ਡੀਨ ਅਕਾਦਮਿਕ ਦਫ਼ਤਰ ਦੇ ਬਾਹਰ ਗੂੰਜੇ ਗੈਸਟ ਪ੍ਰੋਫੈਸਰਾਂ ਦੇ ਨਾਅਰੇ
ਪੱਤਰ ਪ੍ਰੇਰਕ
ਪਟਿਆਲਾ, 22 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਪ੍ਰੋਫੈਸਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਗਾ ਦਿੱਤਾ ਹੈ। ਕੁਝ ਦਿਨ ਪਹਿਲਾ ਇਨ੍ਹਾਂ ਪ੍ਰੋਫੈਸਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਰਹਾਇਸ਼ ਦਾ ਘਿਰਾਓ ਕੀਤਾ ਗਿਆ ਸੀ। ਇਸ ਮੌਕੇ ਪੰਜਾਬ ਤੋਂ ਲੋਕ ਪੱਖੀ ਜਥੇਬੰਦੀਆਂ ਨੇ ਵੀ ਉਨ੍ਹਾਂ ਦੀ ਹਮਾਇਤ ਕੀਤੀ ਸੀ।
ਆਗੂਆਂ ਨੇ ਇੱਥੇ ਬੋਲਦਿਆਂ ਕਿਹਾ ਕਿ ਗੈਸਟ ਪ੍ਰੋਫੈਸਰਾਂ ਵੱਲੋਂ ਕੁਝ ਦਿਨ ਪਹਿਲਾ ਪੰਜਾਬੀ ਯੂਨੀਵਰਸਿਟੀ ਅਥਾਰਿਟੀ ਵਿਰੁੱਧ ਵੀ ਸੰਕੇਤਕ ਧਰਨਾ ਲਗਾਇਆ ਸੀ। ਉਨ੍ਹਾਂ ਕਿਹਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਨੇਬਰਹੁੱਡ ਕੈਂਪਸ ਵਿੱਚ ਮੁੜ ਤੋਂ ਇੰਟਰਵਿਊ ਕਰਾਉਣ ਦੇ ਫ਼ੈਸਲੇ ਨੇ ਵੱਖ ਵੱਖ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ 250 ਤੋਂ ਜ਼ਿਆਦਾ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਇਹ ਪ੍ਰੋਫੈਸਰ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਕਾਲਜਾਂ ਵਿੱਚ ਕੰਮ ਕਰ ਰਹੇ ਹਨ। ਬਹੁਤ ਸਾਰੇ ਪ੍ਰੋਫੈਸਰ 10-10 ਸਾਲਾਂ ਤੋਂ ਪੜ੍ਹਾ ਰਹੇ ਹਨ ਅਤੇ ਹੁਣ ਉਹ ਹੋਰ ਨੌਕਰੀਆਂ ’ਚ ਵੀ ਨਹੀਂ ਜਾ ਸਕਦੇ। ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਅਤੇ ਪ੍ਰੋਫੈਸਰਾਂ ਨੂੰ ਯੂਜੀਸੀ ਦੇ ਨਿਯਮਾਂ ਦੇ ਅਨੁਸਾਰ ਉੱਕਾ ਪੁੱਕਾ ਬੇਸਿਕ ਤਨਖ਼ਾਹ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੰਗ ਨਾ ਮੰਨਣ ’ਤੇ ਯੂਨੀਵਰਸਿਟੀ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਗਟ ਸਿੰਘ, ਵਿਪਨ ਗੋਇਲ, ਡਾਕਟਰ ਹਰਵਿੰਦਰ ਸਿੰਘ, ਮੀਨੂੰ ਰਾਣੀ ਅਤੇ ਅਮਨਦੀਪ ਹਾਜ਼ਰ ਸਨ।