ਦਾਣਾ ਮੰਡੀ ਵਿੱਚ ਗੂੰਜੇ ਮਜ਼ਦੂਰਾਂ ਦੇ ਨਾਅਰੇ
ਪੱਤਰ ਪ੍ਰੇਰਕ
ਬੋਹਾ, 24 ਅਗਸਤ
ਨਿਊ ਉਸਾਰੀ ਮਜ਼ਦੂਰ, ਮਿਸਤਰੀ ਯੂਨੀਅਨ ਆਜ਼ਾਦ ਵੱਲੋਂ ਦਾਣਾ ਮੰਡੀ ਬੋਹਾ ਵਿੱਚ ਰੈਲੀ ਕੀਤੀ ਗਈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਇਹ ਲੋਕ ਏਕਤਾ ਦੀ ਜਿੱਤ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਵਿਰੋਧ ਨੂੰ ਦੇਖ ਸਰਕਾਰੀ ਕਾਲਜਾਂ ਦੇ ਨਿਜੀਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਰੰਗਲਾ ਪੰਜਾਬ ਬਣਾਉਣ ਦੇ ਨਾਅਰੇ ਮਾਰਨ ਵਾਲੀ ‘ਆਪ’ ਨੇ ਫੋਕੀ ਇਸ਼ਤਿਹਾਰਬਾਜ਼ੀ ਕਰਨ ਤੋਂ ਬਿਨਾਂ ਕੁੱਝ ਨਹੀਂ ਕੀਤੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਹਲਕਾ ਇੰਚਾਰਜ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਸ਼ਹਿਰ ਅੰਦਰ ਵੱਖ ਵੱਖ ਪਿੰਡਾਂ ਤੋਂ ਉਸਾਰੀ ਦਾ ਕੰਮ ਕਰਨ ਆਉਂਦੇ ਸੈਂਕੜੇ ਮਜ਼ਦੂਰਾਂ ਲਈ ਖੜ੍ਹਨ ਤੇ ਬੈਠਣ ਲਈ ਕੋਈ ਢੁੱਕਵੀਂ ਥਾਂ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਬੋਹਾ ਮਜ਼ਦੂਰਾਂ ਲਈ ਜਗ੍ਹਾ ਅਲਾਟ ਕਰਕੇ ਦੇਵੇ । ਇਸ ਮੌਕੇ 31 ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਰੈਲੀ ਨੂੰ ਗੁਰਜੰਟ ਸਿੰਘ ਕ੍ਰਿਸ਼ਨ ਕੁਮਾਰ, ਕਰਨੈਲ ਸਿੰਘ,ਕਾਲਾ ਸਿੰਘ, ਵਜ਼ੀਰ ਸਿੰਘ, ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।