ਭਰਵੇਂ ਮੀਂਹ ਨਾਲ ਸਮਾਰਟ ਸਿਟੀ ਹੋਈ ਜਲ-ਥਲ
ਗਗਨਦੀਪ ਅਰੋੜਾ
ਲੁਧਿਆਣਾ, 5 ਜੁਲਾਈ
ਭਰਵੇਂ ਮੀਂਹ ਨੇ ਅੱਜ ਸਮਾਰਟ ਸਿਟੀ ਦਾ ਬੁਰਾ ਹਾਲ ਕਰ ਦਿੱਤਾ। ਅੱਜ ਸਵੇਰ ਤੋਂ ਦੁਪਹਿਰ ਤੱਕ ਪਈ 81.6 ਐੱਮਐੱਮ ਬਾਰਿਸ਼ ਨੇ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਨੇ ਦੇ ਜਲਦੀ ਪਾਣੀ ਦੀ ਨਿਕਾਸੀ ਹੋਣ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਅਤੇ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਉਧਰ, ਕੋਟ ਮੰਗਲ ਸਿੰਘ ਨਗਰ ਇਲਾਕੇ ’ਚ ਟਿਊਬਵੈੱਲ ਦਾ ਲੋਹੇ ਦਾ ਸ਼ੈੱਡ ਡਿੱਗਣ ਨਾਲ 2 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲੋਕਾਂ ਨੇ ਸ਼ੈੱਡ ਹੇਠੋਂ ਕੱਢਿਆ ਤੇ ਜ਼ਖਮੀਆਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਉਧਰ, ਗੋਬਿੰਦ ਨਗਰ ਸਥਿਤ ਸਮਾਰਟ ਸਕੂਲ ਦੀ ਕੰਧ ਡਿੱਗ ਗਈ। ਜਿਸ ਕਾਰਨ ਕੰਧ ਕਿਨਾਰੇ ਖੜ੍ਹੀਆਂ ਗੱਡੀਆਂ ਹੇਠਾਂ ਆ ਕੇ ਦੱਬ ਗਈਆਂ।
ਮੀਂਹ ਬੁੱਧਵਾਰ ਦੀ ਸਵੇਰੇ 9 ਵਜੇ ਸ਼ੁਰੂ ਹੋ ਗਿਆ। ਇੱਕਦਮ ਤੇਜ਼ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੱਤੀ, ਪਰ ਮੌਨਸੂਨ ਦਾ ਪਹਿਲਾਂ ਮੀਂਹ ਕਈ ਲੋਕਾਂ ਲਈ ਆਫ਼ਤ ਬਣ ਗਿਆ। ਰੇਲਵੇ ਸਟੇਸ਼ਨ ਦਾ ਜੀਆਰਪੀ ਥਾਣੇ ਤੋਂ ਲੈ ਕੇ ਕਮਿਸ਼ਨਰ ਆਫ਼ ਪੁਲੀਸ ਦੇ ਦਫ਼ਤਰ ’ਚ ਵੀ ਪਾਣੀ ਭਰਿਆ ਰਿਹਾ। ਜੀਆਰਪੀ ਥਾਣਾ ਕਾਫ਼ੀ ਥੱਲੇ ਬਣਿਆ ਹੋਇਆ ਹੈ, ਜਿਸ ਕਾਰਨ ਹੇਠਲੇ ਇਲਾਕੇ ’ਚ ਪਾਣੀ ਆ ਗਿਆ ਤੇ ਪੁਲੀਸ ਮੁਲਾਜ਼ਮਾਂ ਲਈ ਮੁਸੀਬਤ ਬਣੀ ਰਹੀ। ਉਧਰ ਚੌੜਾ ਬਾਜ਼ਾਰ ਤੋਂ ਲੈ ਕੇ ਸ਼ਹਿਰ ਦੇ ਰੇਲਵੇ ਸਟੇਸ਼ਨ ਰੋਡ ਤੇ ਮਾਧੋਪੁਰੀ ਇਲਾਕੇ ’ਚ ਤਾਂ ਮੀਂਹ ਕਾਰਨ ਦੁਕਾਨਾਂ ਖੁੱਲ੍ਹੀਆਂ ਹੀ ਨਹੀਂ। ਪਾਣੀ ਭਰਨ ਕਾਰਨ ਦੁਕਾਨਦਾਰਾਂ ਨੂੰ ਦੁਕਾਨਾਂ ਤੱਕ ਪੁੱਜਣ ਦਾ ਰਸਤਾ ਨਹੀਂ ਮਿਲਿਆ। ਜਿਸ ਕਾਰਨ ਉਨ੍ਹਾਂ ਨੂੰ ਵਾਪਸ ਆਉਣਾ ਪਿਆ। ਦੁਕਾਨਦਾਰ ਸੰਜੀਵ ਕੁਮਾਰ, ਜਸਪਾਲ ਸਿੰਘ ਬੰਟੀ ਤੇ ਜਸਮੀਤ ਸਿੰਘ ਮੱਕੜ ਨੇ ਦੱਸਿਆ ਕਿ ਚੌੜਾ ਬਾਜ਼ਾਰ ’ਚ ਮੀਂਹ ਦੇ ਕਾਰਨ ਪਾਣੀ ਭਰਨ ਦੀ ਸਮੱਸਿਆ ਪਹਿਲਾਂ ਤੋਂ ਹੀ ਹੈ। ਕਈ ਵਾਰ ਸਰਕਾਰ ਨੂੰ ਕਿਹਾ ਗਿਆ, ਪਰ ਕੋਈ ਫਾਇਦਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਚੌੜਾ ਬਾਜ਼ਾਰ ਦੇ ਨਾਲ ਨਾਲ ਡਵੀਜ਼ਨ ਨੰਬਰ 3, ਮਾਧੋਪੁਰੀ ਇਲਾਕੇ ’ਚ ਸੀਵਰੇਜ਼ ਓਵਰਫਲੋਅ ਦੇ ਕਾਰਨ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਦੁਕਾਨ ਨਾ ਤਾਂ ਉਹ ਦੁਕਾਨਾਂ ਖੋਲ੍ਹ ਪਾ ਰਹੇ ਹਨ ਤੇ ਨਾ ਹੀ ਕੋਈ ਕੰਮ ਹੋ ਰਿਹਾ ਹੈ।
ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਭਰਿਆ
ਮੌਨਸੂਨ ਦੇ ਪਹਿਲੇ ਮੀਂਹ ਨਾਲ ਹੀ ਸ਼ਹਿਰ ਦੇ ਕਈ ਇਲਾਕਿਆਂ ’ਚ ਮੀਂਹ ਦਾ ਪਾਣੀ ਭਰ ਗਿਆ। ਕਈ ਇਲਾਕਿਆਂ ’ਚ ਸੀਵਰੇਜ ਫੇਲ੍ਹ ਹੋਣ ਕਾਰਨ ਸਮੱਸਿਆ ਆਈ। ਸ਼ਹਿਰ ਦੇ ਜਨਕਪੁਰੀ, ਗਊਸ਼ਾਲਾ ਰੋਡ, ਕੁੰਦਨਪੁਰੀ, ਚੰਦਰ ਨਗਰ, ਹੈਬੋਵਾਲ, ਚਾਂਦ ਸਿਨੇਮਾ, ਗਿੱਲ ਰੋਡ ਸਮੇਤ ਕਈ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਫਿਰੋਜ਼ਪੁਰ ਰੋਡ ’ਤੇ ਉਸਾਰੀ ਅਧੀਨ ਹਿੱਸੇ ’ਚ ਪਾਣੀ ਨਿਕਲਣ ਦਾ ਕੋਈ ਹੱਲ ਨਾ ਹੋਣ ਕਾਰਨ ਸੜਕ ਦਾ ਇੱਕ ਵੱਡਾ ਹਿੱਸਾ ਮੀਂਹ ਦੇ ਪਾਣੀ ਨਾਲ ਭਰ ਗਿਆ। ਇਨ੍ਹਾਂ ਇਲਾਕਿਆਂ ’ਚ ਪਾਣੀ ਭਰਨ ਕਾਰਨ ਟਰੈਫਿਕ ਦੀ ਸਮੱਸਿਆ ਜ਼ਿਆਦਾ ਰਹੀ। ਡੀਐੱਮਸੀ ਰੋਡ ਤੋਂ ਲੈ ਕੇ ਕਈ ਇਲਾਕਿਆਂ ’ਚ ਟਰੈਫਿਕ ਜਾਮ ਰਿਹਾ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।