉਨ੍ਹਾਂ ਮਿਆਂਮਾਰ ਦੀ ਹਮਾਇਤ ਲਈ ਪੰਜ ਨੁਕਾਤੀ ਸੁਝਾਅ ਦੀ ਹਮਾਇਤ ਕੀਤੀ। -ਪੀਟੀਆਈ

Advertisement

ਮੋਦੀ ਵੱਲੋਂ ਨਾਲੰਦਾ ਯੂਨੀਵਰਸਿਟੀ ’ਚ ਸੰਮੇਲਨ ਲਈ ਆਲਮੀ ਆਗੂਆਂ ਨੂੰ ਸੱਦਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਏਸ਼ੀਆ ਸਮਿਟ (ਈਏਐੱਸ) ਮੁਲਕਾਂ ਨੂੰ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ’ਚ ਹੋਣ ਵਾਲੇ ਉਚੇਰੀ ਸਿੱਖਿਆ ਸੰਮੇਲਨ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਸਰਕਾਰੀ ਬਿਆਨ ’ਚ ਸੰਮੇਲਨ ਦੀ ਤਰੀਕ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਮੋਦੀ ਨੇ ਜੂਨ ’ਚ ਨਾਲੰਦਾ ਯੂਨੀਵਰਿਸਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਸੀ। -ਪੀਟੀਆਈ

Advertisement

ਮੋਦੀ ਨੇ ਲਾਓਸ, ਥਾਈਲੈਂਡ, ਨਿਊਜ਼ੀਲੈਂਡ ਅਤੇ ਜਪਾਨ ਦੇ ਆਗੂਆਂ ਨੂੰ ਦਿੱਤੇ ਤੋਹਫ਼ੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਓਸ ਦੇ ਦੋ ਰੋਜ਼ਾ ਦੌਰੇ ਦੌਰਾਨ ਵੱਖ ਵੱਖ ਵੱਖ ਆਗੂਆਂ ਨਾਲ ਮੀਟਿੰਗਾਂ ਕਰਕੇ ਦੁਵੱਲੇ ਸਬੰਧ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਮੋਦੀ ਨੇ ਲਾਓਸ, ਥਾਈਲੈਂਡ, ਨਿਊਜ਼ੀਲੈਂਡ ਅਤੇ ਜਪਾਨ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਤੋਹਫ਼ੇ ਵੀ ਭੇਟ ਕੀਤੇ। ਉਨ੍ਹਾਂ ਨਿਊਜ਼ੀਲੈਂਡ ਦੇ ਆਪਣੇ ਹਮਰੁਤਬਾ ਕ੍ਰਿਸਟੋਫਰ ਲਕਸਨ ਨੂੰ ਚਾਂਦੀ ਦੇ ਦੋ ਸ਼ਾਹੀ ਲੈਂਪ ਭੇਟ ਕੀਤੇ। ਪ੍ਰਧਾਨ ਮੰਤਰੀ ਨੇ ਲਾਓਸ ਦੇ ਰਾਸ਼ਟਰਪਤੀ ਥੌਂਗਲੁਨ ਸਿਸੁਲਿਥ ਨੂੰ ਤੋਹਫ਼ੇ ’ਚ ਪਿੱਤਲ ਦੀ ਬੁੱਧ ਦੀ ਮੂਰਤੀ ਦਿੱਤੀ। ਉਨ੍ਹਾਂ ਸਿਸੁਲਿਥ ਦੀ ਪਤਨੀ ਨੈਲੀ ਸਿਸੁਲਿਥ ਨੂੰ ਗੁਜਰਾਤ ਦੀ ਸਡੇਲੀ ਸ਼ਿਲਪ ਕਲਾ ਦੇ ਇਕ ਬਕਸੇ ’ਚ ਪਾਟਨ ਪਟੋਲਾ ਸਕਾਰਫ ਭੇਟ ਕੀਤਾ। ਉਨ੍ਹਾਂ ਲਾਓਸ ਦੇ ਪ੍ਰਧਾਨ ਮੰਤਰੀ ਸੋਨੇਕਸੇ ਸਿਫਾਨਡੋਨ ਨੂੰ ਕਦਮ ਦੀ ਲੱਕੜ ਨਾਲ ਬਣੀ ਬੁੱਧ ਦੀ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਊਠ ਦੀ ਹੱਡੀ ਤੇ ਮੈਲਾਕਾਈਟ ਨਾਲ ਬਣਿਆ ਬਕਸਾ ਦਿੱਤਾ ਜਿਸ ’ਤੇ ਰਾਧਾ-ਕ੍ਰਿਸ਼ਨ ਦੀ ਤਸਵੀਰ ਉਕਰੀ ਹੋਈ ਹੈ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨੂੰ ਮੋਦੀ ਨੇ ਮੋਰ ਦੀ ਚਾਂਦੀ ਦੀ ਕਲਾਕ੍ਰਿਤ ਭੇਟ ਕੀਤੀ।

Advertisement
Author Image

sukhwinder singh

View all posts

Advertisement