ਗ਼ਦਰੀ ਬਾਬਿਆਂ ਦੇ ਮੇਲੇ ’ਚੋਂ ਆਵੇਗੀ ਸ਼ਹੀਦਾਂ ਦੀ ਮਿੱਟੀ ਦੀ ਮਹਿਕ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਅਕਤੂਬਰ
ਦੇਸ਼ ਭਗਤ ਯਾਦਗਾਰ ਹਾਲ ਵਿੱਚ 30 ਅਕਤੂਬਰ ਤੋਂ ਲੱਗਣ ਵਾਲੇ ਤਿੰਨ ਦਿਨਾਂ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਲੱਗ ਰਹੀ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਈ ਬੇਟੀ ਸਾਰਾ ਖਟਕੜ ਕਲਾਂ ਤੋਂ ਲਿਆਂਦੀ ਮਿੱਟੀ ਨਾਲ ਤਿਆਰ ਕੀਤੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੈ ਕੇ ਆਈ। ਆਪਣੀ ਧੀ ਸਾਰਾ ਨਾਲ ਦੇਸ਼ ਭਗਤ ਯਾਦਗਾਰ ਹਾਲ ਪਹੁੰਚੇ ਵਰੁਨ ਟੰਡਨ ਨੇ ਕਿਹਾ ਕਿ ਇਹ ਤਸਵੀਰ ਨਿਵੇਕਲੀ ਹੈ। ਸਾਰੇ ਪ੍ਰਬੰਧਕਾਂ ਨੇ ਮਹਿਸੂਸ ਕੀਤਾ ਕਿ ਮੇਲੇ ’ਚੋਂ ਸ਼ਹੀਦਾਂ ਦੀ ਮਿੱਟੀ ਦੀ ਮਹਿਕ ਆਵੇਗੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਭਿਆਚਾਰਕ ਵਿੰਗ ਦੇ ਕਾਮਿਆਂ ਨੇ ਸਾਰਾ ਦੀ ਹੌਸਲਾਅਫ਼ਜਾਈ ਕੀਤੀ। ਇਹ ਪਿਓ-ਧੀ ਜ਼ਲ੍ਹਿਆਂਵਾਲਾ ਬਾਗ਼ ਤੋਂ ਵੀ ਮਿੱਟੀ ਲੈ ਕੇ ਆਏ ਹਨ। ਉਸ ਮਿੱਟੀ ਨਾਲ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਚਿੱਤਰਕਲਾ ਪ੍ਰਦਰਸ਼ਨੀ ’ਚ ਸੁਸ਼ੋਭਿਤ ਹੋਏਗੀ। ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਵਿੱਚ ਗੁਰਦੀਸ਼ ਜਲੰਧਰ, ਗੁਰਪ੍ਰੀਤ ਆਰਟਿਸਟ ਬਠਿੰਡਾ, ਰਵਿੰਦਰ ਰਵੀ ਲੁਧਿਆਣਾ, ਸਵਰਨਜੀਤ ਸਵੀ ਲੁਧਿਆਣਾ, ਇੰਦਰਜੀਤ ਸਿੰਘ ਜਲੰਧਰ, ਰਣਜੋਧ ਲੁਧਿਆਣਾ ਰਣਦੀਪ ਮੱਦੋਕੇ ਅਤੇ ਪੀਪਲਜ਼ ਵਾਇਸ ਵੱਲੋਂ ਆਰਟ ਫੋਟੋਗਰਾਫ਼ਸ ਅਤੇ ਚਿੱਤਰ ਪ੍ਰਦਰਸ਼ਨੀ ਵੇਖਣ ਆਉਣ ਵਾਲਿਆਂ ਦੇ ਮਨਾਂ ਅੰਦਰ ਸੂਖ਼ਮ ਸੰਵਾਦ ਦੀ ਹਲਚਲ ਪੈਦਾ ਕਰਨਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਸਾਰਾ ਦਿਨ ਦੇਸ਼ ਭਗਤ ਯਾਦਗਾਰ ਹਾਲ ’ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਚਿਤ੍ਰਕਲਾ ਪ੍ਰਦਰਸ਼ਨੀ ਦੇ ਕਨਵੀਨਰ ਵਿਜੈ ਬੰਬੇਲੀ, ਪੇਂਟਿੰਗ ਮੁਕਾਬਲੇ ਦੇ ਕਨਵੀਨਰ ਡਾ. ਸੈਲੇਸ਼, ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਤਿਆਰੀ ਕਮੇਟੀ ਦੇ ਆਗੂ ਪ੍ਰੋ. ਤੇਜਿੰਦਰ ਵਿਰਲੀ, ਲੰਗਰ, ਰਿਹਾਇਸ਼ ਅਤੇ ਦੇਖ-ਰੇਖ ਦੇ ਕਨਵੀਨਰ ਰਣਜੀਤ ਸਿੰਘ ਔਲਖ ਤੋਂ ਇਲਾਵਾ ਸਭਿਆਚਾਰਕ ਵਿੰਗ ਨਾਲ਼ ਜੁੜੇ ਤੇਜਿੰਦਰ, ਬੱਬੀ, ਪਰਮਜੀਤ ਸਿੰਘ ਕਲਸੀ, ਪ੍ਰੋ. ਨਿਰਮਲਾ, ਬਿਮਲਾ, ਸਾਹਿਲ, ਪੁਸ਼ਕਰ, ਜਸਬੀਰ ਜੱਸੀ, ਡਾ. ਹਰਜੀਤ, ਕੁਲਵੰਤ ਕਾਕਾ, ਗੁਰਦੀਪ, ਸੁਰਿੰਦਰ ਖੀਵਾ ਅਤੇ ਸਾਥੀ ਸਮੇਤ ਦੇਸ਼ ਭਗਤ ਯਾਦਗਾਰ ਹਾਲ ਦਾ ਸਟਾਫ਼ ਮੇਲੇ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਜੁਟੇ ਰਹੇ।